ਭਗਵੰਤ ਮਾਨ ਵਲੋਂ ਸਿਆਸਤਦਾਨਾਂ ਦੀ ਸੁਰੱਖਿਆ ਵਾਪਸ ਲੈਣ ਦਾ ਸੁਖਪਾਲ ਸਿੰਘ ਖਹਿਰਾ ਨੇ ਕੀਤਾ ਸਵਾਗਤ
ਕਿਹਾ, ਉਨ੍ਹਾਂ ਨੌਕਰਸ਼ਾਹਾਂ/ਅਧਿਕਾਰੀਆਂ ਦੀ ਸੁਰੱਖਿਆ 'ਚ ਕੀਤੀ ਜਾਵੇ ਕਟੌਤੀ ਜਿਨ੍ਹਾਂ ਨੇ ਵੀ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਪਾਇਆ ਹੈ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਇਤਿਹਾਸਕ ਜਿੱਤ ਹੋਈ ਹੈ ਅਤੇ ਬੀਤੇ ਕੱਲ ਭਗਵੰਤ ਮਾਨ ਵਲੋਂ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਅਤੇ ਸਰਕਾਰ ਬਣਾਉਣ ਲਈ ਦਾਅਵਾ ਪੇਸ਼ ਕੀਤਾ ਗਿਆ ਸੀ।
ਭਗਵੰਤ ਮਾਨ ਵਲੋਂ ਬੀਤੇ ਕੱਲ 122 ਸਿਆਸਤਦਾਨਾਂ ਦੀ ਸਰਕਾਰੀ ਸੁਰੱਖਿਆ ਵਾਪਸ ਲੈਣ ਦਾ ਹੁਕਮ ਦਿੱਤੋ ਗਿਆ ਸੀ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇਸ ਦੇ ਚਲਦੇ ਹੀ ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਭਗਵੰਤ ਮਾਨ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ।
ਟਵੀਟ ਕਰਦਿਆਂ ਉਨ੍ਹਾਂ ਕਿਹਾ, ''ਮੈਂ ਭਗਵੰਤ ਮਾਨ ਵਲੋਂ 122 ਸਿਆਸਤਦਾਨਾਂ ਤੋਂ ਸੁਰੱਖਿਆ ਵਾਪਸ ਲੈਣ ਵਾਲੇ ਫ਼ੈਸਲੇ ਦਾ ਸੁਆਗਤ ਕਰਦਾ ਹਾਂ ਕਿਉਂਕਿ ਇਹ ਸੁਰੱਖਿਆ ਤੋਂ ਜ਼ਿਆਦਾ ਦਿਖਾਵੇ ਲਈ ਸੀ। ਇਸੇ ਲੜੀ ਤਹਿਤ ਮੈਂ ਭਗਵੰਤ ਮਾਨ ਨੂੰ ਉਨ੍ਹਾਂ ਨੌਕਰਸ਼ਾਹਾਂ/ਅਧਿਕਾਰੀਆਂ ਦੀ ਸੁਰੱਖਿਆ ਵਿਚ ਕਟੌਤੀ ਕਰਨ ਦੀ ਅਪੀਲ ਕਰਦਾ ਹਾਂ ਜਿਨ੍ਹਾਂ ਨੇ ਵੀ ਸਰਕਾਰੀ ਖਜ਼ਾਨੇ 'ਤੇ ਵਾਧੂ ਬੋਝ ਪਾਇਆ ਹੈ।''