ਲੱਖਾਂ ਰੁਪਏ ਦੇ ਸਮਾਨ ਸਮੇਤ ਚੋਰ ਗਰੋਹ ਦੇ 5 ਮੈਂਬਰ ਕਾਬੂ ਕੀਤੇ
ਭਵਾਨੀਗੜ੍ਹ ਪੁਲਿਸ ਨੇ 7 ਮੈਂਬਰੀ ਚੋਰ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਪਿਛਲੇ ਦਿਨਾਂ ਵਿਚ ਭਵਾਨੀਗੜ੍ਹ ਸ਼ਹਿਰ ਵਿਚੋਂ ਚੋਰੀ ਕੀਤਾ ਲੱਖਾਂ ਰੁਪਏ
ਭਵਾਨੀਗੜ੍ਹ (ਗੁਰਦਰਸ਼ਨ ਸਿੰਘ ਸਿੱਧੂ/ਗੁਰਪ੍ਰੀਤ ਸਿੰਘ ਸਕਰੌਦੀ): ਭਵਾਨੀਗੜ੍ਹ ਪੁਲਿਸ ਨੇ 7 ਮੈਂਬਰੀ ਚੋਰ ਗਰੋਹ ਦੇ 5 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਪਾਸੋਂ ਪਿਛਲੇ ਦਿਨਾਂ ਵਿਚ ਭਵਾਨੀਗੜ੍ਹ ਸ਼ਹਿਰ ਵਿਚੋਂ ਚੋਰੀ ਕੀਤਾ ਲੱਖਾਂ ਰੁਪਏ ਦਾ ਸਮਾਨ ਵੀ ਬਰਾਮਦ ਕੀਤਾ। ਜਾਣਕਾਰੀ ਦਿੰਦਿਆਂ ਡੀਐਸਪੀ ਭਵਾਨੀਗੜ੍ਹ ਗੁਬਿੰਦਰ ਸਿੰਘ ਅਤੇ ਥਾਣਾ ਮੁਖੀ ਰਮਨਦੀਪ ਸਿੰਘ ਨੇ ਦਸਿਆ ਕਿ 10 ਅਪ੍ਰੈਲ ਨੂੰ ਥਾਣੇਦਾਰ ਕੁਲਵਿੰਦਰ ਸਿੰਘ ਨੇ ਚੋਰੀਆਂ ਸਬੰਧੀ ਇਕ ਪੱਕੀ ਇਤਲਾਹ ਮਿਲਣ ਉਤੇ ਪਿੰਡ ਰੋਸ਼ਨਵਾਲਾ ਦੇ ਨੇੜੇ ਗਾਜ਼ੋ ਕੁਮਾਰ ਵਾਸੀ ਸਿਮਰੀ ਬਖਤਿਆਰ ਪੁਰ, ਜ਼ਿਲ੍ਹਾ ਸਹਾਰਸਾ ਬਿਹਾਰ ਹਾਲ ਆਬਾਦ ਉਭਾਵਾਲ ਰੋਡ ਸੰਗਰੂਰ ਨੂੰ ਕਾਬੂ ਕੀਤਾ।
ਗਾਜ਼ੋ ਨੇ ਰੀਮਾਂਡ ਦੌਰਾਨ ਪੁੱਛਗਿੱਛ ਵੀ ਵਿਚ ਮੰਨਿਆਂ ਕਿ ਭਵਾਨੀਗੜ੍ਹ ਸ਼ਹਿਰ ਅੰਦਰ ਕੀਤੀਆਂ ਚੋਰੀਆਂ ਵਿਚ ਉਸ ਨਾਲ ਰਾਜੂ, ਸ਼ੰਕਰ, ਦਲੀਪ ਕੁਮਾਰ, ਸੋਨੂ, ਪੱਤਰਕਾਰ ਅਤੇ ਮਿਸਤਰੀ ਵੀ ਸ਼ਾਮਲ ਸਨ। ਪੁਲੀਸ ਨੇ ਇਨ੍ਹਾਂ ਵਿਚੋਂ 5 ਜਣਿਆਂ ਨੂੰ ਕਾਬੂ ਕਰ ਕੇ ਚੋਰੀ ਕੀਤੀਆਂ 3 ਐਲਸੀਡੀਆਂ, 2 ਇਨਵਰਟਰ, 2 ਬੈਟਰੇ, ਕਰੀਬ 40 ਕਿਲੋ ਤਾਂਬਾ, 176 ਟੂਟੀਆਂ, ਸਬਰਸੀਬਲ ਮੋਟਰ ਅਤੇ ਚੋਰੀਆਂ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰਵਾਏ। ਪੱਤਰਕਾਰ ਅਤੇ ਮਿਸਤਰੀ ਨਾਂ ਦੇ ਚੋਰ ਅਜੇ ਕਾਬੂ ਨਹੀਂ ਕੀਤੇ ਗਏ।
ਪੁਲੀਸ ਅਧਿਕਾਰੀਆਂ ਨੇ ਦਸਿਆ ਕਿ ਇਨ੍ਹਾਂ ਨੇ ਪਿਛਲੇ 9 ਮਹੀਨਿਆਂ ਅੰਦਰ ਭਵਾਨੀਗੜ੍ਹ ਸ਼ਹਿਰ ਵਿਚ ਤਿੰਨ ਵਾਰ ਕਈ ਕਈ ਦੁਕਾਨਾਂ ਵਿਚ ਚੋਰੀਆਂ ਕਰ ਕੇ ਦਹਿਸ਼ਤ ਦਾ ਮਾਹੌਲ ਬਣਾਇਆ ਸੀ। ਉਨ੍ਹਾਂ ਦਸਿਆ ਕਿ ਇਹ ਚੋਰ ਪਹਿਲਾਂ ਰੈਕੀ ਕਰ ਕੇ ਵਾਰਦਾਤ ਵਾਲੀ ਰਾਤ ਨੂੰ ਅਪਣੇ ਵਾਹਨ ਨੂੰ ਸ਼ਹਿਰ ਤੋਂ ਦੂਰ ਖੜਾ ਕਰ ਕੇ ਪੈਦਲ ਰਸਤੇ ਰਾਹੀ ਦੁਕਾਨਾਂ ਵਿਚ ਚੋਰੀ ਕਰ ਕੇ ਸਮਾਨ ਨੂੰ ਵਾਹਨ ਤਕ ਲੈਕੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਰੁਧ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿਚ ਚੋਰੀ ਦੇ ਮਾਮਲੇ ਦਰਜ ਹਨ। ਅਦਾਲਤ ਵਿਚ ਪੇਸ਼ ਕਰ ਕੇ ਰੀਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।