ਕੀਵ ਵਲ ਵਧੀ ਰੂਸੀ ਫ਼ੌਜ, ਮਾਰੀਉਪੋਲ 'ਚ ਮਸਜਿਦ ਨੂੰ ਬਣਾਇਆ ਨਿਸ਼ਾਨਾ
ਕੀਵ ਵਲ ਵਧੀ ਰੂਸੀ ਫ਼ੌਜ, ਮਾਰੀਉਪੋਲ 'ਚ ਮਸਜਿਦ ਨੂੰ ਬਣਾਇਆ ਨਿਸ਼ਾਨਾ
ਯੂਕਰੇਨ 'ਚ ਹੁਣ ਤਕ ਦਾਗ਼ੀਆਂ 810 ਮਿਜ਼ਾਈਲਾਂ, ਰੂਸੀ ਪਾਇਲਟ ਰੋਜ਼ਾਨਾ ਸੁੱਟ ਰਹੇ ਹਨ 200 ਬੰਬ
ਲਵੀਵ, 12 ਮਾਰਚ : ਯੂਕਰੇਨ ਸਰਕਾਰ ਨੇ ਸਨਿਚਰਵਾਰ ਨੂੰ ਕਿਹਾ ਕਿ ਰੂਸੀ ਬਲਾਂ ਨੇ ਮਾਰੀਉਪੋਲ ਸ਼ਹਿਰ ਦੀ ਇਕ ਮਸਜਿਦ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ 80 ਤੋਂ ਵਧ ਲੋਕ ਰੁਕੇ ਹੋਏ ਸਨ | ਇਸ ਵਿਚਾਲੇ, ਯੂਕਰੇਨ ਦੀ ਰਾਜਧਾਨੀ ਕੀਵ ਕੋਲ ਰੂਸੀ ਹਮਲੇ ਤੇਜ਼ ਹੋ ਗਏ ਹਨ | ਹਾਲਾਂਕਿ ਸਰਕਾਰ ਵਲੋਂ ਜਾਰੀ ਬਿਆਨ ਵਿਚ ਜਾਨੀ ਨੁਕਸਾਨ ਦੀ ਗਿਣਤੀ ਨੂੰ ਲੈ ਕੇ ਤਤਕਾਲ ਕੋਈ ਜਾਣਕਾਰੀ ਨਹੀਂ ਦਿਤੀ ਗਈ | ਇਸ ਤੋਂ ਪਹਿਲਾਂ ਤੁਰਕੀ ਵਿਚ ਸਥਿਤ ਯੂਕਰੇਨੀ ਦੂਤਘਰ ਨੇ ਜਾਣਕਾਰੀ ਦਿਤੀ ਸੀ ਕਿ ਰੂਸ ਵਲੋਂ ਜਾਰੀ ਹਮਲੇ ਦੌਰਾਨ ਮਾਰੀਉਪੋਲ ਵਿਚ ਫਸੇ 86 ਤੁਰਕੀ ਨਾਗਰਿਕਾਂ ਦਾ ਇਕ ਸਮੂਹ, ਜਿਨ੍ਹਾਂ ਵਿਚ 34 ਬੱਚੇ ਸ਼ਾਮਲ ਹਨ, ਉਥੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ | ਦੂਤਘਰ ਦੇ ਇਕ ਬੁਲਾਰੇ ਨੇ ਮਾਰੀਉਪੋਲ ਦੇ ਮੇਅਰ ਦੇ ਹਵਾਲੇ ਨਾਲ ਇਹ ਜਾਣਕਾਰੀ ਦਿਤੀ |
ਉਥੇ ਹੀ, ਰੂਸੀ ਫ਼ੌਜ ਸ਼ੁਕਰਵਾਰ ਨੂੰ ਜਿਥੇ ਉਤਰ-ਪੂਰਬ ਵਲ ਕੀਵ ਵਲ ਵਧਦੀ ਦਿਸੀ, ਉਥੇ ਹੀ ਯੂਕਰੇਨ ਵਿਚ ਹਵਾਈ ਹਮਲੇ ਤੇਜ਼ ਕਰ ਦਿਤੇ ਹਨ | ਅਮਰੀਕਾ ਨੇ ਕਿਹਾ ਕਿ ਰੂਸ ਨੇ ਹੁਣ ਤਕ ਯੂਕਰੇਨ 'ਤੇ ਕਰੀਬ 810 ਮਿਜ਼ਾਈਲਾਂ ਦਾਗ਼ੀਆਂ ਹਨ | ਰੂਸੀ ਜਹਾਜ਼ਾਂ ਅਤੇ ਤੋਪਾਂ ਨੇ ਯੂਕਰੇਨ ਦੇ ਪਛਮ ਵਿਚ ਜਿਥੇ ਹਵਾਈ ਪੱਟੀਆਂ ਨੂੰ ਨਿਸ਼ਾਨਾ ਬਣਾਇਆ, ਉਥੇ ਹੀ ਪੂਰਬ ਵਿਚ ਇਕ ਪ੍ਰਮੁੱਖ ਉਦਯੋਗਿਕ ਕੇਂਦਰ 'ਤੇ ਬੰਬ ਅਤੇ ਗੋਲੇ ਬਰਸਾਏ | ਉਸਦੇ ਟੈਂਕਾਂ ਅਤੇ ਤੋਪਾਂ ਨੇ ਪਹਿਲਾਂ ਤੋਂ ਹੀ ਨਿਯੰਤਰਣ ਅਧੀਨ ਸ਼ਹਿਰਾਂ 'ਤੇ ਹਮਲਾ ਕਰਨਾ ਜਾਰੀ ਰਖਿਆ, ਜਿਸ ਕਰ ਕੇ ਲੋਕ ਉਥੇ ਜਾਨ ਗੁਆਉਣ ਵਾਲੇ ਲੋਕਾਂ ਨੂੰ ਦਫ਼ਨਾ ਨਾ ਸਕੇ | ਰੂਸ ਇਸ ਤੋਂ ਪਹਿਲਾਂ ਸੀਰੀਆ ਅਤੇ ਚੇਚਨੀਆ ਵਿਚ ਵੀ ਅਜਿਹੀ ਹੀ ਰਣਨੀਤੀ ਅਪਣਾ ਚੁੱਕਾ ਹੈ | ਉਹ ਹਥਿਆਰਬੰਦ ਵਿਰੋਧ ਨੂੰ ਦਬਾਉਣ ਲਈ ਹਵਾਈ ਹਮਲੇ ਅਤੇ ਗੋਲਾਬਾਰੀ ਜਾਰੀ ਰਖਦਾ ਹੈ |
ਰੂਸੀ ਹਮਲਿਆਂ ਨੇ ਦਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਨੂੰ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟ ਦਿਤਾ ਹੈ, ਅਤੇ ਜਕੇਰ ਇਹ ਯੁੱਧ ਜਾਰੀ ਰਿੰਹਦਾ ਹੈ ਤਾਂ ਕੀਵ ਸਮੇਤ ਹੋਰ ਖੇਤਰਾਂ ਨੂੰ ਵੀ ਇਸੇ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਮਾਰੀਉਪੋਲ ਵਿਚ ਰੂਸੀ ਕਾਰਵਾਈ ਦੇ ਕਾਰਨ, ਭੋਜਨ ਅਤੇ ਪਾਣੀ ਪਹੁੰਚਾਉਣ ਅਤੇ ਫਸੇ ਨਾਗਰਿਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਾਰ-ਵਾਰ ਅਸਫ਼ਲ ਹੋ ਰਹੀਆਂ ਹਨ |
ਇਸ ਦੌਰਾਨ ਅਮਰੀਕੀ ਰਖਿਆ ਅਧਿਕਾਰੀਆਂ ਨੇ ਰੂਸ ਦੀ ਹਵਾਈ ਮੁਹਿੰਮ ਦਾ ਮੁਲਾਂਕਣ ਸਾਂਝਾ ਕੀਤਾ | ਉਨ੍ਹਾਂ ਕਿਹਾ ਕਿ ਰੂਸੀ ਪਾਇਲਟ ਹਮਲੇ ਲਈ ਰੋਜ਼ਾਨਾ ਔਸਤਨ 200 ਬੰਬ ਸੁੱਟ ਰਹੇ ਹਨ, ਜਦਕਿ ਯੂਕਰੇਨੀ ਬਲਾਂ ਦੇ ਮਾਮਲੇ 'ਚ ਇਹ ਗਿਣਤੀ ਪੰਜ ਤੋਂ ਦਸ ਦੇ ਵਿਚਕਾਰ ਹੈ | ਅਮਰੀਕੀ ਅਧਿਕਾਰੀਆਂ ਅਨੁਸਾਰ, ਯੂਕਰੇਨੀ ਬਲ ਰੂਸੀ ਜਹਾਜ਼ਾਂ ਦੇ ਹਮਲਿਆਂ ਦਾ ਮੁਕਾਬਲਾ ਕਰਨ ਲਈ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ, ਰਾਕੇਟ ਨਾਲ ਚੱਲਣ ਵਾਲੀਆਂ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ 'ਤੇ ਜ਼ਿਆਦਾ ਜ਼ੋਰ ਦੇ ਰਹੇ ਹਨ | ਸੈਟੇਲਾਈਟ ਤਸਵੀਰਾਂ ਤੋਂ ਪ੍ਰਾਪਤ ਹੋਈਆਂ ਤਸਵੀਰਾਂ ਤੋਂ ਰਾਜਧਾਨੀ ਕੀਵ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿਚ ਰਿਹਾਇਸ਼ੀ ਕੰਪਲੈਕਸਾਂ ਵਿਚ ਰੂਸੀ ਅਤੇ ਯੂਕਰੇਨੀ ਫ਼ੌਜਾਂ ਵਿਚਕਾਰ ਭਿਆਨਕ ਗੋਲੀਬਾਰੀ ਦੀ ਜਾਣਕਾਰੀ ਮਿਲੀ ਹੈ | (ਏਜੰਸੀ)