Punjab farmer news: ਮਾਹਰਾਂ ਦੀ ਗਰਮੀ ਵਧਣ ਦੀ ਚੇਤਵਾਨੀ ਕਾਰਨ ਕਿਸਾਨਾਂ ਦੇ ਸਾਹ ਸੁਤੇ

ਏਜੰਸੀ

ਖੇਤੀਬਾੜੀ, ਸਹਾਇਕ ਧੰਦੇ

Punjab farmer news: ਕਿਸਾਨਾਂ ਨੂੰ ਤੁਰਤ ਕਣਕ ਸਮੇਤ ਹੋਰ ਹਾੜ੍ਹੀ ਦੀਆਂ ਫ਼ਸਲਾਂ ਨੂੰ ਪਾਣੀ ਦੇਣ ਦੀ ਦਿਤੀ ਸਲਾਹ 

Farmers are suffering due to experts' warning of increasing heat

 

Punjab farmer news:  ਖੇਤੀ ਵਿਭਾਗ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰਾਂ ਨੇ ਗਰਮੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕਿਸਾਨਾਂ ਨੂੰ ਤੁਰਤ ਕਣਕ ਸਮੇਤ ਹੋਰ ਹਾੜ੍ਹੀ ਦੀਆਂ ਫ਼ਸਲਾਂ ਨੂੰ ਪਾਣੀ ਦੇਣ ਦੀ ਸਲਾਹ ਦਿਤੀ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਪਹਿਲਾਂ ਮੌਸਮ ਵਿਚ ਖੁਸ਼ਕੀ ਅਤੇ ਹੁਣ ਇਕਦਮ ਪੈਣ ਲੱਗੀ ਗਰਮੀ ਦਾ ਕਿਸਾਨਾਂ ਨੂੰ ਟਾਕਰਾ ਕਰਨ ਦੀ ਜ਼ਰੂਰਤ ਹੈ ਅਤੇ ਫ਼ਸਲਾਂ ਨੂੰ ਪਾਣੀ ਦੇਣ ਤੋਂ ਬਿਲਕੁਲ ਸੁਸਤੀ ਨਹੀਂ ਵਰਤਣੀ ਚਾਹੀਦੀ। ਮਾਹਰਾਂ ਦੀ ਇਸ ਚੇਤਾਵਨੀ ਕਾਰਨ ਪੰਜਾਬ ਦੇ ਮਾਲਵਾ ਖੇਤਰ ਵਿਚ ਅਚਾਨਕ ਪੈਣ ਲੱਗੀ ਗਰਮੀ ਤੋਂ ਅੰਨਦਾਤਾ ਘਬਰਾ ਗਿਆ ਹੈ। 

ਮਾਹਰਾਂ ਨੇ ਕਿਹਾ ਕਿ ਖੇਤਾਂ ਵਿਚ ਜਾ ਕੇ ਪਤਾ ਲੱਗਿਆ ਕਿ ਹੁਣ ਹਾੜ੍ਹੀ ਦੀਆਂ ਫ਼ਲੀਦਾਰ ਫ਼ਸਲਾਂ ਵਿਚ ਦਾਣੇ ਬਣਨ ਲੱਗੇ ਹਨ, ਜਿਸ ਕਰ ਕੇ ਬੂਟਿਆਂ ਨੂੰ ਪਾਣੀ ਦੀ ਬਹੁਤ ਜ਼ਰੂਰਤ ਹੈ। ਕਣਕ ਸਮੇਤ ਸਰ੍ਹੋਂ, ਛੋਲਿਆਂ ਦੀ ਫ਼ਸਲ ਨੂੰ ਹੁਣ ਪਾਣੀ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ, ਜਿਸ ਕਰ ਕੇ ਉਨ੍ਹਾਂ ਨੂੰ ਪਾਣੀ ਦੇਣ ਵਿਚ ਕਿਸੇ ਵੀ ਤਰ੍ਹਾਂ ਦੀ ਦੇਰੀ ਨਹੀਂ ਕਰਨੀ ਚਾਹੀਦੀ। ਮਾਹਰਾਂ ਨੇ ਕਿਹਾ ਕਿ ਜਿਹੜੀਆਂ ਫ਼ਸਲਾਂ ਨੂੰ ਪਾਣੀ ਲੱਗਿਆਂ ਇਕ ਹਫ਼ਤਾ ਹੋ ਗਿਆ ਹੈ, ਉਨ੍ਹਾਂ ਨੂੰ ਹਾਲੇ ਠਹਿਰ ਕੇ ਪਾਣੀ ਦਿਤਾ ਜਾ ਸਕਦਾ ਹੈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਤਾਪਮਾਨ ਵਿਚਲਾ ਵਾਧਾ ਕਣਕਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ, ਜਿਸ ਲਈ ਪੰਜਾਬ ਸਰਕਾਰ ਨੂੰ ਖੇਤੀ ਮੋਟਰਾਂ ਲਈ ਬਿਜਲੀ ਸਪਲਾਈ 8-10 ਘੰਟਿਆਂ ਲਈ ਰੋਜ਼ਾਨਾ ਦੇਣੀ ਜ਼ਰੂਰੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਨੇ ਦਸਿਆ ਕਿ ਆਉਣ ਵਾਲੇ ਪੂਰੇ ਹਫ਼ਤੇ ਪਾਰਾ 24 ਤੋਂ 25 ਡਿਗਰੀ ਸੈਂਟੀਗਰੇਡ ਰਹਿਣ ਦੀ ਉਮੀਦ ਹੈ ਅਤੇ ਦਿਨ ਵੇਲੇ ਧੁੱਪ ਤੇਜ਼ ਖਿੜੇਗੀ। ਮਾਨਸਾ ਜ਼ਿਲ੍ਹੇ ਦੇ ਖੇਤਾਂ ਦਾ ਨਿਰੀਖਣ ਕਰਨ ਤੋਂ ਪਿੱਛੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦਸਿਆ ਕਿ ਇਸ ਵਾਰ ਮਾਲਵਾ ਖੇਤਰ ਵਿਚ ਭਰਵਾਂ ਮੀਂਹ ਨਾ ਪੈਣ ਕਰ ਕੇ ਧਰਤੀ ਖੁਸ਼ਕ ਹੋਈ ਪਈ ਹੈ, ਜਿਸ ਨਾਲ ਫ਼ਸਲਾਂ ਆਮ ਦੇ ਮੁਕਾਬਲੇ ਜਲਦੀ ਪਾਣੀ ਮੰਗਣ ਲੱਗ ਪਈਆਂ ਹਨ। ਉਨ੍ਹਾਂ ਦਸਿਆ ਕਿ ਇਸ ਤੋਂ ਪਹਿਲਾਂ ਜਨਵਰੀ ਦੇ ਅੰਤ ਵਿਚ ਆਮ ਦਿਨਾਂ ਨਾਲੋਂ ਜ਼ਿਆਦਾ ਠੰਢ ਚੱਲ ਰਹੀ ਸੀ ਪਰ ਹੁਣ ਲਗਾਤਾਰ ਗਰਮੀ ਵੱਧ ਰਹੀ ਹੈ, ਉਸ ਹਿਸਾਬ ਨਾਲ ਫ਼ਸਲਾਂ ਨੂੰ ਪਾਣੀ ਜ਼ਿਆਦਾ ਦੇਣਾ ਪਵੇਗਾ।