UAE ਦੇ ਰਾਜਦੂਤ ਨੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ, ਵਪਾਰ, ਵਣਜ ਅਤੇ ਹਵਾਈ ਸੰਪਰਕ ਬਾਰੇ ਹੋਇਆ ਵਿਚਾਰ-ਵਟਾਂਦਰਾ

ਏਜੰਸੀ

ਖ਼ਬਰਾਂ, ਪੰਜਾਬ

ਵਿਚਾਰ-ਚਰਚਾ ਦੌਰਾਨ ਉਠਾਇਆ ਗਿਆ ਇਕ ਮੁੱਖ ਮੁੱਦਾ ਪੰਜਾਬ ਅਤੇ ਯੂ.ਏ.ਈ. ਦੇ ਸ਼ਹਿਰਾਂ ਵਿਚਕਾਰ ਸਿੱਧੇ ਹਵਾਈ ਸੰਪਰਕ ਦੀ ਜ਼ਰੂਰਤ ਸੀ।

UAE Ambassador meets Chief Minister, discusses trade, commerce and air connectivity

 

 Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਾਰਤ ਵਿੱਚ ਯੂ.ਏ.ਈ. ਦੇ ਰਾਜਦੂਤ ਡਾ. ਅਬਦੁਲਨਾਸਰ ਜਮਾਲ ਅਲਸ਼ਾਲੀ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਪੰਜਾਬ ਅਤੇ ਯੂ.ਏ.ਈ. ਵਿਚਕਾਰ ਦੁਵੱਲੇ ਵਪਾਰ, ਨਿਵੇਸ਼ ਅਤੇ ਸੱਭਿਆਚਾਰਕ ਆਦਾਨ-ਪ੍ਰਦਾਨ ਨੂੰ ਮਜ਼ਬੂਤ ​​ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ ਗਈ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪੰਜਾਬ ਨੂੰ ਮੌਕਿਆਂ ਦੀ ਧਰਤੀ ਵਜੋਂ ਦਰਸਾਇਆ, ਇਸ ਦੇ ਮਜ਼ਬੂਤ ​​ਖੇਤੀਬਾੜੀ ਆਧਾਰ ਉਦਯੋਗਿਕ ਸੰਭਾਵਨਾ ਅਤੇ ਤੇਜ਼ੀ ਨਾਲ ਵਧ ਰਹੇ ਵਪਾਰਕ ਮਾਹੌਲ ਨੂੰ ਉਜਾਗਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਅਤੇ ਯੂ.ਏ.ਈ. ਦਰਮਿਆਨ ਵਪਾਰ ਅਤੇ ਵਣਜ ਲਈ ਕੁਦਰਤੀ ਸਾਂਝ ਹੈ, ਜਿਸ ਨੂੰ ਆਪਸੀ ਲਾਭ ਲਈ ਵਰਤਿਆ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਪੰਜਾਬ ਦੇ ਅਨਾਜ ਉਤਪਾਦਨ, ਡੇਅਰੀ ਅਤੇ ਖੇਤੀ-ਪ੍ਰੋਸੈਸਿੰਗ ਦੇ ਗੜ੍ਹ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪੰਜਾਬ ਯੂ.ਏ.ਈ. ਦੀਆਂ ਖੁਰਾਕ ਸੁਰੱਖਿਆ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਨੇ ਆਈ.ਟੀ., ਲੌਜਿਸਟਿਕਸ, ਸਿਹਤ ਸੰਭਾਲ ਅਤੇ ਸਿੱਖਿਆ ਵਿੱਚ ਸਹਿਯੋਗ ਦੀ ਸੰਭਾਵਨਾ 'ਤੇ ਵੀ ਜ਼ੋਰ ਦਿੱਤਾ, ਜੋ ਦੋਵਾਂ ਖੇਤਰਾਂ ਲਈ ਨਵੇਂ ਆਰਥਿਕ ਮੌਕੇ ਪੈਦਾ ਕਰ ਸਕਦਾ ਹੈ।

ਭਵਿੱਖੀ ਸਹਿਯੋਗ ਨੂੰ ਢਾਂਚਾਗਤ ਦਿਸ਼ਾ ਦੇਣ ਲਈ ਇਕ ਜੁਆਇੰਟ ਵਰਕਿੰਗ ਗਰੁੱਪ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਗਿਆ, ਜੋ ਆਪਸੀ ਹਿੱਤਾਂ ਵਾਲੇ ਸੰਭਾਵੀ ਖੇਤਰਾਂ ਦਾ ਮੁਲਾਂਕਣ ਅਤੇ ਪੜਚੋਲ ਕਰੇਗਾ ਅਤੇ ਵਪਾਰ ਤੇ ਨਿਵੇਸ਼ ਵਧਾਉਣ ਲਈ ਰਣਨੀਤੀਆਂ ਤਿਆਰ ਕਰੇਗਾ।

