ਪੰਜਾਬ ਪੁਲਿਸ ਦੀ ਵੱਡੀ ਪ੍ਰਾਪਤੀ, ਸ਼ੀਹਾਂ ਦੌਦ ਬੱਚਾ ਅਗਵਾ ਕੇਸ 24 ਘੰਟਿਆਂ 'ਚ ਹੀ ਸੁਲਝਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਗ਼ੈਰਸਮਾਜੀ ਅਨਸਰਾਂ ਲਈ ਕੋਈ ਥਾਂ ਨਹੀਂ-ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ

Big achievement of Punjab Police, Shihan Dawood child abduction case solved within 24 hours

ਚੰਡੀਗੜ੍ਹ/ਪਟਿਆਲਾ: ਪੰਜਾਬ ਪੁਲਿਸ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕਰਦਿਆਂ ਖੰਨਾ ਨੇੜੇ ਪਿੰਡ ਸ਼ੀਹਾਂ ਦੌਦ ਵਿਖੇ 12 ਮਾਰਚ ਦੀ ਸ਼ਾਮ ਵੇਲੇ ਵਾਪਰੇ ਬੱਚਾ ਭਵਕੀਰਤ ਸਿੰਘ ਅਗਵਾ ਕਾਂਡ ਨੂੰ 24 ਘੰਟਿਆਂ ਦੇ ਅੰਦਰ-ਅੰਦਰ ਹੀ ਸੁਲਝਾ ਲਿਆ ਹੈ। ਨਾਭਾ ਰੋਡ ‘ਤੇ ਪਿੰਡ ਮੰਡੌੜ ਖੇੜਾ ਵਿਖੇ ਹੋਏ ਪੁਲਿਸ ਮੁਕਾਬਲੇ ਵਿੱਚ ਇੱਕ ਬਦਮਾਸ਼ ਅਗਵਾਕਾਰ ਮਾਰਿਆ ਗਿਆ ਹੈ ਜਦਕਿ ਤਿੰਨ ਪੁਲਿਸ ਮੁਲਾਜਮ ਵੀ ਜਖਮੀ ਹੋਏ ਹਨ।

 ਅੱਜ ਸ਼ਾਮ ਇੱਥੇ ਪੁਲਿਸ ਲਾਈਨ ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡੀ.ਆਈ.ਜੀ. ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਨੇ ਬਦਮਾਸ਼ਾਂ ਨੂੰ ਸਖਤ ਸੁਨੇਹਾ ਦਿੰਦਿਆ ਕਿਹਾ ਕਿ ਪੰਜਾਬ ਵਿੱਚ ਅਗਵਾਕਾਰਾਂ ਤੇ ਗ਼ੈਰ ਸਮਾਜੀ ਅਨਸਰਾਂ ਲਈ ਕੋਈ ਥਾਂ ਨਹੀਂ ਹੈ।ਉਨ੍ਹਾਂ ਦੱਸਿਆ ਕਿ ਮਿੰਟੋ-ਮਿੰਟੀ ਅਮੀਰ ਹੋਣ ਦੇ ਲਾਲਚ ਖਾਤਰ ਬੱਚੇ ਨੂੰ ਅਗਵਾ ਕਰਨ ਵਾਲੇ ਬਦਮਾਸ਼ਾਂ ਕੋਲੋਂ ਬੱਚੇ ਨੂੰ ਸੁਰੱਖਿਅਤ ਬਚਾਉਣਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਲਈ ਸਕੂਨ ਵਾਲੀ ਗੱਲ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਡੀਜੀਪੀ ਗੌਰਵ ਯਾਦਵ ਭਵਕੀਰਤ ਸਿੰਘ ਨੂੰ ਸੁਰੱਖਿਅਤ ਬਚਾਉਣ ਲਈ ਪੰਜਾਬ ਪੁਲਿਸ ਦੇ ਉਪਰੇਸ਼ਨ ਦੀ ਖੁਦ ਨਿਗਰਾਨੀ ਕਰ ਰਹੇ ਸਨ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਅਤੇ ਡੀਜੀਪੀ ਨੇ ਪੁਲਿਸ ਦੀ ਇਸ ਟੀਮ ਨੂੰ ਸ਼ਾਬਾਸ਼ ਦਿੰਦਿਆਂ ਅਤੇ ਪੁਲਿਸ ਵੱਲੋਂ 10 ਲੱਖ ਰੁਪਏ ਦਾ ਨਗ਼ਦ ਇਨਾਮ ਪ੍ਰਦਾਨ ਕੀਤਾ ਹੈ ਅਤੇ ਟੀਮ ਨੂੰ ਤਰੱਕੀਆਂ ਮਿਲਣਗੀਆਂ।

