ਜਵਾਹਰਪੁਰ 'ਚ ਕੋਰੋਨਾ ਕਾਰਨ ਸਹਿਮ ਦਾ ਮਾਹੌਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਹੋਰ ਪਾਜ਼ੇਟਿਵ, ਪੀੜਤਾਂ ਦੀ ਗਿਣਤੀ 37 ਹੋਈ

File photo

ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) : ਜਵਾਹਰਪੁਰ ਪਿੰਡ ਵਿਚ ਕੋਰੋਨਾ ਮਰੀਜ਼ਾਂ ਦੀ ਵਧ ਰਹੀ ਗਿਣਤੀ ਨੂੰ ਲੈ ਕੇ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਐਤਵਾਰ ਨੂੰ ਤਿੰਨ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਧ ਕੇ 37 ਹੋ ਗਈ ਹੈ। ਇਹ ਤਿੰਨੋਂ ਪਾਜ਼ੇਟਿਵ ਮਰੀਜ਼ ਪਹਿਲਾਂ ਤੋਂ ਪੀੜਤ ਪਰਵਾਰਾਂ ਨਾਲ ਸਬੰਧ ਰਖਦੇ ਹਨ, ਜਿਨ੍ਹਾਂ ਵਿਚ ਤੇਜ ਕੌਰ (80) ਪੀੜਤ ਮਨਪ੍ਰੀਤ ਸਿੰਘ ਦੀ ਦਾਦੀ ਹੈ, ਹਰਦੇਵ ਕੌਰ (55) ਪੀੜਤ ਅਜੀਤ ਸਿੰਘ ਦੀ ਪਤਨੀ ਹੈ ਅਤੇ ਅਮਨਪ੍ਰੀਤ ਕੌਰ (17) ਸੱਭ ਤੋਂ ਪਹਿਲਾਂ ਪਾਜ਼ੇਟਿਵ ਆਏ ਪੀੜਤ ਪੰਚ ਮਲਕੀਤ ਸਿੰਘ ਦੀ ਧੀ ਹੈ।

ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਵੀ ਕੀਤਾ ਹੋਇਆ ਸੀ, ਜਿਨ੍ਹਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਤਿੰਨਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਦੱਸਣਯੋਗ ਹੈ ਕਿ ਸਿਹਤ ਵਿਭਾਗ ਨੇ ਸਨਿਚਰਵਾਰ ਸਵੇਰ ਨਵੇਂ ਪਾਜ਼ੇਟਿਵ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਪੁਰਾਣੇ ਤੇ ਨਵੇਂ ਮਰੀਜ਼ਾਂ ਦੇ ਸੰਪਰਕ ਵਿਚ ਆਏ 38 ਵਿਅਕਤੀਆਂ ਦੇ ਨਮੂਨੇ ਜਾਂਚ ਲਈ ਪੀ.ਜੀ.ਆਈ. ਭੇਜੇ ਸਨ, ਜਿਨ੍ਹਾਂ ਵਿਚੋਂ ਤਿੰਨ ਔਰਤਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦਕਿ 30 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਅਤੇ ਪੰਜ ਦੀ ਰਿਪੋਰਟ ਆਉਣਾ ਅਜੇ ਬਾਕੀ ਹੈ।