ਵਿਚਾਰ-ਚਰਚਾ ਦੌਰਾਨ ਉਠਾਇਆ ਗਿਆ ਇਕ ਮੁੱਖ ਮੁੱਦਾ ਪੰਜਾਬ ਅਤੇ ਯੂ.ਏ.ਈ. ਦੇ ਸ਼ਹਿਰਾਂ ਵਿਚਕਾਰ ਸਿੱਧੇ ਹਵਾਈ ਸੰਪਰਕ ਦੀ ਜ਼ਰੂਰਤ ਸੀ। ਯੂ.ਏ.ਈ. ਦੇ ਰਾਜਦੂਤ ਨੇ ਵਪਾਰ, ਨਿਵੇਸ਼ ਅਤੇ ਸੈਰ-ਸਪਾਟੇ ਦੀ ਸਹੂਲਤ ਲਈ ਅੰਮ੍ਰਿਤਸਰ ਅਤੇ ਚੰਡੀਗੜ੍ਹ (ਮੋਹਾਲੀ) ਹਵਾਈ ਅੱਡਿਆਂ ਤੋਂ ਯੂ.ਏ.ਈ. ਲਈ ਵਾਧੂ ਸਿੱਧੀਆਂ ਉਡਾਣਾਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। 

ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਕੋਲ ਇਹ ਮਾਮਲਾ ਉਠਾਉਣਗੇ, ਜਿਸ ਵਿੱਚ ਯੂ.ਏ.ਈ. ਆਧਾਰਤ ਏਅਰਲਾਈਨਾਂ ਰਾਹੀਂ ਸਿੱਧੀ ਉਡਾਣ ਦੀ ਪ੍ਰਵਾਨਗੀ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੰਪਰਕ ਵਧਣ ਨਾਲ ਪੰਜਾਬ ਦੇ ਹਜ਼ਾਰਾਂ ਪਰਵਾਸੀ ਭਾਰਤੀਆਂ, ਕਾਰੋਬਾਰੀਆਂ ਅਤੇ ਪੇਸ਼ੇਵਰਾਂ ਲਈ ਵਪਾਰ, ਸੈਰ-ਸਪਾਟਾ ਅਤੇ ਯਾਤਰਾ ਦੀ ਸੌਖ ਵਧੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਬਿਹਤਰ ਹਵਾਈ ਸੰਪਰਕ ਨਾ ਸਿਰਫ਼ ਆਰਥਿਕ ਸਬੰਧਾਂ ਨੂੰ ਮਜ਼ਬੂਤ ​​ਕਰੇਗਾ, ਸਗੋਂ ਯਾਤਰੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਵੀ ਘਟਾਏਗਾ, ਜਿਨ੍ਹਾਂ ਨੂੰ ਇਸ ਸਮੇਂ ਯੂ.ਏ.ਈ. ਜਾਣ ਵਾਲੀਆਂ ਉਡਾਣਾਂ ਲਈ ਦਿੱਲੀ ਜਾਣਾ ਪੈਂਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਮੁੱਦੇ ਨੂੰ ਹੱਲ ਕਰਨ ਨਾਲ ਪੰਜਾਬ ਅਤੇ ਯੂ.ਏ.ਈ. ਵਿਚਕਾਰ ਵਧੇਰੇ ਆਰਥਿਕ ਸੰਭਾਵਨਾਵਾਂ ਪੈਦਾ ਹੋਣਗੀਆਂ।

ਇਹ ਮੀਟਿੰਗ ਆਰਥਿਕ ਸ਼ਮੂਲੀਅਤ ਵਧਾਉਣ ਅਤੇ ਪੰਜਾਬ-ਯੂ.ਏ.ਈ. ਸਬੰਧਾਂ ਨੂੰ ਨਵੀਆਂ ਉਚਾਈਆਂ ਉੱਤੇ ਲੈ ਜਾਣ ਲਈ ਸਾਂਝੇ ਦ੍ਰਿਸ਼ਟੀਕੋਣ ਨਾਲ ਸਮਾਪਤ ਹੋਈ, ਜਿਸ ਵਿੱਚ ਲੰਬੇ ਸਮੇਂ ਦੇ ਵਪਾਰ ਅਤੇ ਨਿਵੇਸ਼ ਸਾਂਝੇਦਾਰੀ 'ਤੇ ਧਿਆਨ ਕੇਂਦਰਿਤ ਕੀਤਾ ਗਿਆ।

ਮੀਟਿੰਗ ਵਿੱਚ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਧ, ਮੁੱਖ ਸਕੱਤਰ ਕੇ.ਏ.ਪੀ. ਸਿਨਹਾ, ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ, ਸੀ.ਈ.ਓ. ਇਨਵੈਸਟ ਪੰਜਾਬ ਅਮਿਤ ਢਾਕਾ ਅਤੇ ਪੰਜਾਬ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।