ਬੇਟੇ ਨੂੰ ਝੂਠੇ ਕੇਸ ’ਚ ਫਸਾਉਣ ਦੀ ਧਮਕੀ ਦੇ ਕੇ ਮੰਗੀ ਰਿਸ਼ਵਤ, ਐਸਐਚਓ ਤੇ ਹਵਲਦਾਰ ਗ੍ਰਿਫ਼ਤਾਰ
ਬੇਟੇ ਨੂੰ ਸਨੈਚਿੰਗ ਦੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਪਰਵਾਰ ਤੋਂ ਰਿਸ਼ਵਤ ਲੈਂਦੇ ਐਸਐਚਓ ਜਸਬੀਰ ਸਿੰਘ ਅਤੇ ਹਵਲਦਾਰ ਰਾਜਕੁਮਾਰ...
ਮੋਹਾਲੀ : ਬੇਟੇ ਨੂੰ ਸਨੈਚਿੰਗ ਦੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇ ਕੇ ਪਰਵਾਰ ਤੋਂ ਰਿਸ਼ਵਤ ਲੈਂਦੇ ਐਸਐਚਓ ਜਸਬੀਰ ਸਿੰਘ ਅਤੇ ਹਵਲਦਾਰ ਰਾਜਕੁਮਾਰ ਨੂੰ ਵਿਜੀਲੈਂਸ ਟੀਮ ਨੇ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਉਤੇ ਭ੍ਰਿਸ਼ਟਾਚਾਰ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਦੇ ਮੁਤਾਬਕ, ਸੋਮਵਾਰ ਨੂੰ ਪੀਸੀਆਰ ਪਾਰਟੀ ਨੇ ਪਿੱਛਾ ਕਰਕੇ ਇਕ ਸਨੈਚਰ ਕਾਲੀ ਨੂੰ ਕਾਬੂ ਕੀਤਾ ਸੀ। ਮੁਲਜ਼ਮ ਕਾਲੀ ਉਤੇ ਚੰਡੀਗੜ੍ਹ ਦੇ ਕਈ ਥਾਣਿਆਂ ਵਿਚ ਸਨੈਚਿੰਗ ਦੇ ਮਾਮਲੇ ਦਰਜ ਹਨ।
ਉਸੇ ਮੁਲਜ਼ਮ ਤੋਂ ਪੁੱਛਗਿਛ ਤੋਂ ਬਾਅਦ ਪੁਲਿਸ ਨੇ ਬੜ ਮਾਜਰਾ ਦੇ ਨੌਜਵਾਨ ਗੌਰਵ ਨੂੰ ਰਾਉਂਡ ਅੱਪ ਕੀਤਾ। ਗੌਰਵ ਦੇ ਪਿਤਾ ਦੇਵਰਾਜ ਰਾਜਮਿਸਤਰੀ ਦਾ ਕੰਮ ਕਰਦੇ ਹਨ। ਉਹ ਥਾਣੇ ਪੁੱਜੇ ਅਤੇ ਕਿਹਾ ਕਿ ਮੇਰੇ ਬੇਟੇ ਨੂੰ ਬੇਵਜ੍ਹਾ ਫਸਾਇਆ ਗਿਆ ਹੈ। ਉਹ ਤਾਂ ਪੂਰੀ ਰਾਤ ਉਨ੍ਹਾਂ ਦੇ ਨਾਲ ਹੀ ਸੀ। ਇਸ ਤੋਂ ਬਾਅਦ ਪੁਲਿਸ ਵਾਲਿਆਂ ਨੇ ਗੌਰਵ ਨੂੰ ਛੱਡਣ ਦੇ ਬਦਲੇ 70 ਹਜ਼ਾਰ ਰੁਪੈ ਦੀ ਮੰਗ ਕੀਤੀ। ਦੋਵਾਂ ਪੱਖਾਂ ਵਿਚ ਸਮਝੌਤਾ 30 ਹਜ਼ਾਰ ਰੁਪਏ ਵਿਚ ਤੈਅ ਹੋ ਗਿਆ।
ਦੇਵਰਾਜ ਨੇ ਪੈਸਿਆਂ ਦਾ ਇੰਤਜ਼ਾਮ ਕਰਨ ਲਈ ਸਮਾਂ ਮੰਗਿਆ ਤਾਂ ਹਵਲਦਾਰ ਨੇ ਕਿਹਾ ਕਿ ਪੈਸੇ ਲੈ ਕੇ ਰਾਤ ਨੂੰ ਆ ਜਾਣਾ। ਇਸ ਵਿਚ ਦੇਵਰਾਜ ਅਪਣੇ ਰਿਸ਼ਤੇਦਾਰਾਂ ਦੇ ਕੋਲ ਗਿਆ। ਰਿਸ਼ਤੇਦਾਰਾਂ ਨੇ ਸਮਝਾਇਆ ਕਿ ਜਦੋਂ ਪੁੱਤਰ ਬੇਕਸੂਰ ਹੈ ਤਾਂ ਪੈਸੇ ਕਿਉਂ ਦਈਏ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵਿਜੀਲੈਂਸ ਨੂੰ ਕਰ ਦਿਤੀ। ਵਿਜੀਲੈਂਸ ਨੇ ਟਰੈਪ ਲਗਾ ਲਿਆ। ਰਾਤ 10 ਵਜੇ ਤੋਂ ਬਾਅਦ ਜਦੋਂ ਦੇਵਰਾਜ ਪੈਸੇ ਲੈ ਕੇ ਥਾਣੇ ਪਹੁੰਚਿਆ ਤਾਂ ਵਿਜੀਲੈਂਸ ਟੀਮ ਨੇ ਹਵਲਦਾਰ ਰਾਜਕੁਮਾਰ ਨੂੰ 30 ਹਜ਼ਾਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਫੜ ਲਿਆ।
ਸਖ਼ਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਹਵਲਦਾਰ ਨੇ ਐਸਐਚਓ ਦਾ ਨਾਮ ਵੀ ਲੈ ਦਿਤਾ। ਇਸ ਤੋਂ ਬਾਅਦ ਐਸਐਚਓ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਦੇਰ ਰਾਤ ਤੱਕ ਵਿਜੀਲੈਂਸ ਜਾਂਚ ਵਿਚ ਜੁਟੀ ਰਹੀ। ਪੁਲਿਸ ਨੇ ਪਰਵਾਰ ਮੈਂਬਰਾਂ ਨੂੰ ਧਮਕੀ ਦਿਤੀ ਸੀ ਕਿ ਗੌਰਵ ਨੂੰ ਸਨੈਚਿੰਗ ਦੇ ਝੂਠੇ ਕੇਸ ਵਿਚ ਫਸਾ ਦਿਤਾ ਜਾਵੇਗਾ। ਜੇਕਰ ਬੇਟੇ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਪੈਸਿਆਂ ਦਾ ਇੰਤਜ਼ਾਮ ਕਰਕੇ ਲਿਆਓ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਕ ਹੋਰ ਮੁੰਡੇ ਨੂੰ ਵੀ ਚੁੱਕਿਆ ਹੋਇਆ ਹੈ।