ਅੰਮ੍ਰਿਤਸਰ ਦਿਹਾਤੀ ਵਲੋਂ 'ਮੈਂ ਹਾਂ ਵਲੰਟੀਅਰ' ਮੁਹਿੰਮ ਦੀ ਸ਼ੁਰੂਆਤ
ਤਾਲਾਬੰਦੀ ਦੌਰਾਨ ਸਾਰੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਢੁੱਕਵੀਂ ਸਪਲਾਈ ਅਤੇ ਵੰਡ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਨੇ
ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ): ਤਾਲਾਬੰਦੀ ਦੌਰਾਨ ਸਾਰੇ ਲੋੜਵੰਦ ਵਿਅਕਤੀਆਂ ਨੂੰ ਭੋਜਨ ਅਤੇ ਜ਼ਰੂਰੀ ਵਸਤਾਂ ਦੀ ਢੁੱਕਵੀਂ ਸਪਲਾਈ ਅਤੇ ਵੰਡ ਯਕੀਨੀ ਬਣਾਉਣ ਲਈ, ਪੰਜਾਬ ਪੁਲਿਸ ਨੇ ਜ਼ਿਲ੍ਹਿਆਂ ਵਿਚ ਕੇਂਦਰੀ ਖ਼ੁਰਾਕ ਪੂਲ ਤਿਆਰ ਕੀਤੇ ਹਨ। ਇਸ ਪੂਲ ਪ੍ਰਣਾਲੀ ਵਿਚ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਕੰਮ ਕਰਨ ਲਈ ਪਿੰਡ ਦੇ ਪੁਲਿਸ ਅਧਿਕਾਰੀ (ਵੀਪੀਓਜ਼), ਐਨਜੀਓਜ਼, ਦਾਨੀ, ਵਲੰਟੀਅਰਾਂ ਤੋਂ ਇਲਾਵਾ ਧਾਰਮਕ ਸੰਸਥਾਵਾਂ ਅਤੇ ਸਮਾਜ ਭਲਾਈ ਗਰੁੱਪਾਂ ਨੂੰ ਸ਼ਾਮਲ ਕੀਤਾ ਗਿਆ ਹੈ। ਡੀ.ਜੀ.ਪੀ. ਦਿਨਕਰ ਗੁਪਤਾ ਅਨੁਸਾਰ ਪੂਲ ਨੂੰ ਫ਼ੀਲਡ ਅਧਿਕਾਰੀਆਂ ਤੋਂ ਇਨਪੁਟਸ ਮਿਲਦੀਆਂ ਹਨ ਜੋ ਰਿਸੋਰਸ ਪੂਲਿੰਗ ਅਤੇ ਡਿਸਟ੍ਰੀਬਿਊਸ਼ਨ ਪ੍ਰਣਾਲੀ ਨਾਲ ਮੰਗ ਅਤੇ ਸਪਲਾਈ ਖੇਤਰਾਂ ਦਾ ਨਿਯਮਤ ਰਿਕਾਰਡ ਰਖਦੇ ਹਨ।
ਉਨ੍ਹਾਂ ਦਸਿਆ ਕਿ ਦਾਨੀਆਂ ਨਾਲ ਤਾਲਮੇਲ ਕਰਨ ਲਈ ਵੀ.ਪੀ.ਓਜ਼ ਵਲੋਂ ਵੱਟਸਐਪ ਗਰੁਪ ਬਣਾਏ ਗਏ ਹਨ ਤਾਂ ਜੋ ਭੋਜਨ ਸਮੱਗਰੀ ਦੀ ਵੰਡ ਵਿਚ ਕਿਸੇ ਕਿਸਮ ਦੀ ਡੁਪਲੀਕੇਸ਼ਨ (ਦੁਹਰਾਉਣਾ) ਤੋਂ ਬਚਿਆ ਜਾ ਸਕੇ। ਭੋਜਨ, ਦਵਾਈਆਂ, ਸੈਨੇਟਰੀ ਪੈਡ, ਸੈਨੇਟਾਈਜ਼ਰ, ਮਾਸਕ ਅਤੇ ਸਾਬਣ ਆਦਿ ਵਸਤਾਂ ਪਹੁੰਚਾਉਣ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਹਰ ਸਮੂਹ ਵਿਚ ਸਬੰਧਤ ਖੇਤਰਾਂ ਦੇ ਔਸਤਨ 60/70 ਵਿਅਕਤੀ ਹਨ। ਪਿੰਡ ਜਾਂ ਵਾਰਡ-ਵਾਰ ਜ਼ਰੂਰਤਾਂ ਦਾ ਮੁਲਾਂਕਣ ਇਕ ਦਿਨ ਪਹਿਲਾਂ ਕੀਤਾ ਜਾਂਦਾ ਹੈ ਜਿਸ ਨੂੰ ਫਿਰ ਡੀਐਸਪੀ ਪੱਧਰ 'ਤੇ ਇਕਸਾਰ ਕੀਤਾ ਜਾਂਦਾ ਹੈ। ਡੀਜੀਪੀ ਨੇ ਦਸਿਆ ਕਿ ਸਾਰੇ ਦਾਨੀਆਂ ਤੋਂ ਪ੍ਰਾਪਤ ਰਾਸ਼ਨ ਦੀ ਵੰਡ ਐਨ.ਜੀ.ਓਜ਼ ਅਤੇ ਸਬੰਧਤ ਵੀਪੀਓਜ਼ ਦੁਆਰਾ ਕੀਤੀ ਜਾਂਦੀ ਹੈ, ਜੋ ਸਮਾਜਿਕ ਵਿੱਥ ਬਣਾਏ ਰੱਖਣ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੇ ਹਨ।