2 ਦਰਜਨ ਤਮਗ਼ੇ ਜਿੱਤਣ ਮਗਰੋਂ ਵੀ ਸਫ਼ਾਈ ਕਰਮੀ ਵਜੋਂ ਕੰਮ ਕਰਨ ਲਈ ਮਜਬੂਰ ਹੋਇਆ ਇਹ ਮੁੱਕੇਬਾਜ਼
ਮਦਦ ਲਈ ਅੱਗੇ ਆਈ ਗੌਡਜ਼ ਪਲਾਨ ਫਾਊਂਡੇਸ਼ਨ, ਹਰ ਮਹੀਨੇ ਮਿਲਣਗੇ 11 ਹਜ਼ਾਰ
ਚੰਡੀਗੜ੍ਹ : ਮੁੱਕੇਬਾਜ਼ ਮਨੋਜ ਰਾਸ਼ਟਰੀ ਅਤੇ ਸੂਬਾ ਪੱਧਰ 'ਤੇ ਦੋ ਦਰਜਨ ਦੇ ਕਰੀਬ ਤਮਗ਼ੇ ਜਿੱਤਣ ਦੇ ਬਾਵਜੂਦ ਮੁੱਕੇਬਾਜ਼ੀ ਛੱਡ ਕੇ ਸਫ਼ਾਈ ਕਰਮੀ ਵਜੋਂ ਕੰਮ ਕਰਨ ਲਈ ਮਜਬੂਰ ਸੀ। ਮੀਡੀਆ ਵਿਚ ਪ੍ਰਕਾਸ਼ਿਤ ਖਬਰਾਂ ਮਗਰੋਂ ਚੰਡੀਗੜ੍ਹ ਦੀ ਗੌਡਜ਼ ਪਲਾਨ ਫਾਊਂਡੇਸ਼ਨ ਵਲੋਂ ਹੁਣ ਇਸ ਖਿਡਾਰੀ ਨੂੰ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ।
ਜਾਣਕਾਰੀ ਅਨੁਸਾਰ ਫਾਊਂਡੇਸ਼ਨ ਵੱਲੋਂ ਮਨੋਜ ਕੁਮਾਰ ਨੂੰ ਹਰ ਮਹੀਨੇ 11 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਸ਼ਹਿਰ ਦੇ ਇੱਕ ਨਿੱਜੀ ਹੋਟਲ ਵਿੱਚ ਹੋਏ ਸਮਾਗਮ ਵਿੱਚ ਫਾਊਂਡੇਸ਼ਨ ਦੇ ਮੈਂਬਰਾਂ ਨੇ ਮਨੋਜ ਨੂੰ ਤਿੰਨ ਮਹੀਨਿਆਂ ਲਈ 33-33 ਹਜ਼ਾਰ ਰੁਪਏ ਦੇ ਤਿੰਨ ਚੈੱਕ ਸੌਂਪੇ।
ਇਹ ਵੀ ਪੜ੍ਹੋ: ਮਾਡਰਨ ਅਤੇ ਸੰਸਕਾਰੀ ਹੈ ਮੰਤਰੀ ਹਰਜੋਤ ਬੈਂਸ ਦੀ ਹੋਣ ਵਾਲੀ ਪਤਨੀ IPS ਅਧਿਕਾਰੀ ਡਾ: ਜੋਤੀ ਯਾਦਵ
ਫਾਊਂਡੇਸ਼ਨ ਦੇ ਮੈਂਬਰ ਸੰਜੀਵ ਗੁਪਤਾ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਨੇ 3 ਮਹੀਨੇ ਪਹਿਲਾਂ ਹੀ ਫਾਊਂਡੇਸ਼ਨ ਬਣਾਈ ਹੈ। ਇਸ ਦੀ ਚੇਅਰਪਰਸਨ ਮੀਨਾਕਸ਼ੀ ਗੁਪਤਾ ਹਨ। ਮੀਡੀਆ ਵਿਚ ਨਸ਼ਰ ਹੋਈਆਂ ਖਬਰਾਂ ਤੋਂ ਬਾਅਦ ਉਨ੍ਹਾਂ ਨੂੰ ਮਨੋਜ ਦੀ ਸੱਚਾਈ ਦਾ ਪਤਾ ਲੱਗਿਆ ਅਤੇ ਉਨ੍ਹਾਂ ਨੇ ਖਿਡਾਰੀ ਲਈ ਮਦਦ ਦਾ ਹੱਥ ਅੱਗੇ ਵਧਾਇਆ ਹੈ।
