ਭਾਖੜਾ 'ਚ ਵੀ ਨਹੀਂ ਮਿਲਿਆ ਨੌਜਵਾਨ ਦਾ ਸਿਰ, ਪਰਿਵਾਰ ਨੇ ਬਿਨਾਂ ਸਿਰ ਤੋਂ ਕੀਤਾ ਪੁੱਤ ਦਾ ਸਸਕਾਰ
ਗੋਤਾਖੋਰਾਂ ਦੀ ਮਦਦ ਨਾਲ ਸਿਰ ਦੀ ਭਾਲ ’ਚ ਲਗਭਗ 30 ਕਿਲੋਮੀਟਰ ਤੱਕ ਭਾਖੜਾ ਨਹਿਰ ਦੀ ਸਰਚ ਕੀਤੀ ਗਈ
ਪਟਿਆਲਾ - ਤਿੰਨ ਦਿਨ ਪਹਿਲਾਂ ਜੇਲ੍ਹ ਰੋਡ ’ਤੇ ਵਾਪਰੇ ਹਾਦਸੇ ’ਚ ਮਾਰੇ ਗਏ ਨੌਜਵਾਨ ਨਵਦੀਪ ਕੁਮਾਰ ਦਾ ਧੜ ਨਾਲੋਂ ਵੱਖ ਹੋਇਆ ਸਿਰ ਅਜੇ ਵੀ ਨਹੀਂ ਮਿਲਿਆ ਪਰ ਮਾਪਿਆਂ ਨੇ ਸਿਰ ਤੋਂ ਬਿਨਾਂ ਹੀ ਪੁੱਤ ਦਾ ਸਸਕਾਰ ਕਰ ਦਿੱਤਾ। ਇਸ ਦੇ ਲਈ ਥਾਣਾ ਤ੍ਰਿਪੜੀ ਦੀ ਪੁਲਿਸ ਨੇ ਐੱਸ. ਐੱਚ. ਓ. ਇੰਸ: ਪ੍ਰਦੀਪ ਸਿੰਘ ਬਾਜਵਾ ਦੀ ਅਗਵਾਈ ਵਿਚ 30 ਕਿਲੋਮੀਟਰ ਭਾਖੜਾ ਨਹਿਰ ਵਿਚ ਵੀ ਭਾਲ ਕੀਤੀ।
ਇੰਸਪੈਕਟਰ ਬਾਜਵਾ ਨੇ ਦੱਸਿਆ ਕਿ ਗੋਤਾਖੋਰਾਂ ਦੀ ਮਦਦ ਨਾਲ ਸਿਰ ਦੀ ਭਾਲ ’ਚ ਲਗਭਗ 30 ਕਿਲੋਮੀਟਰ ਤੱਕ ਭਾਖੜਾ ਨਹਿਰ ਦੀ ਸਰਚ ਕੀਤੀ ਗਈ ਪਰ ਸਿਰ ਦਾ ਕੁਝ ਪਤਾ ਨਹੀਂ ਲੱਗ ਸਕਿਆ। ਵਿਸ਼ੇਸ ਤੌਰ ’ਤੇ ਸਾਈਫਨਾਂ ਦੀ ਜਾਂਚ ਵੀ ਕੀਤੀ ਗਈ ਪਰ ਕੁੱਝ ਹੱਥ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਦੂਜੇ ਪਾਸੇ ਇਸ ਮਾਮਲੇ ’ਚ ਜਿਹੜੇ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ
ਉਹ ਵਿਦੇਸ਼ ਨਾ ਭੱਜ ਜਾਵੇ, ਇਸ ਦੇ ਲਈ ਉਸ ਦਾ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇੱਧਰ ਪਰਿਵਾਰ ਨੇ ਪੁਲਿਸ ਦੇ ਭਰੋਸੇ ਤੋਂ ਬਾਅਦ ਨਵਦੀਪ ਕੁਮਾਰ ਦਾ ਬਿਨ੍ਹਾਂ ਸਿਰ ਤੋਂ ਸਸਕਾਰ ਕਰ ਦਿੱਤਾ ਹੈ ਅਤੇ ਨਾਲ ਹੀ ਐਲਾਨ ਕੀਤਾ ਕਿ ਜੇਕਰ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਸੰਘਰਸ਼ ਜਾਰੀ ਰੱਖਣਗੇ।