ਕੈਪਟਨ ਅਮਰਿੰਦਰ ਸਿੰਘ ਦੇ ਨਸ਼ੇ ਦਾ ਲੱਕ ਤੋੜਨ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ - ਮੀਤ ਹੇਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੈਪਟਨ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਪੰਜਾਬ ਵਿੱਚੋਂ ਨਸ਼ੇ ਖਤਮ ਕਰਨ ਵਿੱਚ ਨਾਕਾਮ ਰਹੇ

Meet Hayer

ਚੰਡੀਗੜ - ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਨੌਜਵਾਨ ਵਿੰਗ ਦੇ ਸੂਬਾਈ ਪ੍ਰਧਾਨ ਗੁਰਮੀਤ ਸਿੰਘ ਮੀਤ (ਮੀਤ ਹੇਅਰ) ਨੇ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਖ਼ਤ ਅਲੋਚਨਾ ਕਰਦਿਆਂ ਕਿਹਾ ਕਿ ਕੈਪਟਨ ਵੱਲੋਂ ਸਹੁੰ ਖਾਣ ਦੇ ਬਾਵਜੂਦ ਸੂਬੇ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ ਅਤੇ ਆਏ ਦਿਨ ਨੌਜਵਾਨ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਾਰਨ ਬੇਹੋਸ਼ ਹੋ ਰਹੇ ਨੇ ਜਾਂ ਮੌਤ ਦੇ ਮੂਹ ਵਿੱਚ ਜਾ ਰਹੇ ਹਨ।

ਉਨਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਨਾਂ ਮਾਲਵੇ ਦੀ ਧਰਤੀ 'ਤੇ  ਗੁਟਕਾ ਸਾਹਿਬ ਮੱਥੇ ਲਾ ਕੇ ਸਹੁੰ ਖਾਧੀ ਸੀ ਕਿ ਮੈਂ ਚਾਰ ਹਫ਼ਤਿਆਂ ਵਿੱਚ ਹੀ ਨਸ਼ਿਆਂ ਦਾ ਲੱਕ ਤੋੜ ਦੇਵਾਂਗਾ, ਪਰ ਅੱਜ ਵੀ ਨਸ਼ੇ ਨੌਜਵਾਨੀ ਦਾ ਲੱਕ ਤੋੜ ਰਹੇ ਹਨ, ਜਿਸ ਦੀ ਉਦਾਹਰਨ ਬਠਿੰਡਾ ਵਿੱਚੋਂ ਸਾਹਮਣੇ ਆਈ ਹੈ। ਵਿਧਾਇਕ ਮੀਤ ਹੇਅਰ ਨੇ ਪੰਜਾਬ ਦੇ ਹਲਾਤ ਬਾਰੇ ਦੱਸਦਿਆਂ ਕਿਹਾ ਕਿ ਅੱਜ ਦਾ ਆਲਮ ਇਹ ਹੈ ਕਿ ਬਠਿੰਡਾ ਦੇ ਰਹਿਣ ਵਾਲੇ ਪਤੀ ਪਤਨੀ ਚਿੱਟੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਮੌਤ ਦੀਆਂ ਬਰੂਹਾਂ 'ਤੇ ਪਹੁੰਚ ਗਏ ਸਨ, ਜਿਨਾਂ ਨੂੰ ਡਾਕਟਰਾਂ ਨੇ ਮਸਾਂ ਬਚਾਇਆ ਹੈ।

ਇਸ ਜੋੜੇ ਵਿੱਚੋਂ ਔਰਤ ਦਾ ਕਹਿਣਾ ਹੈ ਕਿ ਜਿੱਥੋਂ ਮਰਜੀ ਨਸ਼ਾ ਲੈ ਲਵੋ ਪੂਰੇ ਬਠਿੰਡਾ ਵਿੱਚ ਚਿੱਟਾ ਮਿਲਦਾ ਹੈ, ਇਹ ਸਿੱਧ ਕਰਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਚਾਰ ਸਾਲਾਂ ਦੇ ਆਪਣੇ ਰਾਜ ਵਿੱਚ ਨਸ਼ੇ ਨੂੰ ਸੂਬੇ ਵਿੱਚੋਂ ਖ਼ਤਮ ਨਹੀਂ ਕਰ ਸਕੇ ਅਤੇ ਇਹ ਨਸ਼ੇ ਅੱਜ ਵੀ ਹਜ਼ਾਰਾਂ ਨੌਜਵਾਨ ਦੀ ਬਲੀ ਲੈ ਰਹੇ ਹਨ। ਉਨਾਂ ਦੱਸਿਆ ਕੁੱਝ ਦਿਨ ਪਹਿਲਾਂ ਵੀ ਬਠਿੰਡਾ ਵਿਖੇ ਹੀ ਇੱਕ ਪੁਲਿਸ ਮੁਲਾਜ਼ਮ ਵੀ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਾਰਨ ਬੇਹੋਸ਼ ਪਾਇਆ ਗਿਆ ਸੀ।

