ਸਾਬਕਾ ਫ਼ੌਜੀ ਬਜ਼ੁਰਗ ਜੀਤ ਸਿੰਘ ਅਤੇ ਗੁਰਮੁਖ ਸਿੰਘ ਦੀ ਜ਼ਮਾਨਤ ਹੋਈ ਮਨਜ਼ੂਰ
ਸਾਬਕਾ ਫ਼ੌਜੀ ਬਜ਼ੁਰਗ ਜੀਤ ਸਿੰਘ ਅਤੇ ਗੁਰਮੁਖ ਸਿੰਘ ਦੀ ਜ਼ਮਾਨਤ ਹੋਈ ਮਨਜ਼ੂਰ
ਨਵੀਂ ਦਿੱਲੀ, 12 ਫਰਵਰੀ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਕਮੇਟੀ ਦੀ ਲੀਗਲ ਸੈਲ ਟੀਮ ਤੇ ਸੀਨੀਅਰ ਵਕੀਲਾਂ ਦੇ ਯਤਨਾਂ ਸਦਕਾ 26 ਜਨਵਰੀ ਨੂੰ ਗਿ੍ਫ਼ਤਾਰ ਕੀਤੇ ਗਏ ਦੋ ਬਜ਼ੁਰਗ ਸਿੱਖਾਂ ਦੀ ਜ਼ਮਾਨਤ ਮਨਜ਼ੂਰ ਹੋ ਗਈ ਹੈ ਜਦਕਿ ਇਕ ਕੇਸ ਵਿਚ ਨੌਦੀਪ ਕੌਰ ਦੀ ਵੀ ਜ਼ਮਾਨਤ ਮਨਜ਼ੂਰ ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਸਿਆ ਕਿ ਸੰਗਰੂਰ ਦੇ 80 ਸਾਲਾ ਬਜ਼ੁਰਗ ਜੀਤ ਸਿੰਘ ਤੇ ਫ਼ਤਿਹਗੜ ਸਾਹਿਬ ਦੇ 70 ਸਾਲਾ ਗੁਰਮੁਖ ਸਿੰਘ ਦੀ ਜ਼ਮਾਨਤ ਅਦਾਲਤ ਨੇ ਮਨਜ਼ੂਰ ਕਰ ਲਈ ਹੈ, ਇਹ ਦੋਵੇਂ ਸਿੱਖ ਸਾਬਕਾ ਫ਼ੌਜੀ ਹਨ | ਉਨ੍ਹਾਂ ਨੇ ਦਸਿਆ ਕਿ ਇਨ੍ਹਾਂ ਦੀ ਜ਼ਮਾਨਤ ਕਰਵਾਉਣ ਵਿਚ ਦਿੱਲੀ ਕਮੇਟੀ ਦੇ ਲੀਗਲ ਸੈਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ ਤੇ ਐਡਵੋਕੇਟ ਰਮੇਸ਼ ਗੁਪਤਾ, ਰਾਕੇਸ਼ ਚਾਹਰ, ਜਸਪ੍ਰੀਤ ਰਾਏ, ਕਪਿਲ ਮਦਾਨ, ਪ੍ਰਤੀਕ ਕੋਹਲੀ, ਜਸਪ੍ਰੀਤ ਢਿੱਲੋਂ, ਗੁਰਮੁੱਖ ਸਿੰਘ, ਸੰਕਲਪ ਕੋਹਲੀ, ਸਤੀਸ਼ ਸੋਲੰਕੀ ਤੇ ਵੀਰ ਸੰਧੂ ਦਾ ਵੱਡਾ ਯੋਗਦਾਨ ਹੈ | ਉਨ੍ਹਾਂ ਦਸਿਆ ਕਿ ਅਗਲੇ ਹਫ਼ਤੇ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮਾਨਤਾਂ ਦੀ ਅਦਾਲਤਾਂ 'ਚ ਸੁਣਵਾਈ ਹੈ ਤੇ ਉਮੀਦ ਹੈ ਕਿ ਗਿ੍ਫ਼ਤਾਰ ਕਿਸਾਨਾਂ ਵਿਚੋਂ 60 ਫ਼ੀ ਸਦੀ ਦੀਆਂ ਜ਼ਮਾਨਤਾਂ ਮਨਜ਼ੂਰ ਹੋ ਜਾਣਗੀਆਂ | ਉਨ੍ਹਾਂ ਨੇ ਦਸਿਆ ਕਿ ਨੌਦੀਪ ਕੌਰ ਦੀ ਸੋਨੀਪਤ ਦੀ ਇਕ ਕੇਸ ਵਿਚ ਜ਼ਮਾਨਤ ਮਨਜ਼ੂਰ ਹੋ ਗਈ ਹੈ ਜਦਕਿ ਦੂਜੇ ਕੇਸ ਦੀ ਸੁਣਵਾਈ ਅੱਜ ਸੋਨੀਪਤ ਦੀ ਅਦਾਲਤ ਵਿਚ ਹੈ | ਉਨ੍ਹਾਂ ਦਸਿਆ ਕਿ ਤੀਜੇ ਕੇਸ ਦੀ ਸੁਣਵਾਈ ਸੋਮਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਹੋਣ ਦੀ ਉਮੀਦ ਹੈ ਅਤੇ ਸੋਨੀਪਤ ਅਦਾਲਤ 'ਚ ਐਡਵੋਕੇਟ ਜਤਿੰਦਰ ਕੁਮਾਰ ਦੀ ਹਿੰਮਤ ਸਦਕਾ ਪਹਿਲੇ ਕੇਸ 'ਚ ਜ਼ਮਾਨਤ ਮਿਲੀ ਹੈ ਤੇ ਇਹ ਕੇਸ ਦਸੰਬਰ 2020 'ਚ ਦਰਜ ਕੀਤਾ ਗਿਆ ਸੀ |