ਚੋਣ ਨਤੀਜੇ : ਆਖ਼ਰੀ ਉਮਰੇ ਪ੍ਰਕਾਸ਼ ਸਿੰਘ ਬਾਦਲ ਤੇ ਬਲਬੀਰ ਸਿੰਘ ਰਾਜੇਵਾਲ ਨਾਲ ਸੱਭ ਤੋਂ ਮਾੜੀ ਹੋਈ
ਚੋਣ ਨਤੀਜੇ : ਆਖ਼ਰੀ ਉਮਰੇ ਪ੍ਰਕਾਸ਼ ਸਿੰਘ ਬਾਦਲ ਤੇ ਬਲਬੀਰ ਸਿੰਘ ਰਾਜੇਵਾਲ ਨਾਲ ਸੱਭ ਤੋਂ ਮਾੜੀ ਹੋਈ
ਸੁਖਬੀਰ ਬਾਦਲ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਦੇ ਭਵਿੱਖ 'ਤੇ ਲਗਿਆ ਸਵਾਲੀਆ ਚਿੰਨ੍ਹ
ਬਠਿੰਡਾ, 12 ਮਾਰਚ (ਸੁਖਜਿੰਦਰ ਮਾਨ) : ਦੋ ਦਿਨ ਪਹਿਲਾਂ ਸੋਲ੍ਹਵੀਂ ਪੰਜਾਬ ਵਿਧਾਨ ਸਭਾ ਦੇ ਆਏ ਹੈਰਾਨੀਜਨਕ ਨਤੀਜਿਆਂ ਨੇ ਹੁਣ ਤਕ ਦਾ ਸਿਆਸੀ ਇਤਿਹਾਸ ਬਦਲ ਦਿਤਾ ਹੈ ਪ੍ਰੰਤੂ ਆਖ਼ਰੀ ਉਮਰੇ ਮਿਲੀ ਕਰਾਰੀ ਹਾਰ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਲਈ ਕਿਸੇ ਸਦਮੇ ਤੋਂ ਘੱਟ ਨਹੀਂ | ਇਸੇ ਤਰ੍ਹਾਂ ਦਿੱਲੀ 'ਚ ਸਾਲ ਭਰ ਤੋਂ ਵੱਧ ਦੁਨੀਆਂ 'ਚ ਪ੍ਰਸਿੱਧੀ ਹਾਸਲ ਕਰਨ ਵਾਲੇ ਕਿਸਾਨ ਅੰਦੋਲਨ ਨੂੰ ਚਲਾਉਣ ਵਾਲੇ ਬਲਬੀਰ ਸਿੰਘ ਰਾਜੇਵਾਲ ਨਾਲ ਵੀ ਇਨ੍ਹਾਂ ਚੋਣਾਂ 'ਚ ਕਾਫ਼ੀ ਮਾੜੀ ਹੋਈ ਹੈ | ਦੋਵੇਂ ਆਗੂ ਬਜ਼ੁਰਗ ਉਮਰੇ ਹੋਣ ਕਾਰਨ ਛੇਤੀ ਕੀਤਿਆਂ ਹਾਰ ਦੇ ਲੱਗੇ ਧੱਬੇ ਨੂੰ ਧੋਣ ਵਾਲੀ ਸਮਰੱਥਾ ਵਿਚ ਵੀ ਨਹੀਂ ਹਨ | ਪੰਜਾਬ ਦੇ ਲੋਕਾਂ ਵਿਚ ਚਲ ਰਹੀ ਚਰਚਾ ਮੁਤਾਬਕ ਦੋਹਾਂ ਆਗੂਆਂ ਦੇ ਚੋਣ ਲੜਨ ਦੇ ਹੀ ਫ਼ੈਸਲੇ ਨੂੰ ਗ਼ਲਤ ਮੰਨਿਆ ਜਾ ਰਿਹਾ ਹੈ |
ਇਸੇ ਤਰ੍ਹਾਂ ਇਨ੍ਹਾਂ ਚੋਣ ਨਤੀਜਿਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਭਵਿੱਖ ਨੂੰ ਵੀ ਦਾਅ 'ਤੇ ਲਗਾ ਦਿਤਾ ਹੈ | ਇਹ ਤਿੰਨੋਂ ਆਗੂ ਅਜਿਹੇ ਹਨ, ਜਿਨ੍ਹਾਂ ਦੀਆਂ ਲੱਤਾਂ ਖਿੱਚਣ ਵਾਲਿਆਂ ਦੀ ਪਹਿਲਾਂ ਹੀ ਲੰਮੀ ਕਤਾਰ ਹੈ | ਲਗਾਤਾਰ ਦੋ ਦਫ਼ਾ ਮਿਲੀ ਨਮੋਸ਼ੀ ਭਰੀ ਹਾਰ ਕਾਰਨ ਅਕਾਲੀ ਸੁਪਰੀਮੋ ਤੇ ਖ਼ਾਸਕਰ ਬਾਦਲ ਪ੍ਰਵਾਰ ਨੂੰ ਆਉਣ ਵਾਲੇ ਸਮੇਂ ਵਿਚ ਭਾਜਪਾ ਵੱਡੇ ਝਟਕੇ ਦੇ ਸਕਦੀ ਹੈ | ਜਦੋਂਕਿ ਚੰਨੀ ਤੇ ਸਿੱਧੂ ਦੇ ਮੁੜ ਮੁੱਖ ਮੰਤਰੀ ਬਣਨ ਦੀਆਂ ਸੰਭਾਵਨਵਾਂ ਮੱਧਮ ਹੋ ਗਈਆਂ ਹਨ | ਇਸੇ ਤਰ੍ਹਾਂ ਜੇਕਰ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਸਿੱਧੂ ਮੂਸੇਵਾਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਲਈ ਵੀ ਇਹ ਚੋਣ ਤਾਉਮਰ ਨਾ ਭੁੱਲਣ ਵਾਲੀ ਇਕ ਯਾਦ ਬਣ ਗਈ ਹੈ | ਸਿਆਸੀ ਪਿੜ ਵਿਚ ਆਉਣ ਤੋਂ ਪਹਿਲਾਂ
ਸਿੱਧੂ ਮੂਸੇਵਾਲ ਹਰ ਵਰਗ ਦਾ ਗਾਇਕ ਮੰਨਿਆ ਜਾਂਦਾ ਸੀ ਪ੍ਰੰਤੂ ਚੋਣ ਮੈਦਾਨ ਵਿਚ ਕੁੱਦਣ ਤੋਂ ਬਾਅਦ ਉਹ ਕਾਂਗਰਸ ਦਾ ਇਕ ਆਗੂ ਬਣ ਕੇ ਰਹਿ ਗਿਆ | ਇਸ ਤੋਂ ਇਲਾਵਾ ਕੋਰੋਨਾ ਮਹਾਂਮਾਰੀ ਦੌਰਾਨ ਸੇਵਾ ਦੇ ਖੇਤਰ ਵਿਚ ਪੰਜਾਬੀਆਂ ਦਾ ਨਾਮ ਦੇਸ਼-ਵਿਦੇਸ਼ 'ਚ ਕਮਾਉਣ ਵਾਲੇ ਸੋਨੂੰ ਸੂਦ ਲਈ ਵੀ ਅਪਣੀ ਭੈਣ ਨੂੰ ਚੋਣ ਲੜਾਉਣਾ ਕਾਫ਼ੀ ਮਹਿੰਗਾ ਸਾਬਤ ਹੋਇਆ ਹੈ |
ਉਧਰ ਜੇਕਰ ਪੰਜਾਬ ਦੇ ਕੁੱਝ ਹੋਰ ਆਗੂਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਫ਼ਿਰੋਜ਼ਪੁਰ ਦਿਹਾਤੀ ਤੋਂ ਆਪ ਉਮੀਦਵਾਰੀ ਛੱਡਣ ਵਾਲੇ ਆਸ਼ੂ ਬੰਗੜ ਨੂੰ ਅਪਣੇ ਫ਼ੈਸਲੇ 'ਤੇ ਸਾਰੀ ਉਮਰ ਪਛਤਾਵਾ ਰਹਿਣਾ ਹੈ | ਬਠਿੰਡਾ ਦਿਹਾਤੀ ਹਲਕੇ ਤੋਂ ਪਹਿਲੀ ਸੱਟੇ 'ਆਪ' ਦੀ ਟਿਕਟ 'ਤੇ ਵਿਧਾਇਕ ਬਣਨ ਵਾਲੀ ਰੁਪਿੰਦਰ ਕੌਰ ਰੂਬੀ ਵਲੋਂ ਇਸ ਹਲਕੇ ਤੋਂ ਹਾਰਨ ਦੇ ਡਰੋਂ ਕਾਂਗਰਸ ਵਿਚ ਕੀਤੀ ਸ਼ਮੂਲੀਅਤ ਵੀ ਰਾਸ ਨਹੀਂ ਆਈ | ਮਲੋਟ ਹਲਕੇ ਤੋਂ ਜ਼ਮਾਨਤ ਕਰਵਾਉਣ ਵਾਲੀ ਬੀਬੀ ਰੂਬੀ ਇਹ ਫ਼ੈਸਲਾ ਦਿਵਾਉਣ ਵਿਚ ਯੋਗਦਾਨ ਪਾਉਣ ਵਾਲਿਆਂ ਨੂੰ ਵੀ ਕਦੇ ਨਹੀਂ ਭੁੱਲੇਗੀ |
ਜੇਕਰ ਥੋੜ੍ਹਾ ਪਿੱਛੇ ਜਾਈਏ ਤਾਂ 'ਆਪ' ਦਾ ਜ਼ਮਾਨਾ ਬੀਤਣ ਦੀ ਸੋਚ ਕੇ ਸੁਖਪਾਲ ਸਿੰਘ ਖਹਿਰਾ ਦੇ ਝੰਡੇ ਹੇਠ ਪਾਰਟੀ ਵਿਰੁਧ ਬਗ਼ਾਵਤ ਦਾ ਝੰਡਾ ਚੁੱਕਣ ਵਾਲਿਆਂ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਪਿਰਮਿਲ ਸਿੰਘ ਧੋਲਾ, ਜਗਦੇਵ ਸਿੰਘ ਜੱਗਾ ਆਦਿ ਨੇ ਕਦੇ ਸੁਪਨੇ ਵਿਚ ਵੀ ਪੰਜਾਬ 'ਚ ਮੁੜ ਝਾੜੂ ਫਿਰਨ ਬਾਰੇ ਸੋਚਿਆ ਹੋਵੇਗਾ |