ਪੱਟੀ 'ਚ ਮਿਲੇ ਦੋ ਸ਼ੱਕੀ ਮਰੀਜ਼ ਸਿਹਤ ਵਿਭਾਗ ਨੇ ਤਰਨਤਾਰਨ ਭੇਜੇ
ਰਿਸ਼ਤੇਦਾਰੀ 'ਚ ਸਸਕਾਰ 'ਚ ਸ਼ਾਮਲ ਹੋਣ ਲਈ ਗਏ ਸੀ ਜਲੰਧਰ
ਪੱਟੀ (ਅਜੀਤ ਘਰਿਆਲਾ, ਪ੍ਰਦੀਪ): ਸਥਾਨਕ ਸ਼ਹਿਰ ਦੇ ਭੱਲਿਆ ਮੁਹੱਲੇ ਵਿਖੇ ਇਕ ਘਰ 'ਚ (ਪਤੀ-ਪਤਨੀ) ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਵਜੋਂ ਪਾਏ ਗਏ ਜਿਨ੍ਹਾਂ ਨੂੰ ਤਰਨਤਾਰਨ ਹਸਪਤਾਲ ਭੇਜਿਆ ਗਿਆ। ਜਿਨ੍ਹ੍ਹਾਂ ਦੀ ਸ਼ਿਨਾਖ਼ਤ ਪਵਨ ਕੁਮਾਰ ਅਤੇ ਉਸ ਦੀ ਪਤਨੀ ਸ਼ਰਨਜੀਤ ਕੌਰ (40) ਵਾਸੀ ਭੱਲਿਆ ਮੁਹੱਲਾ ਪੱਟੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦੋਵੇਂ ਪਤੀ-ਪਤਨੀ 6 ਅਪ੍ਰੈਲ ਨੂੰ ਅਪਣੇ ਰਿਸ਼ਤੇਦਾਰੀ ਵਿਚ ਮਰਗ ਹੋ ਜਾਣ 'ਤੇ ਮੋਟਰ ਸਾਈਕਲ 'ਤੇ ਜਲੰਧਰ ਵਿਖੇ ਗਏ ਸਨ ਅਤੇ 8 ਅਪ੍ਰੈਲ ਨੂੰ ਵਾਪਸ ਪੱਟੀ ਆਏ ਜਿਸ ਦੀ ਸੂਚਨਾ ਸਿਹਤ ਵਿਭਾਗ ਪੱਟੀ ਨੂੰ ਮਿਲੀ ਤਾਂ ਡਾ. ਰਜ਼ਨੀਸ਼ ਕੁਮਾਰ ਅਪਣੀ ਟੀਮ ਸਮੇਤ ਪੁੱਜੇ ਅਤੇ ਪਤੀ-ਪਤਨੀ ਨੂੰ ਇਲਾਜ਼ ਲਈ ਹਸਪਤਾਲ ਲੈ ਕੇ ਜਾਣ ਉਪਰੰਤ ਦੋਹਾਂ ਨੂੰ ਜਾਂਚ ਲਈ ਸਿਵਲ ਹਸਪਤਾਲ ਤਰਨਤਾਰਨ ਦੇ ਆਈਸੋਲੀਨ ਵਿਖੇ ਭੇਜ ਦਿਤਾ ਹੈ।
ਡਾ. ਰਜ਼ਨੀਸ਼ ਕੁਮਾਰ ਨੇ ਦਸਿਆ ਕਿ ਉਕਤ ਪਤੀ-ਪਤਨੀ ਨੇ ਖ਼ਾਂਸੀ ਹੋਣ ਸਬੰਧੀ ਦਸਿਆ ਜਿਨ੍ਹਾਂ ਨੂੰ ਤਰੁਤ ਕੋਰੋਨਾ ਵਾਇਰਸ ਦੀ ਜਾਂਚ ਸਬੰਧੀ ਤਰਨਤਾਰਨ ਭੇਜਿਆ ਗਿਆ ਹੈ ਅਤੇ ਕਲ ਨੂੰ ਇਨ੍ਹਾਂ ਦੀ ਰੀਪੋਰਟ ਮਿਲਣ 'ਤੇ ਪੁਸ਼ਟੀ ਹੋਵੇਗੀ ਕਿ ਇਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਹਨ ਜਾਂ ਨਹੀਂ। ਇਸ ਸਬੰਧੀ ਡਾ. ਰਜਨੀਸ਼ ਕੁਮਾਰ ਨੇ ਕਿਹਾ ਕਿ ਇਨਾਂ ਦੇ ਘਰ ਵਿਚ ਕੁਲ 4 ਮੈਂਬਰ ਹਨ ਅਤੇ ਬਾਕੀ ਦੋ ਮੈਂਬਰਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਅਤੇ ਉਨ੍ਹਾਂ ਦੇ ਹੱਥਾ ਉੱਪਰ ਮੋਹਰ ਲਗਾ ਕੇ 14 ਦਿਨ ਲਈ ਏਕਾਂਤਵਾਸ ਅਧੀਨ ਘਰ ਵਿਚ ਰਹਿਣ ਲਈ ਕਿਹਾ ਗਿਆ। ਇਸ ਸਬੰਧੀ ਪੱਟੀ ਸਿਟੀ ਦੇ ਥਾਣਾ ਮੁਖੀ ਅਜੇ ਕੁਮਾਰ ਖੁੱਲਰ ਨੇ ਕਿਹਾ ਕਿ ਭੱਲਿਆ ਵਾਲਾ ਮੁਹੱਲੇ ਨੂੰ ਸੀਲ ਕਰ ਦਿਤਾ ਗਿਆ ਹੈ।