ਲੁਧਿਆਣਾ 'ਚ ਜਾਗਰਣ ਵੇਖਣ ਗਏ ਲੜਕੇ 'ਤੇ ਚਲਾਈਆਂ ਤਾਬੜਤੋੜ ਗੋਲੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੰਭੀਰ ਰੂਪ ਵਿਚ ਨੌਜਵਾਨ ਹਸਪਤਾਲ 'ਚ ਭਰਤੀ

photo

 

ਲੁਧਿਆਣਾ: ਪੁਰਾਣੀ ਰੰਜਿਸ਼ ਦੇ ਚੱਲਦਿਆਂ ਸ਼ਨੀਵਾਰ ਦੇਰ ਰਾਤ ਜ਼ਿਲ੍ਹਾ ਲੁਧਿਆਣਾ 'ਚ ਕੁਝ ਲੋਕਾਂ ਨੇ ਇਕ ਵਿਅਕਤੀ 'ਤੇ ਗੋਲੀਆਂ ਚਲਾ ਦਿੱਤੀਆਂ। ਜਾਗਰਣ ਵਿੱਚ ਹੋਈ ਲੜਾਈ ਤੋਂ ਬਾਅਦ ਐਚਆਈਜੀ ਕਲੋਨੀ ਵਿੱਚ ਇੱਕ ਨੌਜਵਾਨ ਦਾ ਪਿੱਛਾ ਕਰਦਿਆਂ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਗਈਆਂ। ਬਦਮਾਸ਼ਾਂ ਨੇ ਕਰੀਬ 4 ਫਾਇਰ ਕੀਤੇ।

ਗੋਲੀ ਨੌਜਵਾਨ ਦੇ ਸੱਜੇ ਹੱਥ ਵਿੱਚ ਲੱਗੀ। ਜ਼ਖ਼ਮੀ ਦੀ ਪਛਾਣ ਹਰਵਿੰਦਰ ਸਿੰਘ ਉਰਫ਼ ਹਨੀ ਵਜੋਂ ਹੋਈ ਹੈ। ਰਿਸ਼ਤੇਦਾਰਾਂ ਨੇ ਉਸ ਨੂੰ ਤੁਰੰਤ ਫੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ। ਬਾਅਦ ਵਿੱਚ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਐਚਆਈਜੀ ਕਲੋਨੀ ਵਾਸੀ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦਾ 31 ਸਾਲਾ ਲੜਕਾ ਹਰਵਿੰਦਰ ਸਿੰਘ ਉਰਫ਼ ਹੈਨੀ ਸਮਰਾਲਾ ਵਿੱਚ ਫਾਸਟ ਫੂਡ ਦਾ ਕੰਮ ਕਰਦਾ ਹੈ।

ਕੰਮ ਕਾਰਨ ਉਹ ਅਕਸਰ ਦੇਰ ਰਾਤ ਘਰ ਪਰਤਦਾ ਹੈ। ਜਦੋਂ ਉਹ ਰਾਤ 12 ਵਜੇ ਘਰ ਪਹੁੰਚਿਆ ਤਾਂ ਉਸ ਤੋਂ ਬਾਅਦ ਉਹ ਆਪਣੀ 4 ਸਾਲਾ ਬੇਟੀ ਨੂੰ ਨਾਲ ਲੈ ਕੇ ਇਲਾਕੇ 'ਚ ਹੀ ਚੱਲ ਰਹੇ ਜਾਗਰਣ 'ਚ ਮੱਥਾ ਟੇਕਣ ਚਲਾ ਗਿਆ। ਕੁਝ ਸਮੇਂ ਬਾਅਦ ਹਨੀ ਆਪਣੀ ਲੜਕੀ ਨੂੰ ਘਰ ਛੱਡ ਕੇ ਮੁੜ ਜਾਗਰਣ ਚਲਾ ਗਿਆ। ਇਸ ਦੌਰਾਨ ਉਸ 'ਤੇ ਹਮਲਾ ਕੀਤਾ ਗਿਆ।


ਕਰੀਬ 10 ਮਿੰਟ ਬਾਅਦ ਉਹ ਭੱਜ ਕੇ ਵਾਪਸ ਘਰ ਆਇਆ ਅਤੇ ਦਰਵਾਜ਼ਾ ਬੰਦ ਕਰਨਾ ਸ਼ੁਰੂ ਕਰ ਦਿੱਤਾ। ਉਸੇ ਸਮੇਂ 3 ਨੌਜਵਾਨਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਕੰਧ ਵਿੱਚੋਂ ਲੰਘੀ ਅਤੇ ਇੱਕ ਗੋਲੀ ਗੇਟ ਨੂੰ ਛੂਹ ਗਈ। ਇੱਕ ਗੋਲੀ ਹੈਨੀ ਦੇ ਸੱਜੇ ਮੋਢੇ 'ਤੇ ਲੱਗੀ। ਸਾਰੇ ਹਮਲਾਵਰ ਹਰਵਿੰਦਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਸ਼ਰਾਰਤੀ ਅਨਸਰਾਂ ਦੀਆਂ ਹਰਕਤਾਂ ਕੈਦ ਹੋ ਗਈਆਂ। ਏਡੀਸੀਪੀ-4 ਤੁਸ਼ਾਰ ਗੁਪਤਾ ਨੇ ਮੌਕੇ ਦਾ ਮੁਆਇਨਾ ਕੀਤਾ। ਉਨ੍ਹਾਂ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਹੈਨੀ ਦੇ ਬਿਆਨਾਂ 'ਤੇ ਐੱਚ.ਆਈ.ਜੀ. ਕਾਲੋਨੀ ਵਾਸੀ ਪਰਤੀ ਉੱਪਲ ਅਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖਿਲਾਫ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕਰਕੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।