ਲੁਧਿਆਣਾ ਦੇ ਲਾਡੋਵਾਲ ਨੇੜੇ ਵਾਪਰਿਆ ਦਰਦਨਾਕ ਸੜਕ ਹਾਦਸਾ,ਤਿੰਨ ਦੀ ਮੌਤ
ਪੁਲਿਸ ਨੇ ਮੌਕੇ 'ਤੇ ਪੁੱਜ ਲਾਸ਼ਾਂ ਨੂੰ ਲਿਆ ਕਬਜ਼ੇ 'ਚ
ਲੁਧਿਆਣਾ: (ਰਾਜ ਸਿੰਘ) ਲੁਧਿਆਣਾ ਦੇ ਹਾਰਡੀਜ਼ ਵਰਲਡ ਦੇ ਨੇੜੇ ਬੀਤੀ ਰਾਤ ਇਕ ਦਰਦਨਾਕ ਸੜਕ ਹਾਦਸਾ ਹੋਇਆ ਜਿਸ ਵਿੱਚ ਤਿੰਨ ਦੋਸਤਾਂ ਦੀ ਮੌਤ ਹੋ ਗਈ ਹੈ, ਮ੍ਰਿਤਕ ਹੈਬੋਵਾਲ ਇਲਾਕੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੀ ਹੀ ਫਿਲਹਾਲ ਸ਼ਨਾਖਤ ਹੋ ਪਾਈ ਹੈ, ਜੋ ਰਿਸ਼ੀ ਨਗਰ ਦਾ ਰਹਿਣ ਵਾਲਾ ਸੀ। ਹਾਦਸਾ ਇੰਨਾ ਖਤਰਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ।
ਉਧਰ ਥਾਣਾ ਸਲੇਮ ਟਾਬਰੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹਾਂ ਕਬਜ਼ੇ 'ਚ ਲੈ ਲਈਆਂ ਗਈਆਂ। ਪੁਲਿਸ ਮਾਮਲੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ, ਜਿਸ ਮ੍ਰਿਤਕ ਦੀ ਸ਼ਨਾਖ਼ਤ ਹੋਈ ਹੈ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਕੇ ਹਾਦਸੇ ਸਬੰਧੀ ਪੁਲਿਸ ਨੂੰ ਰਾਹਗੀਰਾਂ ਨੇ ਜਾਣਕਾਰੀ ਦਿੱਤੀ।
ਮ੍ਰਿਤਕਾਂ ਦੇ ਦੋਸਤ ਨੇ ਦੱਸਿਆ ਕਿ ਉਹ ਦੂਜੀ ਗੱਡੀ ਵਿਚ ਸਵਾਰ ਸਨ ਅਤੇ ਟਰੈਫ਼ਿਕ ਕਾਰਨ ਪਿਛੇ ਫਸ ਗਏ ਸਨ। ਉਨ੍ਹਾਂ ਦੇ ਦੋਸਤ ਜੋ ਕਿ ਅੱਗੇ ਗੱਡੀ ਵਿੱਚ ਜਾ ਰਹੇ ਸਨ ਨੂੰ ਪਿੱਛੋਂ ਇੱਕ ਤੇਜ਼ ਰਫ਼ਤਾਰੀ ਟਰੱਕ ਨੇ ਆ ਕੇ ਟੱਕਰ ਮਾਰ ਦਿੱਤੀ ਜਿਸ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ । ਗੱਡੀ ਦੀਆਂ ਤਸਵੀਰਾਂ ਬਿਆਨ ਕਰ ਰਹੀਆਂ ਹਨ ਕਿ ਟੱਕਰ ਕਿਨੀ ਭਿਆਨਕ ਹੋਈ ਹੈ ।