ਸਿੱਧੂ ਨੇ ਤੇਲੰਗਾਨਾ ਵਿਚ ਵੇਖੀਆਂ 'ਸੋਨੇ ਦੀਆਂ ਖੱਡਾਂ'
ਸੂਬੇ ਦੇ ਸਫ਼ਲ ਖਣਨ ਮਾਡਲ ਤੋਂ ਹੋਏ ਨਿਹਾਲ, ਪੰਜਾਬ 'ਚ ਵੀ ਲਾਗੂ ਕਰਨ ਦਾ ਇਰਾਦਾ
ਪੰਜਾਬ ਵਿਚ ਖਣਨ ਦੀ ਅਥਾਹ ਸਮਰੱਥਾ ਨੂੰ ਵੇਖਦਿਆਂ ਸੂਬੇ ਵਿਚ ਵਿਆਪਕ ਤੇ ਅਸਰਦਾਰ ਖਣਨ ਨੀਤੀ ਨੂੰ ਲਾਗੂ ਕਰਨ ਨਾਲ ਇਹ ਖੇਤਰ ਸੂਬੇ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਦੇ ਸਕਦਾ ਹੈ ਅਤੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਵਾਜਬ ਕੀਮਤਾਂ ਉਤੇ ਰੇਤਾ ਮਿਲ ਸਕਦਾ ਹੈ। ਇਹ ਗੱਲ ਖਣਨ ਬਾਰੇ ਬਣੀ ਕੈਬਨਿਟ ਸਬ ਕਮੇਟੀ ਦੇ ਮੁਖੀ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵਫ਼ਦ ਸਮੇਤ ਹੈਦਰਾਬਾਦ ਦੇ ਦੌਰੇ ਦੌਰਾਨ ਤੇਲੰਗਾਨਾ ਦੇ ਅਧਿਕਾਰੀਆਂ ਵਲੋਂ ਦੱਸੇ ਸਫ਼ਲ ਖਣਨ ਮਾਡਲ ਅਤੇ ਖਣਨ ਦੀਆਂ ਖੱਡਾਂ ਨੂੰ ਵੇਖਣ ਮਗਰੋਂ ਜਾਰੀ ਪ੍ਰੱੈਸ ਬਿਆਨ ਵਿਚ ਕਹੀ।ਸਿੱਧੂ ਨੇ ਕਿਹਾ ਕਿ ਤੇਲੰਗਾਨਾ ਦੇ ਮਾਡਲ ਅਤੇ ਤੇਲੰਗਾਨਾ ਮੁਕਾਬਲੇ ਪੰਜਾਬ ਵਿਚ ਦਰਿਆਵਾਂ ਦੀ ਵੱਧ ਗਿਣਤੀ ਨੂੰ ਵੇਖਦਿਆਂ ਸੂਬੇ ਦੀ ਵੱਧ ਸਮਰੱਥਾ ਕਾਰਨ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਪੰਜਾਬ ਦੀ ਕਮਜ਼ੋਰੀ ਬਣੀ ਖਣਨ ਸੱਭ ਤੋਂ ਮਜ਼ਬੂਤ ਪਹਿਲੂ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਸੂਬੇ ਨੇ ਅਪਣੀ ਕਾਬਲੀਅਤ, ਮੁਸਤੈਦੀ ਅਤੇ ਅਸਰਦਾਰ ਨੀਤੀ ਨਾਲ ਰੇਤੇ ਦੀਆਂ ਖੱਡਾਂ ਨੂੰ ਸੋਨੇ ਦੀਆਂ ਖੱਡਾਂ ਬਣਾ ਲਿਆ ਹੈ।
ਵਫ਼ਦ ਵਿਚ ਸ. ਸਿੱਧੂ ਨਾਲ ਪ੍ਰਮੁੱਖ ਸਕੱਤਰ ਖਣਨ ਜਸਪਾਲ ਸਿੰਘ, ਸਕੱਤਰ ਕਮ ਡਾਇਰੈਕਟਰ ਖਣਨ ਕੁਮਾਰ ਰਾਹੁਲ, ਚੀਫ਼ ਇੰਜਨੀਅਰ ਵਿਨੋਦ ਚੌਧਰੀ ਤੇ ਮੰਤਰੀ ਦੇ ਸਲਾਹਕਾਰ ਅੰਗਦ ਸਿੰਘ ਸੋਹੀ ਸ਼ਾਮਲ ਹਨ। ਮੀਟਿੰਗਾਂ ਤੋਂ ਬਾਅਦ ਪੰਜਾਬ ਤੋਂ ਆਏ ਵਫਦ ਦਾ ਖਣਨ ਵਾਲੀਆਂ ਥਾਵਾਂ ਦਾ ਦੌਰਾ ਵੀ ਕਰਵਾਇਆ ਗਿਆ। ਤੇਲੰਗਾਨਾ ਰਾਜ ਖਣਨ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ ਡਾ. ਜੀ ਮਾਲਸੁਰ ਅਤੇ ਜਨਰਲ ਮੈਨੇਜਰ ਰਾਜ ਸ਼ੇਅਰ ਰੈਡੀ ਪੰਜਾਬ ਦੇ ਵਫਦ ਨਾਲ ਹੈਦਰਾਬਾਦ ਤੋਂ 200 ਕਿਲੋਮੀਟਰ ਦੂਰ ਜੈਆਸ਼ੰਕਰ ਭੂਪਲਪੱਲੀ ਜ਼ਿਲ੍ਹੇ ਦੇ ਪਿੰਡ ਪੁਸਕੂਪੱਲੀ ਵਿਚ ਗੋਦਾਵਰੀ ਦਰਿਆ ਵਿਖੇ ਚੱਲ ਰਹੀ ਰੇਤੇ ਦੀ ਖੱਡ ਦੇ ਕੰਮ ਨੂੰ ਵੇਖਿਆ। ਤੇਲੰਗਾਨਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਅਪਣੇ ਮਾਡਲ ਬਾਰੇ ਪੇਸ਼ਕਾਰੀ ਵੀ ਦਿਤੀ।