'ਆਪ' ਦੀ ਸਰਕਾਰ ਆਉਂਦੇ ਹੀ ਸਰਕਾਰੀ ਦਫ਼ਤਰਾਂ ਵਿਚ ਸ਼ਹੀਦ ਭਗਤ ਸਿੰਘ ਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਲੱਗਣੀਆਂ ਸ਼ੁਰੂ
ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿਚ ਇਹ ਤਸਵੀਰਾਂ ਲਗਾਉਣ ਦੇ ਹੁਕਮ ਹੋਏ ਹਨ ਜਾਰੀ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਵੇਂ ਅਜੇ ਆਪਣੇ ਅਹੁਦੇ ਦੀ ਸਹੁੰ ਨਹੀਂ ਚੁੱਕੀ ਪਰ ਹੁਣ ਤੋਂ ਹੀ ਉਨ੍ਹਾਂ ਵਲੋਂ ਜਾਰੀ ਹੁਕਮ ਸਰਕਾਰੀ ਦਫ਼ਤਰਾਂ ਵਿਚ ਲਾਗੂ ਹੋਣੇ ਸ਼ੁਰੂ ਹੋ ਗਏ ਹਨ।
ਜਿਸ ਦੀ ਮਿਸਾਲ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਤੋਂ ਇਲਾਵਾ ਹੋਰ ਕਈ ਜਗ੍ਹਾ 'ਤੇ ਦੇਖਣ ਨੂੰ ਮਿਲੀ। ਨਵੇਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਿਵਲ ਹਸਪਤਾਲ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ: ਗੁਰਮੇਲ ਸਿੰਘ ਨੇ ਐਮਰਜੈਂਸੀ ਵਾਰਡ 'ਚੋਂ ਮੁੱਖ ਮੰਤਰੀ ਤੇ ਸਿਹਤ ਮੰਤਰੀ ਦੀਆਂ ਤਸਵੀਰਾਂ ਹਟਾ ਕੇ ਉਸ ਦੀ ਥਾਂ 'ਤੇ ਸ਼ਹੀਦ ਭਗਤ ਸਿੰਘ ਤੇ ਡਾ: ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾ ਦਿੱਤੀਆਂ ਗਈਆਂ ਹਨ।
ਇਸ ਤਰ੍ਹਾਂ ਹੀ ਇੱਕ ਪੁਲਿਸ ਚੌਕੀ ਵਿਖੇ ਵੀ ਇਹਨਾਂ ਹੁਕਮ ਡਾ ਪਾਲਣ ਕਰਦੇ ਹੋ ਡਾ. ਬੀ.ਆਰ.ਦੀਆਂ ਤਸਵੀਰਾਂ ਲਗਾਈਆਂ ਗਈਆਂ। ਡਾ: ਗੁਰਮੇਲ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਇਸ ਉਪਰਾਲੇ ਵਿਚ ਐਮਰਜੈਂਸੀ ਦੇ ਸਮੂਹ ਸਟਾਫ਼ ਨੇ ਵੀ ਸਹਿਯੋਗ ਦਿੱਤਾ ਅਤੇ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਪ੍ਰਣ ਲਿਆ।
ਜ਼ਿਕਰਯੋਗ ਹੈ ਕਿ ਚੋਣ ਜਿੱਤਣ ਤੋਂ ਬਾਅਦ 'ਆਪ' ਦੇ ਸੀਐਮ ਉਮੀਦਵਾਰ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਦੇ ਅਧੀਨ ਆਉਂਦੇ ਸਰਕਾਰੀ ਦਫ਼ਤਰਾਂ ਵਿਚ ਕਿਸੇ ਵੀ ਮੁੱਖ ਮੰਤਰੀ ਜਾਂ ਸਬੰਧਤ ਵਿਭਾਗ ਦੇ ਮੰਤਰੀ ਦੀ ਫੋਟੋ ਨਹੀਂ ਲਗਾਈ ਜਾਵੇਗੀ ਸਗੋਂ ਉਨ੍ਹਾਂ ਦੀ ਥਾਂ 'ਤੇ ਦੇਸ਼ ਨੂੰ ਆਜ਼ਾਦ ਕਰਵਾਉਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸ਼ਹੀਦ ਭਗਤ ਸਿੰਘ ਅਤੇ ਲੋਕਾਂ ਨੂੰ ਹੱਕ ਦਿਵਾਉਣ ਲਈ ਭਾਰਤ ਦਾ ਸੰਵਿਧਾਨ ਲਿਖਣ ਵਾਲੇ ਡਾ: ਭੀਮ ਰਾਓ ਅੰਬੇਡਕਰ ਦੀਆਂ ਤਸਵੀਰਾਂ ਲਗਾਈਆਂ ਜਾਣਗੀਆਂ ਤਾਂ ਕਿ ਆਪਣੇ ਸਹੀ ਮਕਸਦ ਤੋਂ ਭਟਕ ਕੇ ਕੁਰਾਹੇ ਪਈ ਨੌਜਵਾਨ ਪੀੜ੍ਹੀ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲ ਸਕੇ ਅਤੇ ਸਰਕਾਰੀ ਦਫਤਰਾਂ ਵਿਚ ਕੰਮ ਕਰਦੇ ਸਰਕਾਰੀ ਕਰਮਚਾਰੀ ਆਪਣੀ ਸਹੀ ਡਿਊਟੀ ਬਾਰੇ ਜਾਣ ਸਕਣ।