ਸ੍ਰੀ ਦਰਬਾਰ ਸਾਹਿਬ ਦੀ ਮਹੱਤਤਾ ਗੋਲਕਾਂ ਦੀ ਮੁਥਾਜ ਨਹੀਂ : ਸੁਖਦੇਵ ਸਿੰਘ ਭੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ-ਸਕੱਤਰ ਸੁਖਦੇਵ ਸਿੰਘ ਭੌਰ ਨੇ ਕੋਰੋਨਾ ਦੀ ਬਿਮਾਰੀ ਨੂੰ ਭਿਆਨਕ ਕਰਾਰ ਦਿੰਦਿਆਂ ਕਿਹਾ ਕਿ ਵਿਸ਼ਵ ਇਤਿਹਾਸ ਵਿਚ ਪਹਿਲੀ

File photo

ਅੰਮਿਰਤਸਰ  (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ-ਸਕੱਤਰ ਸੁਖਦੇਵ ਸਿੰਘ ਭੌਰ ਨੇ ਕੋਰੋਨਾ ਦੀ ਬਿਮਾਰੀ ਨੂੰ ਭਿਆਨਕ ਕਰਾਰ ਦਿੰਦਿਆਂ ਕਿਹਾ ਕਿ ਵਿਸ਼ਵ ਇਤਿਹਾਸ ਵਿਚ ਪਹਿਲੀ ਵਾਰ ਕੁਲ ਦੁਨੀਆ ਇਸ ਦੀ ਲਪੇਟ ਵਿਚ ਆਈ ਹੈ। ਉਨ੍ਹਾਂ ਮੁਤਾਬਕ ਤਿੰਨ ਹਫ਼ਤਿਆਂ ਤੋਂ ਕਰਫ਼ੀਊ ਲੱਗਾ ਹੈ, ਜਾਨਾਂ ਬਚਾਉਣ ਲਈ ਹੈ। ਰਿਸ਼ਤੇ ਤਿੜਕ ਰਹੇ ਹਨ, ਸੱਭ ਨੂੰ ਆਪੋ ਅਪਣੀ ਜਾਨ ਬਚਾਉਣ ਦੀ ਪਈ ਹੈ, ਮਾਪਿਆਂ ਦੀਆਂ ਲਾਸ਼ਾਂ ਧੀਆਂ-ਪੁੱਤਰਾਂ ਦੇ ਹੁੰਦਿਆਂ ਰੁਲ ਰਹੀਆਂ ਹਨ।  ਮਾਪਿਆਂ ਦੇ ਵਾਰਿਸ ਅਪਣੇ ਮਾਤਾ ਪਿਤਾ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਤੋਂ ਭੀ ਇਨਕਾਰੀ ਹਨ, ਬਹੁਤ ਭਿਆਨਕ ਹਾਲਤ ਹਨ ।

ਕੱਲ ਸ੍ਰ .ਰੂਪ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਦਾ ਇਕ ਇੰਟਰਵਿਊ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾਂ ਤੋਂ ਵੇਖਿਆ ਹੈ ਜਿਸ ਵਿਚ ਉਹ ਸੰਗਤ ਦੀ ਘੱਟ ਆਮਦ ਦਾ ਜ਼ਿਕਰ ਕਰਦਿਆਂ ਬਹੁਤ ਭਾਵੁਕ ਹੋ ਗਏ। ਸੰਗਤ ਦੀ ਆਮਦ ਵੱਧ ਘੱਟ ਜਾਣ ਨਾਲ ਗੋਲਕਾਂ ਤੇ ਤਾਂ ਅਸਰ ਹੋ ਸਕਦਾ ਹੈ ਪਰੰਤੂ ਸ੍ਰੀ ਦਰਬਾਰ ਸਾਹਿਬ ਦਾ ਸੰਦੇਸ਼ ਮੱਧਮ ਨਹੀਂ ਪੈ ਸਕਦਾ। ਸ੍ਰੀ ਦਰਬਾਰ ਸਾਹਿਬ ਦੀ ਮਹੱਤਤਾ ਗੋਲਕਾਂ ਦੀ ਮੁਥਾਜ਼  ਨਹੀਂ। ਵਕਤੀ ਘਟਨਾਵਾਂ ਸ੍ਰੀ ਦਰਬਾਰ ਸਾਹਿਬ ਦੀਆਂ ਰੌਣਕਾਂ ਨਹੀਂ ਘਟਾ ਸਕਦੀਆਂ।

