ਭਾਈ ਅਜਨਾਲਾ ਦੀ ਨਵੀਂ ਚੁਨੌਤੀ : ਟੀਵੀ ਨਹੀਂ, ਸੰਗਤ 'ਚ ਬੈਠ ਕੇ ਹੀ ਹੁੰਦੈ ਮਸਲਿਆਂ ਦਾ ਹੱਲ!

ਏਜੰਸੀ

ਖ਼ਬਰਾਂ, ਪੰਜਾਬ

ਦੋਵੇਂ ਧਿਰਾਂ ਆਪੋ-ਅਪਣੇ ਸਟੈਂਡ 'ਤੇ ਅਡਿੱਗ

file photo

ਅੰਮ੍ਰਿਤਸਰ : ਉੱਘੇ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਦਮਦਮੀ ਟਕਸਾਲ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਵਿਚਾਲੇ ਚੱਲ ਰਿਹਾ ਵਿਵਾਦ ਹੱਲ ਹੋਣ ਦੀ ਥਾਂ ਹੋਰ ਗਹਿਰਾਉਂਦਾ ਜਾ ਰਿਹਾ ਹੈ। ਦੋਵੇਂ ਧਿਰਾਂ ਆਪੋ-ਅਪਣੇ ਸਟੈਂਡ 'ਤੇ ਅਡਿੱਗ ਹਨ।

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦਮਦਮੀ ਟਕਸਾਲ ਮੁਖੀ ਨੂੰ ਟੀਵੀ 'ਤੇ ਖੁਲ੍ਹੀ ਬਹਿਸ਼ ਦੀ ਚੁਨੌਤੀ ਦਿਤੀ ਸੀ। ਇਸ ਸਬੰਧੀ ਇਕ ਟੀਵੀ ਚੈਨਲ ਦੇ ਸਟੂਡੀਓ ਨੂੰ ਬਹਿਸ਼ ਦੀ ਥਾਂ ਵਜੋਂ ਪੇਸ਼ ਵੀ ਕੀਤਾ ਗਿਆ ਸੀ। ਦੂਜੇ ਪਾਸੇ ਭਾਈ ਅਮਰੀਕ ਸਿੰਘ ਅਜਨਾਲਾ ਵਾਲੇ ਟੀਵੀ ਦੀ ਥਾਂ ਸੰਗਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਹਿਸ਼ ਕਰਨ ਦੀ ਚੁਨੌਤੀ ਦੇ ਰਹੇ ਹਨ।

ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਮਸਲਾ ਸਿਰਫ਼ ਟੀਵੀ 'ਤੇ ਬਹਿ ਕੇ ਹੱਲ ਨਹੀਂ ਹੋ ਸਕਦਾ, ਮਸਲਿਆਂ ਦਾ ਹੱਲ ਸਿਰਫ਼ ਆਹਮੋ-ਸਾਹਮਣੇ ਬੈਠ ਕੇ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਿਸੇ ਵੀ ਜਗ੍ਹਾ 'ਤੇ ਕੋਈ ਖ਼ਤਰਾ ਨਹੀਂ ਹੈ।

ਭਾਈ ਅਜਨਾਲਾ ਦਾ ਕਹਿਣਾ ਹੈ ਕਿ ਬਹਿਸ਼ ਦੀ ਚੁਨੌਤੀ ਪਹਿਲਾਂ ਢੱਡਰੀਆਂ ਵਾਲਿਆਂ ਨੇ ਹੀ ਦਿਤੀ ਸੀ। ਇਸ ਲਈ ਉਹ ਬਹਿਸ਼ ਦੀ ਜਗ੍ਹਾ, ਸਮਾਂ ਅਤੇ ਤਰੀਕ ਦੀ ਚੋਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਛੱਡਦੇ ਹਨ, ਉਹ ਜਿੱਥੇ ਵੀ ਚਾਹੁਣ ਅਸੀਂ ਜਾਣ ਲਈ ਤਿਆਰ ਹਾਂ। ਪਰ ਅਸੀਂ ਟੀਵੀ 'ਤੇ ਨਹੀਂ ਬਲਕਿ ਸੰਗਤ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਬਹਿਸ਼ ਕਰਨਾ ਚਾਹੁੰਦੇ ਹਾਂ।

ਕਾਬਲੇਗੌਰ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ 'ਤੇ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਇਲਜ਼ਾਮ ਲੱਗਦੇ ਰਹੇ ਹਨ। ਇਸ ਨੂੰ ਲੈ ਕੇ ਦਮਦਮੀ ਟਕਸਾਲ ਵਲੋਂ ਉਨ੍ਹਾਂ ਦੇ ਦੀਵਾਨਾਂ ਦਾ ਬਾਈਕਾਟ ਵੀ ਕੀਤਾ ਜਾਂਦਾ ਰਿਹਾ ਹੈ। ਇਸ ਦੇ ਬਾਵਜੂਦ ਵੱਡੀ ਗਿਣਤੀ 'ਚ ਸੰਗਤ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ਵਿਚ ਪਹੁੰਚਦੀ ਰਹੀ ਹੈ।

ਯੂਟਿਊਬ ਅਤੇ ਸ਼ੋਸ਼ਲ ਮੀਡੀਆ ਦੇ ਹੋਰ ਸਾਧਨਾਂ ਜ਼ਰੀਏ ਵੀ ਵੱਡੀ ਗਿਣਤੀ ਲੋਕ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਦੇ ਹਨ। ਇਹੀ ਕਾਰਨ ਹੈ ਦਮਦਮੀ ਟਕਸਾਲ ਵਲੋਂ ਉਨ੍ਹਾਂ ਦੇ ਦੀਵਾਨਾਂ ਦੀ ਵਿਰੋਧਤਾ ਦੇ ਬਾਵਜੂਦ ਵੀ ਉਨ੍ਹਾਂ ਦੇ ਦੀਵਾਨਾਂ ਵਿਚ ਸੰਗਤ ਦੀ ਸ਼ਮੂਲੀਅਤ 'ਤੇ ਕੋਈ ਫ਼ਰਕ ਨਹੀਂ ਸੀ ਪਿਆ। ਭਾਵੇਂ ਵਿਵਾਦ ਵਧਦਾ ਵੇਖ ਕੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦੀਵਾਨ ਲਾਉਣ ਦਾ ਕਿਨਾਰਾ ਕਰ ਲਿਆ ਹੈ, ਫਿਰ ਵੀ ਉਨ੍ਹਾਂ ਦੇ ਪਟਿਆਲਾ ਸਥਿਤ ਗੁਰਦੁਆਰਾ ਪਰਮੇਸ਼ਰ ਦਿਵਾਰ ਵਿਖੇ ਮਹੀਨਾਵਾਰ ਦੀਵਾਨਾਂ 'ਚ ਵੱਡੀ ਗਿਣਤੀ ਸੰਗਤ ਜੁੜਦੀ ਹੈ।