ਵਿਸਾਖੀ 'ਤੇ ਘਰਾਂ 'ਚ ਹੀ ਮਾਨਸ ਜਾਤੀ ਦੇ ਭਲੇ ਦੀ ਕਰੀਏ ਅਰਦਾਸ : ਡਾ. ਰਾਜ
ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਸਾਰੇ ਪੰਜਾਬ ਵਾਸੀਆਂ ਅਤੇ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਨੂੰ ਇਸ ਦੀ ਵਧਾਈ ਦਿਤੀ।
ਹੁਸ਼ਿਆਰਪੁਰ (ਥਾਪਰ) : ਵਿਸਾਖੀ ਦੇ ਪਵਿੱਤਰ ਤਿਉਹਾਰ 'ਤੇ ਚੱਬੇਵਾਲ ਵਿਧਾਇਕ ਡਾ. ਰਾਜ ਕੁਮਾਰ ਨੇ ਸਾਰੇ ਪੰਜਾਬ ਵਾਸੀਆਂ ਅਤੇ ਵਿਦੇਸ਼ਾ ਵਿਚ ਵਸਦੇ ਪੰਜਾਬੀਆਂ ਨੂੰ ਇਸ ਦੀ ਵਧਾਈ ਦਿਤੀ। ਡਾ. ਰਾਜ ਨੇ ਅਪਣੇ ਸੰਦੇਸ਼ ਵਿਚ ਕਿਹਾ ਕਿ ਇਹ ਖ਼ਾਲਸਾ ਪੰਥ ਦਾ ਸਿਰਜਣ ਦਿਵਸ ਸਾਡੇ ਸਿੱਖ ਭਾਈਚਾਰੇ ਤੇ ਏਕਤਾ ਦਾ ਪ੍ਰਤੀਕ ਹੈ। ਅੱਜ ਅਸੀਂ ਅਪਣੀ ਏਕਤਾ ਦਾ ਪ੍ਰਗਟਾਵਾ ਇਕ ਵਖਰੇ ਅੰਦਾਜ਼ ਵਿਚ ਕਰਨਾ ਹੈ। ਕੋਰੋਨਾ ਕਾਰਨ ਅਸੀਂ ਸਾਰਿਆਂ ਨੇ ਅਪਣੇ ਘਰਾਂ ਵਿਚ ਰਹਿ ਕੇ ਗੁਰਬਾਣੀ ਉਚਾਰਣ ਕਰਦਿਆਂ ਦਸਮ ਪਾਤਿਸ਼ਾਹ ਅਤੇ ਵਾਹਿਗੁਰੂ ਕੋਲ ਸਮੁੱਚੀ ਮਨੁੱਖਤਾ ਦੇ ਭਲੇ ਤੇ ਬਚਾਅ ਲਈ ਅਰਦਾਸ ਕਰਨੀ ਹੈ।
ਡਾ. ਰਾਜ ਨੇ ਅਕਾਲ ਤਖ਼ਤ ਵਲੋਂ ਵੀ ਵਿਸਾਖੀ ਘਰਾਂ ਵਿਚ ਹੀ ਮਨਾਉਣ ਦੀ ਕੀਤੀ ਅਪੀਲ ਨੂੰ ਮੰਨਣ ਲਈ ਸੰਗਤਾਂ ਨੂੰ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅੱਜ ਦੀ ਇਸ ਔਖੀ ਘੜੀ ਵਿਚ ਵੀ ਪੰਜਾਬ ਅਤੇ ਵਿਸ਼ਵ ਭਰ ਵਿਚ ਮਾਨਵਤਾ ਦੀ ਸੇਵਾ ਲਈ ਪੰਜਾਬੀ ਸਿੱਖ ਭਾਈਚਾਰਾ ਸੱਭ ਤੋਂ ਅੱਗੇ ਹੈ। ਡਾ. ਰਾਜ ਨੇ ਗੁਰਦੁਆਰਿਆਂ, ਧਾਰਮਕ ਸੰਸਥਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਤੇ ਕਈ ਲੋਕਾਂ ਵਲੋਂ ਨਿਜੀ ਤੌਰ 'ਤੇ ਅਤੇ ਐਨ.ਆਰ.ਆਈ. ਭਰਾਵਾਂ ਦੀ ਸ਼ਲਾਘਾ ਕੀਤੀ ਜੋ ਇਸ ਵੇਲੇ ਹਰ ਜ਼ਰੂਰਤਮੰਦ ਤਕ ਖਾਣਾ ਰਾਸ਼ਨ, ਦਵਾਈਆਂ ਪਹੁੰਚਾਉਣ ਦੇ ਸਰਕਾਰ ਦੇ ਉਪਰਾਲਿਆਂ ਵਿਚ ਸੰਪੂਰਣ ਸਹਿਯੋਗ ਦੇ ਰਹੇ ਹਨ।