ਪੰਜਾਬ ਦੀ ਖੁਸ਼ਹਾਲੀ ਲਈ ਗੁਰੂ ਕੀ ਨਗਰੀ 'ਚ ਨਤਮਸਤਕ ਹੋਈ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਆਗੂਆਂ ਨੇ ਸ੍ਰੀ ਹਰਿਮੰਦਰ ਸਾਹਿਬ, ਰਾਮ ਤੀਰਥ ਮੰਦਰ, ਦੁਰਗਿਆਣਾ ਮੰਦਰ ਅਤੇ ਜੱਲਿਆਂ ਵਾਲੇ ਬਾਗ 'ਚ ਟੇਕਿਆ ਮੱਥਾ

Bhagwant Mann and Arvind Kejriwal

 

ਚੰਡੀਗੜ੍ਹ:  ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿੱਚ ਮਿਲੇ ਵੱਡੇ ਫ਼ਤਵੇ ਲਈ ਪ੍ਰਮਾਤਮਾ ਦਾ ਸ਼ੁੱਕਰਾਨਾ ਕਰਨ ਲਈ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਅਤੇ 'ਆਪ' ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਪਹੁੰਚੇ। ਦੋਵਾਂ ਆਗੂਆਂ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਸ੍ਰੀ ਹਰਿਮੰਦਰ ਸਾਹਿਬ, ਰਾਮ ਤੀਰਥ ਮੰਦਰ ਅਤੇ ਦੁਰਗਿਆਣਾ ਮੰਦਰ ਵਿੱਚ ਨਤਮਸਤਕ ਹੋ ਕੇ ਪੰਜਾਬ ਸਮੇਤ ਦੁਨੀਆਂ ਦੀ ਖੁਸ਼ਹਾਲੀ, ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਲਈ ਪ੍ਰਾਰਥਨਾ ਕੀਤੀ।

 

 

ਐਤਵਾਰ ਨੂੰ ਸਵੇਰੇ ਅੰਮ੍ਰਿਤਸਰ ਪਹੁੰਚੇ 'ਆਪ' ਆਗੂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਅਤੇ ਉਨਾਂ ਪੰਜਾਬ 'ਚ ਵਿਧਾਨ ਸਭਾ ਚੋਣਾ ਵਿੱਚ 'ਆਪ' ਨੂੰ ਮਿਲੀ ਵੱਡੀ ਜਿੱਤ ਲਈ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਅਤੇ ਪੰਜਾਬ ਨੂੰ ਮੁੜ ਖੁਸ਼ਹਾਲ ਸੂਬਾ ਬਣਾਉਣ ਲਈ ਅਸ਼ੀਰਵਾਦ ਲਿਆ। 'ਆਪ' ਆਗੂਆਂ ਨੇ ਹਰਿਮੰਦਰ ਸਾਹਿਬ 'ਚ ਪੰਜਾਬ, ਪੰਜਾਬੀਅਤ ਅਤੇ ਸਮੁੱਚੀ ਲੋਕਾਈ ਦੀ ਤਰੱਕੀ, ਖੁਸ਼ਹਾਲੀ, ਪ੍ਰੇਮ ਪਿਆਰ, ਭਾਈਚਾਰਕ ਸਾਂਝ ਅਤੇ ਸਦਭਾਵਨਾ ਲਈ ਪ੍ਰਾਰਥਨਾ ਕੀਤੀ ਅਤੇ ਪੰਜਾਬ ਦੀ ਬਹੁਪੱਖੀ ਖੁਸ਼ਹਾਲੀ ਲਈ ਬੱਲ ਬਖਸ਼ਣ ਦੀ ਦੁਆ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।

 

 

ਇਸੇ ਤਰਾਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪ੍ਰਸਿੱਧ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਮੰਦਰ 'ਚ ਮੱਥਾ ਟੇਕਿਆ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਮੰਦਰ ਪ੍ਰਬੰਧਕਾਂ ਵੱਲੋਂ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜੰਗੇ ਆਜ਼ਾਦੀ ਦੇ ਸ਼ਹੀਦਾਂ ਦੇ ਖੂਨ ਨਾਲ ਸੰਜੋਏ ਜਲ੍ਹਿਆਂਵਾਲੇ  ਬਾਗ ਪਹੁੰਚੇ ਅਤੇ ਉਨਾਂ ਸ਼ਹੀਦੀ ਸਮਾਰਕ 'ਤੇ ਫੁੱਲ ਅਰਪਣ ਕਰਕੇ  ਜੰਗੇ ਆਜ਼ਾਦੀ ਦੇ ਯੋਧਿਆਂ ਨੂੰ ਸਰਧਾਂਜਲੀ ਭੇਂਟ ਕੀਤੀ। ਜਲ੍ਹਿਆਂਵਾਲੇ ਬਾਗ 'ਚ 'ਆਪ' ਆਗੂਆਂ ਨੇ ਸ਼ਹੀਦਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਅਤੇ ਇਨਕਲਾਬ ਦੀ ਲੋਅ ਨੂੰ ਹੋਰ ਬੁਲੰਦ ਕਰਨ ਦਾ ਅਹਿਦ ਲਿਆ।

 

 

ਇਸ ਮੌਕੇ 'ਆਪ' ਦੇ ਸੀਨੀਅਰ ਆਗੂ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਪੰਜਾਬ ਮਾਮਲਿਆਂ ਦੇ ਇੰਚਾਰਜ ਵਿਧਾਇਕ ਜਰਨੈਲ ਸਿੰਘ, ਸਹਿ ਇੰਚਾਰਜ ਵਿਧਾਇਕ ਰਾਘਵ ਚੱਢਾ, ਨਵੇਂ ਚੁਣੇ ਪਾਰਟੀ ਵਿਧਾਇਕ, ਸੀਨੀਅਰ ਆਗੂ ਅਤੇ ਵਰਕਰ ਵੀ ਹਾਜ਼ਰ ਸਨ।