ਮਨੋਜ ਬਾਕਸਿੰਗ ਦਾ ਚੰਗਾ ਖਿਡਾਰੀ ਰਿਹਾ ਹੈ, ਇਸ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਮਨੋਜ ਨੂੰ ਮੁੱਕੇਬਾਜ਼ੀ ਦੁਬਾਰਾ ਸ਼ੁਰੂ ਕਰਨੀ ਚਾਹੀਦਾ ਹੈ। ਫਾਊਂਡੇਸ਼ਨ ਉਸ ਨੂੰ ਖੁਰਾਕ ਲਈ ਹਰ ਮਹੀਨੇ 11,000 ਰੁਪਏ ਦੇਵੇਗੀ। ਦੂਜੇ ਪਾਸੇ ਅਕਾਲ ਕਾਲਜ ਕੌਂਸਲ ਦੇ ਮੈਂਬਰ ਮਨਜੀਤ ਵਾਲੀਆ ਨੇ ਦੱਸਿਆ ਕਿ ਕੌਂਸਲ ਵੱਲੋਂ ਮਨੋਜ ਨੂੰ ਮੁੱਕੇਬਾਜ਼ੀ ਦੀ ਮੁਫ਼ਤ ਸਿਖਲਾਈ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: ਰਾਜਸਥਾਨ ਤੋਂ ਗੋਆ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਹਾਦਸਾ, 3 ਦੀ ਮੌਕੇ 'ਤੇ ਹੋਈ ਮੌਤ ਅਤੇ 2 ਗੰਭੀਰ ਜ਼ਖ਼ਮੀ
ਸੰਗਰੂਰ ਦੇ ਰਹਿਣ ਵਾਲੇ ਮਨੋਜ ਕੁਮਾਰ ਨੇ ਦੱਸਿਆ ਸੀ ਕਿ ਉਸ ਨੇ 11-12 ਸਾਲ ਦੀ ਉਮਰ 'ਚ ਬਾਕਸਿੰਗ ਖੇਡਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਰਾਸ਼ਟਰੀ ਪੱਧਰ 'ਤੇ 2 ਸੋਨ ਤਮਗ਼ੇ, 3 ਚਾਂਦੀ ਅਤੇ 2 ਕਾਂਸੇ ਦੇ ਤਮਗ਼ੇ ਜਿੱਤੇ ਹਨ ਇਸ ਦੇ ਨਾਲ ਹੀ ਰਾਜ ਪੱਧਰ 'ਤੇ 15 ਗੋਲਡ ਮੈਡਲ ਪ੍ਰਾਪਤ ਕੀਤੇ ਹਨ।
ਉਸ ਨੇ ਜੂਨੀਅਰ ਇੰਡੀਆ ਟੀਮ, ਯੂਥ ਇੰਡੀਆ ਟੀਮ ਅਤੇ ਸੀਨੀਅਰ ਇੰਡੀਆ ਟੀਮ ਵਿੱਚ ਵੀ ਹਿੱਸਾ ਲਿਆ ਹੈ। 2017 ਵਿੱਚ, ਉਹ ਦੁਬਾਰਾ ਭਾਰਤੀ ਟੀਮ ਵਿੱਚ ਚੁਣਿਆ ਗਿਆ ਸੀ ਪਰ ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਟੀਮ ਵਿੱਚ ਸ਼ਾਮਲ ਨਹੀਂ ਹੋ ਸਕਿਆ। ਦੱਸ ਦੇਈਏ ਕਿ ਹੋਣਹਾਰ ਖਿਡਾਰੀ ਮਨੋਜ ਨੂੰ ਘਰ ਵਿਚ ਆਰਥਿਕ ਤੰਗੀ ਕਾਰਨ ਸਵੀਪਰ ਦੀ ਨੌਕਰੀ ਜੁਆਇਨ ਕਰਨੀ ਪਈ।