  ਮਨਦੀਪ ਸਿੰਘ ਸਿੱਧੂ ਨੇ ਅੱਗੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਪੰਜਾਬ ਦੀ ਸੋਚ ਸੀ ਕਿ ਬੱਚੇ ਨੂੰ ਝਰੀਟ ਵੀ ਨਹੀਂ ਆਉਣੀ ਚਾਹੀਦੀ, ਜਿਸ ਲਈ ਖੰਨਾ ਪੁਲਿਸ ਸਮੇਤ ਮਾਲੇਰਕੋਟਲਾ ਅਤੇ ਪਟਿਆਲਾ ਪੁਲਿਸ ਨੇ ਇੱਕ ਸਾਂਝੇ ਉਪਰੇਸ਼ਨ ਤਹਿਤ ਅੱਜ ਬਾਅਦ ਦੁਪਹਿਰ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਉਨ੍ਹਾਂ ਨੇ ਇਸ ਉਪਰੇਸ਼ਨ ਨੂੰ ਸਫ਼ਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਪੁਲਿਸ ਅਧਿਕਾਰੀਆਂ ਦੀ ਪਿੱਠ ਥਾਪੜਦਿਆਂ ਦੱਸਿਆ ਕਿ ਪੰਜਾਬ ਪੁਲਿਸ ਦੇਸ਼ ਦੀ ਸਭ ਤੋਂ ਵੱਧ ਪੇਸ਼ੇਵਰ ਪੁਲਿਸ ਹੈ ਅਤੇ ਇਸ ਨੇ ਇਹ ਅਗਵਾ ਦਾ ਕੇਸ ਵੀ ਕੁਝ ਘੰਟਿਆਂ ਵਿੱਚ ਹੀ ਸੁਲਝਾ ਕੇ ਆਪਣੀ ਪੇਸ਼ੇਵਰ ਕਾਬਲੀਅਤ ਦੀ ਇੱਕ ਹੋਰ ਉਚ ਉਦਾਹਰਣ ਪੇਸ਼ ਕੀਤੀ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਐਸ.ਐਸ.ਪੀ. ਡਾ. ਨਾਨਕ ਸਿੰਘ, ਐਸ.ਐਸ.ਪੀ. ਮਾਲੇਰਕੋਟਲਾ ਗਗਨਅਜੀਤ ਸਿੰਘ, ਐਸ.ਪੀ ਪਟਿਆਲਾ ਵੈਭਵ ਚੌਧਰੀ ਤੇ ਐਸਪੀ ਮਾਲੇਰਕੋਟਲਾ ਵੈਭਵ ਕੁਮਾਰ ਸਮੇਤ ਹੋਰ ਪੁਲਿਸ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪਿਛਲੀ ਰਾਤ ਪਟਿਆਲਾ ਤੇ ਮਾਲੇਰਕੋਟਲਾ ਦੇ ਐਸ.ਐਸ.ਪੀਜ ਸਮੇਤ ਐਸ.ਐਸ.ਪੀ ਖੰਨਾ ਡਾ ਜਯੋਤੀ ਯਾਦਵ ਨੇ ਸੌਂ ਕੇ ਨਹੀਂ ਦੇਖਿਆ ਸਗੋਂ ਬਦਮਾਸ਼ਾਂ ਦੀ ਪੈੜ ਨੱਪਣ ਦੇ ਉਪਰੇ਼ਸ਼ਨ ਦੀ ਅਗਵਾਈ ਕੀਤੀ।

