‘ਆਪ’ ਦੀ ਸੁਨਾਮੀ ’ਚ ਸਾਰੇ ਰੁੜ ਗਏ, ਭਾਜਪਾ ਨੂੰ 2024 ਵਿਚ ਫ਼ਾਇਦਾ ਮਿਲੇਗਾ : ਅਸ਼ਵਨੀ ਸ਼ਰਮਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ'

Ashwani Sharma

 

ਚੰਡੀਗੜ੍ਹ : ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਸੁਨਾਮੀ ਵਿਚ ਸਾਰੇ ਰੁੜ ਗਏ ਹਨ।  ਪੰਜਾਬ ਵਿਚ ਆਪਣੀ ਪਾਰਟੀ ਦੀ ਹਾਰ ਉਤੇ ਅਸ਼ਵਨੀ ਸ਼ਰਮਾ ਨੇ ਆਖਿਆ ਕਿ ‘ਆਪ’ ਦੀ ਸੁਨਾਮੀ ਵਿਚ ਸਾਰੇ ਰੁੜ ਗਏ ਹਨ। ਕਾਂਗਰਸ ਦੀ ਹਾਰ ਨਾਲ ਭਾਜਪਾ ਨੂੰ 2024 ਵਿਚ ਫ਼ਾਇਦਾ ਹੋਵੇਗਾ।

 

 

ਉਨ੍ਹਾਂ ਇਹ ਵੀ ਆਖਿਆ ਕਿ ਅਕਾਲੀ ਦਲ ਨਾਲ ਗਠਜੋੜ ਟੁੱਟਣ ਦਾ ਸਾਨੂੰ ਫ਼ਾਇਦਾ ਮਿਲਿਆ ਹੈ। ਭਾਜਪਾ ਦੇ ਵੋਟ ਬੈਂਕ ਨੂੰ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਇਸ ਵਾਰ ਭਾਜਪਾ ਦਾ ਵੋਟ ਬੈਂਕ ਵਧਿਆ ਹੈ। ਉਨ੍ਹਾਂ ਇਹ ਮੰਨਿਆ ਕਿ ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਨੁਕਸਾਨ ਹੋਇਆ ਹੈ।

 

ਉਧਰ, ਪੰਜਾਬ ਭਾਜਪਾ ਨੇ ਪਾਰਟੀ ਦੀ ਹਾਰ ਲਈ ਕੈਪਟਨ ਅਮਰਿੰਦਰ ਸਿੰਘ ਦੀ ਭਾਈਵਾਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਆਖਿਆ ਹੈ ਕਿ ਕੈਪਟਨ ਨੂੰ ਨਾਲ ਲੈਣਾ ਸਾਡੀ ਵੱਡੀ ਭੁੱਲ ਸੀ। ਉਨ੍ਹਾਂ ਕਿਹਾ ਕਿ ਸਾਡੀ ਮਜਬੂਰੀ ਸੀ ਉਨ੍ਹਾਂ ਨੂੰ ਨਾਲ ਲੈਣਾ ਪਰ ਉਹ ਸਾਡੀ ਵੱਡੀ ਭੁੱਲ ਹੈ।

 

 

ਗਰੇਵਾਲ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਦੀਆਂ ਸਰਗਰਮੀਆਂ ਇਕ ਸਾਲ ਠੱਪ ਰਹੀਆਂ। ਕਾਂਗਰਸ ਦੀ ਸ਼ਹਿ ’ਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਇਕ ਸਾਲ ਬਾਹਰ ਨਹੀਂ ਨਿਕਲਣ ਦਿਤਾ ਗਿਆ। ਉਨ੍ਹਾਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਨੂੰ ਜਿੱਤ ਲਈ ਵਧਾਈ ਦਿੰਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਪਾਰਟੀ ਰਹਿ ਗਈਆਂ ਕਮੀਆਂ ਉਤੇ ਵੀ ਝਾਤ ਮਾਰੇਗੀ।