ਹਰ ਗੁਰੂ ਕਾ ਸਿੱਖ ਟੈਲੀਵਿਜ਼ਨ ਅਤੇ ਇੰਟਰਨੈੱਟ ਰਾਹੀਂ ਸ੍ਰੀ ਦਰਬਾਰ ਸਾਹਿਬ ਨਾਲ ਅੱਜ ਭੀ ਉਨਾਂ ਹੀ ਜੁੜਿਆ ਹੋਇਆ ਹੈ ਜਿੰਨਾਂ ਪਹਿਲਾਂ ਸੀ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮਨੁੱਖਤਾ ਦੀ ਸੇਵਾ ਦੇ ਖੇਤਰ ਵਿਚ ਅਪਣਾਂ ਸਿਰਮੌਰ ਸਥਾਨ ਰੱਖਦੀ ਹੈ।  ਇਸ ਨੇ ਨੇ ਹਰ ਥਾਂ  ਬਣਦੀ ਜੁਮੇਵਾਰੀ ਨਿਭਾ ਕੇ ਪ੍ਰਸ਼ੰਸਾ ਖੱਟੀ ਹੈ। ਵਧੀਆ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀ ਅਤੇ ਮੁਲਾਜ਼ਮ ਸਤਿਕਾਰੇ ਜਾਂਦੇ ਰਹੇ ਹਨ। ਪਰ ਇਸ ਵਿਖੜ੍ਹੇ ਸਮੇ ਨਾ ਅਪਣੇ ਸਰੋਤਾਂ ਦਾ ਧਿਆਨ ਰਖਿਆ ਗਿਆ ਹੈ ਅਤੇ ਨਾ ਹੀ ਅਪਣੇ ਮੁਲਾਜ਼ਮਾਂ ਦੀ ਫ਼ਿਕਰ ਕੀਤੀ ਹੈ।

ਸਿਆਸੀ ਚੌਧਰੀਆਂ ਨੇ ਆਪਣੀਆਂ ਚੌਧਰਾਂ ਚਮਕਾਉਣ ਲਈ ਗੁਰੂ ਘਰਾਂ ਦੇ ਲੰਗਰਾਂ ਅਤੇ ਮੁਲਾਜ਼ਮਾਂ ਨੂੰ ਬੇਰਹਿਮੀ ਨਾਲ ਵਰਤਿਆ ਹੈ , ਜਦੋਂ ਸਰਕਾਰਾਂ ਕਰਫ਼ੀਊ ਲਾ ਕੇ ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਪ੍ਰੇਰ ਰਹੀਆਂ ਸਨ। ਗਰੀਬ ਮੁਲਾਜ਼ਮ ਚੌਧਰੀਆਂ ਅੱਗੇ ਬੇਬੱਸ ਹੋ ਕੇ ਲੰਗਰ ਸੇਵਾ ਵਿਚ ਜੁੱਟੇ ਹੋਏ ਸਨ, ਕਿਸੇ ਕੋਲ ਚੰਗਾ ਮਾਸਕ ਨਹੀਂ ਸੀ, ਕਿਸੇ ਕੋਲ ਦਸਤਾਨੇ ਅਤੇ ਸਰਕਾਰੀ ਹਦਾਇਤਾਂ ਮੁਤਾਬਕ ਸੁਰੱਖਿਆ ਦੇ ਸਾਧਨ ਨਹੀਂ ਸਨ। ਬੱਸ ਵਾਹਿਗੁਰੂ ਦਾ ਭਰੋਸਾ ਹੀ ਸੀ ਤੇ ਚੌਧਰੀ ਫੋਟੋ ਖਿਚਾਉਣ ਵਿਚ ਮਸਰੂਫ਼ ਸਨ।

ਮੈਂ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਸਕੱਤਰ ਨੂੰ ਵਾਰ ਵਾਰ ਫੋਨ ਕੀਤੇ ਪਰ ਉਨ੍ਹਾਂ ਚੁੱਕੇ ਨਹੀਂ। ਅੰਤ ਮੈਂ ਇਕ ਪੋਸਟ ਇਸੇ ਸੰਬੰਧ ਵਿਚ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸੰਬੋਧਤ ਹੁੰਦਿਆਂ, ਸਾਰੇ ਜ਼ੁੰਮੇਵਾਰਾਂ ਨੂੰ ਵੱਟਸਐਪ ਕਰ ਦਿਤੀ, ਜਿਸ ਵਿਚ ਮੈਂ ਸਿਰਫ਼ ਇਹ ਹੀ ਬੇਨਤੀ ਕੀਤੀ ਕਿ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀਂ ਬਣਾਈ ਜਾਵੇ। ਬਾਹਰ ਬਸਤੀਆਂ ਵਿਚ ਲੰਗਰ ਲੈ ਕੇ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਲੰਗਰ ਗੁਰੂ ਘਰਾਂ ਵਿਚ ਹੀ ਤਿਆਰ ਕੀਤਾ ਜਾਵੇ।  ਸਰਕਾਰੀ ਹਦਾਇਤਾਂ ਦਾ ਪਾਲਣ ਕਰਦਿਆਂ ਗੁਰੂ ਘਰਾਂ ਤੋਂ ਹੀ ਵਰਤਾਇਆ ਜਾਵੇ। ਬਾਅਦ ਵਿਚ ਸ.ਤਰਲੋਚਨ ਸਿੰਘ ਦਿੱਲੀ ਨੇ ਭੀ ਕੁੱਝ ਸੁਝਾਉ ਦਿਤੇ ਪਰ ਇਥੇ ਸੁਣਦਾ ਕੌਣ ਹੈ ?