ਇਸ ਮੌਕੇ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਆਪਰੇਸ਼ਨ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਮਾਰਚ ਦੀ ਸ਼ਾਮ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਅਗਵਾਕਾਰਾਂ ਨੇ ਆਪਣੇ ਘਰ ਦੇ ਬਾਹਰ ਖੇਡ ਰਹੇ 7 ਸਾਲਾਂ ਦੇ ਭਵਕੀਰਤ ਸਿੰਘ ਨੂੰ ਉਸਦੇ ਪਿੰਡ ਖੰਨਾ-ਮਾਲੇਰਕੋਟਲਾ ਰੋਡ 'ਤੇ ਸਥਿਤ ਪਿੰਡ ਸ਼ੀਹਾਂ ਦੌਦ ਤੋਂ ਅਗਵਾ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਨੇ ਪਰਿਵਾਰ ਕੋਲੋਂ ਇੱਕ ਕਰੋੜ ਰੁਪਏ ਦੀ ਫ਼ਿਰੌਤੀ ਦੀ ਰਕਮ ਦੀ ਮੰਗ ਕੀਤੀ ਸੀ। ਡੀ.ਆਈ.ਜੀ. ਸਿੱਧੂ ਨੇ ਅੱਗੇ ਦੱਸਿਆ ਕਿ ਇਸ ਅਗਵਾ ਦੀ ਵਾਰਦਾਤ ਨੂੰ ਸੁਲਝਾਉਣ ਲਈ ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਮਿਲੇ ਆਦੇਸ਼ਾਂ ਮੁਤਾਬਕ ਵੱਖ-ਵੱਖ ਤਕਨੀਕੀ ਮਾਹਰ ਟੀਮਾਂ ਦਾ ਗਠਨ ਕੀਤਾ ਗਿਆ ਤੇ ਵਿਆਪਕ ਪੱਧਰ 'ਤੇ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ, ਕਿਉਂਕਿ ਅਗਵਾਕਾਰ ਘਟਨਾ ਤੋਂ ਬਾਅਦ ਮਲੇਰਕੋਟਲਾ-ਖੰਨਾ ਸੜਕ 'ਤੇ ਦੇਖੇ ਗਏ ਸਨ।