ਜਲੰਧਰ: 24 ਘੰਟਿਆਂ 'ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ
ਜਲੰਧਰ, 12 ਅਪ੍ਰੈਲ (ਵਰਿੰਦਰ ਸ਼ਰਮਾ): ਕੋਰੋਨਾ ਦਾ ਕਹਿਰ ਪੰਜਾਬ ਵਿਚ ਵਧਦਾ ਹੀ ਜਾ ਰਿਹਾ ਹੈ। ਜਲੰਧਰ ਸ਼ਹਿਰ ਵਿਚ ਕੋਰੋਨਾ ਦੇ 24 ਘੰਟੇ ਵਿਚ   ਪਹਿਲਾਂ 4 ਅਤੇ ਬਾਅਦ ਵਿਚ 3 ਨਵੇਂ ਕੇਸ ਸਾਹਮਣੇ ਆਉਣ ਦੀ ਖ਼ਬਰ ਹੈ। ਅੱਜ ਪਹਿਲਾਂ ਸਾਹਮਣੇ ਆਏ ਪਾਜ਼ੇਟਿਵ ਕੇਸਾਂ ਵਿਚ 2 ਔਰਤਾਂ ਤੇ 2 ਆਦਮੀ ਸ਼ਾਮਲ ਸਨ ਤੇ ਉਸ ਤੋਂ ਬਾਅਦ ਜਲੰਧਰ ਦੀ ਪੁਰਾਣੀ ਸਬਜ਼ੀ ਮੰਡੀ ਤੋਂ 3 ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ 5 ਪਾਜ਼ੇਟਿਵ ਕੇਸ ਇਕੋ ਹੀ ਪਰਵਾਰ ਦੇ ਦੱਸੇ ਜਾ ਰਹੇ ਹਨ। ਇਨ੍ਹਾਂ ਵਿਚੋਂ ਇਕ ਮਰੀਜ਼ ਤਬਲੀਗ਼ੀ ਜਮਾਤ ਦਾ ਹੈ। ਤਬਲੀਗ਼ੀ ਜਮਾਤ ਦੇ ਵਿਅਕਤੀ ਦਾ ਪਹਿਲਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਇਹ ਸਾਰੇ ਮਰੀਜ਼ ਜੋ ਅੱਜ ਪਾਜ਼ੇਟਿਵ ਮਿਲੇ ਹਨ, ਪਹਿਲਾਂ ਤੋਂ ਕੋਰੋਨਾ ਪਾਜ਼ੇਟਿਵ ਮਿਲੇ ਮਰੀਜ਼ਾਂ ਦੇ ਸੰਪਰਕ ਵਿਚ ਹੀ ਆਏ ਸਨ। ਅੱਜ ਮਿਲੇ ਪਾਜ਼ੇਟਿਵ ਕੇਸ 1 ਭੈਰੋਂ ਬਾਜ਼ਾਰ, 1 ਤਬਲੀਗ਼ੀ ਜਮਾਤ ਤੇ ਬਾਕੀ 5 ਜਲੰਧਰ ਦੀ ਪੁਰਾਣੀ ਸਬਜ਼ੀ ਮੰਡੀ ਦੇ ਹਨ। ਇਕਦਮ ਇਕੱਠੇ 7 ਨਵੇਂ ਕੇਸ ਸਾਹਮਣੇ ਆਉਣਾ ਬਹੁਤ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜੋ ਲੋਕ ਇਨ੍ਹਾਂ ਦੇ ਸੰਪਰਕ ਵਿਚ ਆਏ ਸਨ, ਉਨ੍ਹਾਂ ਦਾ ਪਤਾ ਲਗਾਉਣਾ ਪ੍ਰਸ਼ਾਸਨ ਲਈ ਚੁਨੌਤੀ ਹੋਵੇਗਾ। ਜੇ ਉਹ ਸਾਹਮਣੇ ਨਹੀਂ ਆਉਂਦੇ ਤਾਂ ਇਹ ਵਾਇਰਸ ਜਲੰਧਰ ਵਿਚ ਹੋਰ ਤੇਜ਼ੀ ਨਾਲ ਫੈਲੇਗਾ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਨ੍ਹਾਂ ਲੋਕਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ, ਜੋ ਉਨ੍ਹਾਂ ਦੇ ਟੈਸਟ ਕਰ ਕੇ ਇਸ ਨਾਮੁਰਾਦ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।
 

ਪੰਜਾਬ ਸਰਕਾਰ ਵਲੋਂ ਨਿਜੀ ਸਿਹਤ ਸੇਵਾਵਾਂ ਅਪਣੇ ਹੱਥ ਲੈਣ ਦੀ ਤਿਆਰੀ
ਚੰਡੀਗੜ੍ਹ, 12 ਅਪ੍ਰੈਲ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧ ਰਹੇ ਖ਼ਤਰੇ ਦੇ ਮੱਦੇਨਜ਼ਰ ਹੁਣ ਰਾਜ ਸਰਕਾਰ ਨੇ ਪ੍ਰਬੰਧਾਂ ਨੂੰ ਹੋਰ ਪੁਖ਼ਤਾ ਕਰਨ ਲਈ ਤੇਜ਼ੀ ਨਾਲ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਗਏ ਹਨ। ਜਿਥੇ ਵੱਡੀ ਪੱਧਰ 'ਤੇ ਟੈਸਟਾਂ ਦੀ ਤਿਆਰੀ ਹੈ, ਉਥੇ ਮੈਡੀਕਲ ਸਾਜੋ ਸਮਾਨ ਜਿਨ੍ਹਾਂ 'ਚ ਵੈਂਟੀਲੇਟਰ, ਪੀ.ਪੀ.ਈ ਕਿੱਟਾਂ ਤੇ ਐਨ 95 ਮਾਸਕ ਆਦਿ ਸ਼ਾਮਲ ਹਨ ਦਾ ਸਟਾਕ ਪੂਰਾ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ।