ਇਨਾਂ ਘਟਨਾਵਾਂ ਤੋਂ ਪਤਾ ਚੱਲਦਾ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਨਸ਼ੇ ਸਮੇਤ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੀਤੇ ਸਾਰੇ ਵਾਅਦਿਆਂ ਤੋਂ ਸਾਫ਼ ਮੁੱਕਰ ਗਈ ਹੈ। ਇਨਾਂ ਦੇ ਵਾਅਦੇ ਅਤੇ ਸਹੁੰ ਕੇਵਲ ਰਾਜ ਸੱਤਾ ਪ੍ਰਾਪਤ ਕਰਕੇ ਸੂਬੇ ਦੀ ਆਰਥਿਕ ਲੁੱਟ ਕਰਨਾ ਸੀ, ਜੋ ਮੁੱਖ ਮੰਤਰੀ,ਮੰਤਰੀਆਂ ਸਮੇਤ ਕਾਂਗਰਸੀ ਵਿਧਾਇਕਾਂ ਤੇ ਆਗੂਆਂ ਨੇ ਰੱਜ ਕੇ ਕੀਤੀ ਹੈ।

ਮੀਤ ਹੇਅਰ ਨੇ ਉਮੀਦ ਜਿਤਾਈ ਕਿ  ਪੰਜਾਬ ਦੇ ਲੋਕ ਸੂਬੇ ਵਿਚੋਂ ਨਸ਼ੇ ਖ਼ਤਮ ਕਰਨ ਦੇ ਵਾਅਦੇ ਕਰਨ ਵਾਲੇ ਆਗੂਆਂ ਨੂੰ ਸਵਾਲ ਪੁੱਛਣਗੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਨਾਂ ਆਗੂਆਂ ਨੂੰ ਵਾਅਦੇ ਕਰਕੇ ਮੁਕਰਨ ਦੀ  ਸਜ਼ਾ ਜ਼ਰੂਰ ਦੇਣਗੇ। ਹੇਅਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਚੋਣਾਂ ਤੋਂ ਪਹਿਲਾ ਨੌਜਵਾਨਾਂ ਨਾਲ ਕੀਤੇ ਹਰ ਵਾਅਦੇ ਤੋਂ ਮੁਕਰਨ ਦਾ ਕਾਰਜ ਕੀਤਾ ਹੈ ਜਿਸ ਕਾਰਨ ਸੂਬੇ ਦਾ ਨੌਜਵਾਨ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਤੋਂ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੇ ਹਨ

ਜਿਸ ਕਾਰਨ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਇਹ ਦਾਅਵਾ ਕਰਦੇ ਸਨ ਕਿ ਉਹ ਨਸ਼ਾ ਤਸਕਰਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟਣਗੇ ਪ੍ਰੰਤੂ ਸੱਤਾ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨਸ਼ਾ ਤਸਕਰਾਂ ਨੂੰ ਸਰਪ੍ਰਸਤੀ ਦੇ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਅਕਾਲੀਆਂ ਵੱਲੋਂ ਸ਼ੁਰੂ ਕੀਤੇ ਗਏ ਨਸ਼ੇ ਦੇ ਕਾਰੋਬਾਰ ਵਿਚ ਹੁਣ ਕਾਂਗਰਸੀ ਸ਼ਾਮਲ ਹੋ ਚੁੱਕੇ ਹਨ  । ਹੇਅਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨ ਇਸ ਸਾਰੇ ਕਾਰਜ ਨੂੰ ਵੇਖ ਰਹੇ ਹਨ ਅਤੇ ਦੀਆਂ ਚੋਣਾਂ ਵਿੱਚ ਕਾਂਗਰਸ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਗੇ।