ਕੋਰੋਨਾ ਵਾਇਰਸ ਦਾ ਖੌਫ਼: ਸਰਕਾਰੀ ਤੇ ਨਿਜੀ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਵੀ 31 ਮਾਰਚ ਤਕ ਛੁੱਟੀਆਂ!
ਡਾਇਰੈਕਟਰ ਸਿੱਖਿਆ ਵਿਭਾਗ ਕਾਲਜਾਂ ਨੇ ਜਾਰੀ ਕੀਤੀਆਂ ਹਦਾਇਤਾਂ
ਚੰਡੀਗੜ੍ਹ : ਕੋਰੋਨਾ ਵਾਇਰਸ ਦੇ ਪ੍ਰਕੋਪ ਨੇ ਹੁਣ ਹਰ ਖੇਤਰ 'ਤੇ ਅਪਣਾ ਪ੍ਰਭਾਵ ਪਾਉਣਾ ਸ਼ੁਰੂ ਕਰ ਦਿਤਾ ਹੈ। ਸਿਨੇਮਾ ਹਾਲ, ਰੈਲੀਆਂ ਅਤੇ ਹੋਰ ਜਨਤਕ ਇਕੱਠਾਂ 'ਤੇ ਪਾਬੰਦੀ ਤੋਂ ਬਾਅਦ ਹੁਣ ਵਿਦਿਅਕ ਅਦਾਰਿਆਂ ਦਾ ਬੰਦ ਹੋਣਾ ਵੀ ਸ਼ੁਰੂ ਹੋ ਗਿਆ ਹੈ।
ਇਸੇ ਤਹਿਤ ਡਾਇਰੈਕਟਰ ਸਿੱਖਿਆ ਵਿਭਾਗ (ਕਾ) ਪੰਜਾਬ ਨੇ ਵੀ ਰਾਜ ਦੀਆਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਤੋਂ ਇਲਾਵਾ ਸਰਕਾਰੀ ਤੇ ਗੈਰ ਸਰਕਾਰੀ ਅਤੇ ਪ੍ਰਾਈਵੇਟ ਏਡਿਡ ਕਾਲਜਾਂ ਵਿਚ 31 ਮਾਰਚ 2020 ਤਕ ਛੁੱਟੀਆਂ ਦਾ ਐਲਾਨ ਕਰ ਦਿਤਾ ਹੈ।
ਉਚੇਰੀ ਸਿੱਖਿਆ ਸਕੱਤਰ ਵਲੋਂ ਜਾਰੀ ਕੀਤੀਆਂ ਹਦਾਇਤਾਂ 'ਚ ਕਿਹਾ ਗਿਆ ਹੈ ਕਿ ਕਰੋਨਾ ਵਾਇਰਸ ਦੀ ਮਹਾਮਾਰੀ ਨਾ ਫੈਲੇ, ਇਸ ਦੇ ਮੱਦੇਨਜ਼ਰ ਇਤਹਾਤੀ ਤੌਰ 'ਤੇ ਪੰਜਾਬ ਰਾਜ ਦੀਆਂ ਸਮੂਹ ਸਿਖਿਆ ਸੰਸਥਾਵਾਂ ਵਿਚ ਕੱਲ੍ਹ ਮਿਤੀ 14 ਮਾਰਚ ਤੋਂ 31 ਮਾਰਚ 2020 ਤਕ ਵਿਦਿਆਰਥੀਆਂ ਲਈ ਛੁੱਟੀ ਕਰ ਦਿਤੀ ਗਈ ਹੈ। ਜਾਰੀ ਕੀਤੇ ਹੁਕਮਾਂ ਅਨੁਸਾਰ ਇਨ੍ਹਾਂ ਦਿਨਾਂ ਦੌਰਾਨ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਅਮਲਾ ਆਮ ਦਿਨਾਂ ਵਾਂਗ ਹੀ ਆਪਣੀਆਂ ਸੰਸਥਾਵਾਂ ਵਿਚ ਹਾਜ਼ਰ ਰਹੇਗਾ।
ਕਾਬਲੇਗੌਰ ਹੈ ਕਿ ਸੂਬਾ ਸਰਕਾਰ ਵਲੋਂ ਸਿਹਤ ਸਬੰਧੀ ਜਾਣਕਾਰੀ ਅਤੇ ਸੁਝਾਅ ਲਈ ਪਹਿਲਾਂ ਹੀ ਸਥਾਪਤ ਕੀਤੀ ਹੈਲਪਲਾਈਨ-104 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਨੈਸ਼ਨਲ ਕਾਲ ਸੈਂਟਰ 011-23978046 ਅਤੇ ਸਟੇਟ ਕੰਟਰੋਲ ਰੂਮ ਨੰਬਰ 88720-90029 ਅਤੇ 0172-2920074 ਵੀ ਸਥਾਪਤ ਕੀਤੇ ਗਏ ਹਨ।