ਸੱਭ ਤੋਂ ਅਹਿਮ ਗੱਲ ਹੈ ਕਿ ਨਿਜੀ ਸਿਹਤ ਸੇਵਾਵਾਂ ਨੂੰ ਭਵਿੱਖ 'ਚ ਸੰਕਟ ਸਮੇਂ ਇਸਤੇਮਾਲ ਕਰਨ ਲਈ ਸਰਕਾਰ ਨੇ ਅਪਣੇ ਹੱਥ 'ਚ ਲੈਣ ਦੀ ਤਿਆਰੀ ਕਰ ਲਈ ਹੈ। ਇਸ ਲਈ ਤਿੰਨ ਆਈ.ਏ.ਐਸ ਅਧਿਕਾਰੀਆਂ ਨੂੰ ਸਿਹਤ ਵਿਭਾਗ ਨਾਲ ਜੋੜ ਕੇ ਜ਼ਿੰਮੇਵਾਰੀਆਂ ਦਿਤੀਆਂ ਗਈਆਂ ਹਨ। ਇਸ ਸਬੰਧ 'ਚ ਪੰਜਾਬ ਮੰਤਰੀ ਮੰਡਲ 'ਚ ਆਰਡੀਨੈਂਸ ਜਾਰੀ ਕਰਨ ਲਈ ਪ੍ਰਸਤਾਵ ਪਹਿਲਾਂ ਹੀ ਪਾਸ ਕੀਤਾ ਜਾ ਚੁੱਕਾ ਹੈ।

ਮੁੱਖ ਸਕੱਤਰ ਵਲੋਂ ਜਾਰੀ ਹੁਕਮਾਂ ਮੁਤਾਬਕ ਆਈ.ਏ.ਐਸ ਅਧਿਕਾਰੀਆ 'ਚ ਰਜਤ ਅਗਰਵਾਲ ਨੂੰ ਅਪਣੇ ਵਿਭਾਗਾਂ ਤੋਂ ਇਲਾਵਾ ਸਿਹਤ ਤੇ ਪ੍ਰਵਾਰ ਕਲਿਆਣ ਵਿਭਾਗ ਸਕੱਤਰ ਦਾ ਚਾਰਜ ਵੀ ਦਿਤਾ ਗਿਆ ਹੈ। ਇਸ ਤਰ੍ਹਾ ਦਿਲਰਾਜ ਸਿੰਘ ਅਤੇ ਈਸ਼ਾ ਨੂੰ ਸਿਹਤ ਵਿਭਾਗ ਦੇ ਵਿਸ਼ੇਸ਼ ਸਕੱਤਰਾਂ ਦਾ ਕੰਮਕਾਰ ਵੀ ਸੌਂਪਿਆ ਗਿਆ ਹੈ। ਇਨ੍ਹਾਂ ਨੂੰ ਰਾਜ ਦੇ ਨਿੱਜੀ ਹਸਪਤਾਲਾਂ ਦੀ ਪੂਰੀ ਨਿਸ਼ਾਨਦੇਹੀ ਕਰ ਕੇ ਉਥੇ ਉਪਲੱਬਧ ਸਹੂਲਤਾਂ ਤੇ ਸਾਜੋ ਸਾਮਾਨ ਦੇ ਵੇਰਵੇ ਤਿਆਰ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਅਧਿਕਾਰੀਆ ਨੂੰ ਕੋਰੋਨਾ ਵਿਰੋਧੀ ਮੁਹਿੰਮ ਤਹਿਤ ਹੋਰ ਜ਼ਿੰਮੇਦਾਰੀਆਂ ਵੀ ਦਿਤੀਆਂ ਗਈਆਂ ਹਨ। ਇਹਹ ਅਿਘਕਾਰੀ ਹੋਟਲਾਂ ਤੇ ਹੋਰ ਥਾਵਾਂ 'ਚ ਏਕਾਂਤਵਾਸ ਲਈ ਕੇਂਦਰ ਸਥਾਪਤ ਕਰਨ ਦੀਆਂ ਸੰਭਾਵਨਾ ਦਾ ਵੀ ਪਤਾ ਲਾਉਣਗੇ।