 ਡੀ.ਆਈ.ਜੀ. ਸਿੱਧੂ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਗਵਾਕਾਰ ਪਟਿਆਲਾ ਜ਼ਿਲ੍ਹੇ 'ਚ ਨਾਭਾ ਸੜਕ 'ਤੇ ਪਿੰਡ ਮੰਡੌੜ ਨੇੜੇ ਤੇੜੇ ਹਨ, ਤਾਂ ਪਟਿਆਲਾ, ਮਾਲੇਰਕੋਟਲਾ ਅਤੇ ਖੰਨਾ ਪੁਲਿਸ ਦੀਆਂ ਟੀਮਾਂ ਨੇ ਤੁਰੰਤ ਸਾਂਝੀ ਕਾਰਵਾਈ ਕੀਤੀ। ਇਸ ਦੌਰਾਨ ਇੱਕ ਅਗਵਾਕਾਰਾ ਨੇ ਸੀ.ਸੀ.ਟੀ.ਵੀ. ਕੈਮਰ‌ਿਆਂ ਤੋਂ ਬਚਣ ਲਈ ਬੱਚੇ ਨੂੰ ਫਾਰਚੂਨਰ ਗੱਡੀ ਵਿੱਚ ਬਿਠਾ ਲਿਆ ਸੀ। ਜਦਕਿ ਦੋ ਜਣੇ ਦੂਸਰੀ ‌ਦਿਸ਼ਾ ਵੱਲ ਚੱਲ ਪਏ ਸਨ, ਇਸ ਮੌਕੇ ਉਨ੍ਹਾਂ ਨੇ ਪੁਲਿਸ 'ਤੇ ਗੋਲੀ ਚਲਾਈ ਤਾਂ ਜਵਾਬੀ ਫਾਇਰਿੰਗ 'ਚ ਇੱਕ ਅਗਵਾਕਾਰ ਮਾਰਿਆ ਗਿਆ, ਜਿਸ ਦੀ ਪਛਾਣ ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਸ਼ੀਹਾਂ ਦੌਦ ਵਜੋਂ ਹੋਈ ਹੈ। ਜਦੋਂ ਕਿ ਉਸਦੇ ਦੂਸਰੇ ਸਾਥੀਆਂ ਹਰਪ੍ਰੀਤ ਸਿੰਘ ਪੁੱਤਰ ਮਨਜੀਤ ਸਿੰਘ ਤੇ ਰਵੀ ਭਿੰਡਰ ਪੁੱਤਰ ਧਰਪਾਲ ਵਾਸੀਅਨ ਅਮਰਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਗਵਾਕਾਰਾਂ ਕੋਲੋਂ 32 ਬੋਰ ਦਾ ਇੱਕ ਪਿਸਤੌਲ ਤੇ ਵਰਦਾਤ ਵਿੱਚ ਵਰਤਿਆ ਮੋਟਰਸਾਇਕਲ ਵੀ ਬਰਾਮਦ ਹੋਇਆ ਹੈ।
 

ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਸ਼ੀਹਾਂ ਦੌਦ ਦੇ ਕਿਸਾਨ ਅਤੇ ਕਮਿਸ਼ਨ ਏਜੰਟ ਗੁਰਜੰਟ ਸਿੰਘ ਨੇ ਪੁਲਿਸ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਸੀ ਕਿ ਉਸਦੇ ਪੋਤੇ ਭਵਕੀਰਤ ਸਿੰਘ, ਜੋ ਕਿ ਪਹਿਲੀ ਜਮਾਤ ਦਾ ਵਿਦਿਆਰਥੀ ਹੈ, ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਸਮੇਂ ਅਗਵਾ ਕਰ ਲਿਆ ਜਦੋਂ ਉਹ ਸ਼ਾਮ ਨੂੰ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ।ਉਨ੍ਹਾਂ ਦੱਸਿਆ ਕਿ ਇਸ ਸੂਚਨਾ ਦੇ ਆਧਾਰ 'ਤੇ ਖੰਨਾ ਪੁਲਿਸ ਨੇ ਮਾਮਲਾ ਦਰਜ ਕਰਕੇ ਤੁਰੰਤ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਇਸ ਉਪਰੇਸ਼ਨ ਵਿੱਚ ਸੀ.ਆਈ.ਏ ਪਟਿਆਲਾ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ, ਸਪੈਸ਼ਲ ਬਰਾਂਚ ਦੇ ਇੰਚਾਰਜ ਇੰਸਪੈਕਟਰ ਬਿੰਨੀ ਢਿੱਲੋਂ ਅਤੇ ਇੰਸਪੈਕਟਰ ਹੈਰੀ ਬੋਪਾਰਾਏ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਜਖ਼ਮੀ ਹੋਏ ਪੁਲਿਸ ਮੁਲਾਜਮਾਂ ਵਿਚ ਸਿਪਾਹੀ ਰੁਪਿੰਦਰ ਸਿੰਘ ਸਮੇਤ ਹੋਮਗਾਰਡਜ ਦੇ ਜਵਾਨ ਸ਼ਿਵਜੀ ਗਿਰੀ ਤੇ ਬਲਜਿੰਦਰ ਸਿੰਘ ਸ਼ਾਮਲ ਹਨ।