ਫ਼ਾਰਮੇਸੀ ਵਿਭਾਗ ਨੇ ਸੈਨੇਟਾਈਜ਼ੇਸ਼ਨ ਲਈ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਦੇ

university


ਬਠਿੰਡਾ, 12 ਅਪ੍ਰੈਲ (ਸੁਖਜਿੰਦਰ ਮਾਨ): ਕੋਰੋਨਾ ਵਾਇਰਸ ਵਿਰੁਧ ਵਿਸ਼ਵ ਭਰ ਵਿਚ ਚੱਲ ਰਹੀ ਲੜਾਈ ਦੌਰਾਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਦੇ ਫ਼ਾਰਮਾਸਿਊਟੀਕਲ ਸਾਇੰਸਜ਼ ਅਤੇ ਟੈਕਨਾਲੋਜੀ ਵਿਭਾਗ ਰੋਗਾਣੂਆਂ ਰਾਹੀਂ ਲਾਗ ਨੂੰ ਫੈਲਣ ਤੋਂ ਰੋਕਣ ਲਈ ਸੈਨੇਟਾਈਜ਼ (ਰੋਗਾਣੂ-ਮੁਕਤ) ਕਰਨ ਦੇ ਨਵੀਨਤਮ ਕਿਫਾਇਤੀ ਤਰੀਕਿਆਂ ਨਾਲ ਅੱਗੇ ਆਇਆ ਹੈ।


ਯੂਨੀਵਰਸਿਟੀ ਦੇ ਡਾ. ਆਸ਼ੀਸ਼ ਬਾਲਦੀ ਦੀ ਅਗਵਾਈ ਹੇਠ ਟੀਮ ਨੇ ਰੋਗਾਣੂ-ਮੁਕਤ ਕਰਨ ਲਈ ਲਾਭਕਾਰੀ ਸਸਤੇ ਉਪਕਰਣ/ਉਤਪਾਦ ਤਿਆਰ ਕੀਤੇ ਹਨ। (ਡਬਲਯੂ.ਐਚ.ਓ.) ਦੁਆਰਾ ਨਿਰਧਾਰਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਿੰਮ ਐਬਸਟਰੈਕਟ (ਨਿੰਮ ਦਾ ਅਰਕ) ਨਾਲ ਹੱਥਾਂ ਨੂੰ ਰੋਗਾਣੂ-ਮੁਕਤ ਕਰਨ ਲਈ ਸੈਨੇਟਾਈਜ਼ਰ ਵਿਕਸਿਤ ਕੀਤਾ ਹੈ ਜਿਸ ਨੂੰ ਹਰ ਕੋਈ ਘਰ ਵਿਚ ਬਣਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਘਰ ਵਿਚ ਉਪਲਬਧ ਵਾਲਾਂ 'ਤੇ ਲਾਉਣ ਵਾਲੇ ਹੇਅਰ ਬੈਂਡ ਅਤੇ ਪਲਾਸਟਿਕ ਫ਼ੋਲਡਰਾਂ ਦੀ ਵਰਤੋਂ ਕਰ ਕੇ ਚਿਹਰੇ ਨੂੰ ਕਵਰ ਕਰਨ ਦਾ ਸੁਝਾਅ ਵੀ ਦਿਤਾ ਹੈ।

 


ਇਸ ਤੋਂ ਇਲਾਵਾ ਡਾ. ਬਾਲਦੀ ਨੇ ਇਕ ਡੱਬਾਨੁਮਾ (ਬਾਕਸ) ਯੰਤਰ ਵੀ ਵਿਕਸਤ ਕੀਤਾ ਹੈ ਜਿਸ ਦੀ ਕੀਮਤ 500 ਰੁਪਏ ਤੋਂ ਵੀ ਘੱਟ ਹੋਵੇਗੀ। ਇਹ ਉਪਕਰਣ ਸਬਜ਼ੀਆਂ, ਫਲਾਂ, ਪੌਲੀ ਪੈਕ ਪਦਾਰਥਾਂ ਵਾਲੀਆਂ ਚੀਜ਼ਾਂ ਜਿਵੇਂ ਦੁੱਧ, ਜੂਸ ਆਦਿ, ਰੋਜ਼ਾਨਾ ਵਰਤੋਂ ਦੀਆਂ ਹੋਰ ਚੀਜ਼ਾਂ ਜਿਵੇਂ ਪਰਸ, ਬੈਲਟ ਅਤੇ ਕੁੰਜੀਆਂ ਆਦਿ ਦੀ ਵਰਤੋਂ ਤੋਂ ਲਾਗ ਫੈਲਣ ਦੀ ਸੰਭਾਵਨਾ ਨੂੰ ਘੱਟ ਕਰਨ ਅਤੇ ਬਚਾਉਣ ਵਿਚ ਸਹਾਇਤਾ ਕਰੇਗਾ।

photo ਇਨ੍ਹਾਂ ਨਵੇਂ ਖੋਜ ਉਤਪਾਦਾਂ ਦੀ ਫ਼ੇਸਬੁੱਕ, ਯੂਟਿਊਬ ਅਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਨੈਟਵਰਕ 'ਤੇ ਵੀ ਕਾਫੀ ਸ਼ਲਾਘਾ ਹੋ ਰਹੀ ਹੈ। ਯੂਨੀਵਰਸਿਟੀ  ਦੇ ਵਾਈਸ ਚਾਂਸਲਰ ਪ੍ਰੋਫੈਸਰ ਮੋਹਨ ਪਾਲ ਸਿੰਘ ਈਸ਼ਰ ਨੇ ਡਾ. ਬਲਦੀ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੀਨਤਾਕਾਰੀ ਉਤਪਾਦਾਂ ਦੁਆਰਾ ਸਮਾਜ ਵਿਚ ਕੋਰੋਨਾ ਵਾਇਰਸ ਦੇ ਸੰਚਾਰਣ ਦੀਆਂ ਸੰਭਾਵਨਾਵਾਂ ਨਿਸ਼ਚਤ ਤੌਰ 'ਤੇ ਘੱਟ ਹੋ ਸਕਣਗੀਆਂ।