ਕੌਮੀ ਇਨਸਾਫ਼ ਮੋਰਚੇ ਦਾ ਅੰਮ੍ਰਿਤਪਾਲ ਨੂੰ ਲੈ ਕੇ ਵੱਡਾ ਬਿਆਨ, ਕਿਹਾ- ਉਸ ਨੂੰ ਗਲਤੀ ਮੰਨ ਲੈਣੀ ਚਾਹੀਦੀ ਹੈ
ਜੇਕਰ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਤਾਂ ਇੱਥੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘਰ ਲਿਜਾਇਆ ਜਾਵੇਗਾ।
ਮੁਹਾਲੀ - ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ।
ਉਹਨਾਂ ਨੇ ਆਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਅਜਨਾਲੇ ਵਿਚ ਥਾਣੇ ਦੀ ਘੇਰਾ ਬੰਦੀ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਲਿਜਾ ਕੇ ਬੇਅਦਬੀ ਕੀਤੀ ਹੈ। ਉਨ੍ਹਾਂ ਆਖਿਆ ਕਿ ਗੁਰੂ ਸਾਹਿਬ ਨੂੰ ਨਿੱਜੀ ਲੜਾਈ 'ਚ ਢਾਲ ਨਹੀਂ ਬਣਾਇਆ ਜਾ ਸਕਦਾ ਪਰ ਉਹਨਾਂ ਨੇ ਗੁਰੂ ਸਾਹਿਬ ਨੂੰ ਢਾਲ ਬਣਾਇਆ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਅਜਨਾਲਾ ਦੀ ਲੜਾਈ ਦੀ ਸਿੱਖਾਂ ਦੀਆਂ ਇਤਿਹਾਸਕ ਲੜਾਈਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਅਜਨਾਲਾ ਵਿਚ ਗੁਰੂ ਸਾਹਿਬ ਦੀ ਮਰਿਆਦਾ ਨੂੰ ਠੇਸ ਪਹੁੰਚੀ ਹੈ। ਅੰਮ੍ਰਿਤਪਾਲ ਸਿੰਘ ਨੇ ਗਲਤੀ ਕੀਤੀ ਹੈ ਤੇ ਉਸ ਨੂੰ ਅਪਣੀ ਗਲਤੀ ਮੰਨ ਵੀ ਲੈਣੀ ਚਾਹੀਦੀ ਹੈ। ਬਲਵਿੰਦਰ ਸਿੰਘ ਨੇ ਕਿਹਾ ਕਿ ਮੋਰਚੇ ਵਿਚ ਵੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਪਰ ਇਥੇ ਮਰਿਆਦਾ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ। ਜੇਕਰ ਜਥੇਦਾਰ ਸਾਹਿਬ ਨੇ ਹੁਕਮ ਕੀਤਾ ਤਾਂ ਇੱਥੋਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘਰ ਲਿਜਾਇਆ ਜਾਵੇਗਾ।