ਬਾਦਲ ਵਲੋਂ ਨਿਹੰਗਾਂ ਦੇ ਬਾਣੇ 'ਚ ਕੁੱਝ ਸਮਾਜ ਵਿਰੋਧੀ ਤੱਤਾਂ ਦੁਆਰਾ ਪੁਲਿਸ 'ਤੇ ਹਮਲੇ ਦੀ ਨਿਖੇਧੀ
ਕਿਹਾ, ਡਾਕਟਰ ਅਤੇ ਸਿਹਤ ਕਾਮੇ ਮਨੁੱਖਤਾ ਦੇ ਸੱਚੇ ਨਾਇਕ ਹਨ, ਇਨ੍ਹਾਂ ਦੇ ਪਰਵਾਰਾਂ ਦਾ ਸਾਥ ਦਿਉ
ਬਠਿੰਡਾ ( ਸੁਖਜਿੰਧਰ ਮਾਨ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅੱਜ ਨਿਹੰਗਾਂ ਦੇ ਬਾਣੇ ਵਿਚ ਆਏ ਕੁੱਝ ਸਮਾਜ-ਵਿਰੋਧੀ ਤੱਤਾਂ ਦੁਆਰਾ ਪੁਲਿਸ ਕਰਮਚਾਰੀਆਂ 'ਤੇ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਜ਼ਿਕਰਯੋਗ ਹੈ ਕਿ ਬੁੱਢਾ ਦਲ ਨਿਹੰਗ ਮੁਖੀ ਨੇ ਵੀ ਬਾਅਦ ਵਿਚ ਉਨ੍ਹਾਂ ਰਿਪੋਰਟਾਂ ਨੂੰ ਗ਼ਲਤ ਦਸਿਆ ਸੀ ਜਿਨ੍ਹਾਂ ਵਿਚ ਹਮਲਾਵਰਾਂ ਨੂੰ ਨਿਹੰਗ ਦਸਿਆ ਗਿਆ ਸੀ। ਨਿਹੰਗ ਮੁਖੀ ਨੇ ਪੁਲਿਸ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਪ੍ਰੈਸ ਬਿਆਨ ਜਾਰੀ ਕਰਦਿਆਂ ਬਾਦਲ ਨੇ ਕਿਹਾ ਕਿ ਇਸ ਸਮੇਂ ਪੂਰੇ ਦੇਸ਼ ਅੰਦਰ ਪੁਲਿਸ ਅਤੇ ਨੀਮ ਫ਼ੌਜੀ ਦਸਤਿਆਂ ਦੇ ਮੈਂਬਰ ਬੇਹੱਦ ਬਹਾਦਰੀ, ਲਗਨ ਅਤੇ ਨਿਰਸੁਆਰਥ ਕੁਰਬਾਨੀ ਦੀ ਭਾਵਨਾ ਨਾਲ ਇਕ ਬਹੁਤ ਮੁਸ਼ਕਲ ਕਾਰਜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਮਨੁੱਖਤਾ ਨੂੰ ਬਚਾਉਣ ਲਈ ਇਕ ਅਣਦਿਸਦੇ ਦੁਸ਼ਮਣ ਵਿਰੁਧ ਇਸ ਤਰ੍ਹਾਂ ਦੀ ਖ਼ਤਰਨਾਕ ਲੜਾਈ ਲੜ ਰਹੇ ਹਨ, ਜਿਵੇਂ ਸਾਡੇ ਬਾਹਦਰ ਫ਼ੌਜੀ ਸਾਡੀਆਂ ਸਰਹੱਦਾਂ ਨੂੰ ਬਚਾਉਣ ਲਈ ਲੜਦੇ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਕਰਮੀ ਅਪਣੇ ਪਰਿਵਾਰਾਂ ਨੂੰ ਭੁੱਲ ਕੇ ਦਿਨ-ਰਾਤ ਇਹ ਯਕੀਨੀ ਬਣਾਉਣ 'ਚ ਲੱਗੇ ਹਨ ਕਿ ਇਹ ਅਣਦਿਸਦਾ ਦੁਸ਼ਮਣ ਸਾਨੂੰ ਹਰਾ ਨਾ ਦੇਵੇ। ਇਸ ਮੌਕੇ ਉਹ ਸਾਡੀ ਹਮਾਇਤ ਦੇ ਹੱਕਦਾਰ ਹਨ, ਨਾ ਕਿ ਅਜਿਹੇ ਘਟੀਆ ਵਤੀਰੇ ਦੇ, ਜਿਹੜਾ ਕੁੱਝ ਸਮਾਜ ਵਿਰੋਧੀ ਤੱਤਾਂ ਵੱਲੋਂ ਇਹਨਾਂ ਨਾਲ ਕੀਤਾ ਗਿਆ ਹੈ। ਡਾਕਟਰਾਂ, ਨਰਸਾਂ ਅਤੇ ਬਾਕੀ ਸਿਹਤ ਕਾਮਿਆਂ ਦੀ ਸ਼ਲਾਘਾ ਕਰਦਿਆਂ ਸਰਦਾਰ ਬਾਦਲ ਨੇ ਉਹਨਾਂ ਨੂੰ ਅੱਜ 'ਮਨੁੱਖਤਾ ਦੇ ਸੱਚੇ ਨਾਇਕ' ਕਰਾਰ ਦਿਤਾ। ਬਾਦਲ ਨੇ ਲੋਕਾਂ ਨੂੰ ਇਹਨਾਂ ਯੋਧੇ ਸਿਹਤ ਕਾਮਿਆਂ ਦੇ ਪਰਵਾਰਾਂ ਨਾਲ ਡਟ ਕੇ ਖੜ੍ਹਨ ਅਤੇ ਉਹਨਾਂ ਦੀ ਪੂਰੀ ਹਮਾਇਤ ਕਰਨ ਲਈ ਆਖਿਆ।