ਬੇਅਦਬੀ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਬਰਗਾੜੀ ਪਹੁੰਚੇ ਸਿੱਧੂ ਨੇ ਕੀਤੀ ਵੱਡੀ ਮੰਗ
ਨਵਜੋਤ ਸਿੱਧੂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਲਈ ਸ਼ਹੀਦ ਹੋਏ ਦੋ ਸਿੰਘਾਂ ਦੇ ਰੁਤਬਾ ਉੱਚਾ ਤੇ ਸੁੱਚਾ ਦੱਸਿਆ।
ਬਰਗਾੜੀ : ਵਿਸਾਖੀ ਮੌਕੇ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਬਰਗਾੜੀ ਦੇ ਪਿੰਡ 'ਚ ਮੌਜੂਦ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੇ। ਇੱਥੇ ਪਹੁੰਚ ਕੇ ਉਹਨਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਨਵਜੋਤ ਸਿੱਧੂ ਗੁਰਦੁਆਰਾ ਸਾਹਿਬ ਤੋਂ ਹੀ ਲਾਈਵ ਹੋਏ ਅਤੇ ਉਹਨਾਂ ਨੇ ਬਰਗਾੜੀ ਕਾਂਡ ਬਾਰੇ ਗੱਲਬਾਤ ਕੀਤੀ।
ਉਹਨਾਂ ਕਿਹਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀ ਸਾਜ਼ਿਸ਼ ਨੂੰ ਬੇਨਕਾਬ ਕਰਨ ਅਤੇ ਸੱਚ ਦੀ ਅਵਾਜ਼ ਬੁਲੰਦ ਕਰਨ ਆਏ ਹਨ। ਉਹਨਾਂ ਕਿਹਾ ਕਿ ਅੱਜ ਉਹ ਉਸ ਧਰਤੀ 'ਤੇ ਖੜ੍ਹੇ ਹਨ ਜਿੱਥੋਂ ਗੁਰੂ ਸਾਹਿਬ ਦੇ ਪਾਵਨ ਸਰੂਪ ਚੋਰੀ ਕੀਤੇ ਗਏ ਸਨ ਅਤੇ ਉਹਨਾਂ ਨੇ ਵਿਰੋਧੀਆਂ 'ਤੇ ਤੰਜ਼ ਕੱਸਦੇ ਹੋਏ ਕਿਹਾ ਕਿ ਜੋ ਲੋਕ ਗੁਰੂ ਦੇ ਨਹੀਂ ਹੋ ਸਕੇ ਉਹ ਪੰਜਾਬ ਦੇ ਕਿੱਥੋਂ ਹੋ ਜਾਣਗੇ।
ਉਹਨਾਂ ਸ਼ਾਇਰਾਨਾ ਅੰਦਾਜ਼ ਵਿਚ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਰਾਜਿਆਂ ਦੀ ਤਾਂ ਕਿਲ੍ਹਾ ਬੰਦੀ ਕਰ ਉਹਨਾਂ ਨੂੰ ਮਹਿਫੂਜ਼ ਰੱਖਿਆ ਹੋਇਆ ਹੈ ਪਰ ਜੋ ਵਾਰ ਪਿਆਦਿਆਂ 'ਤੇ ਕੀਤੇ ਜਾ ਰਹੇ ਹਨ। ਨਵਜੋਤ ਸਿੱਧੂ ਨੇ ਜ਼ਲ੍ਹਿਆਵਾਲਾ ਬਾਗ ਦੀ ਘਟਨਾ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਸੀ ਜਿਸ ਨੇ ਪੂਰੇ ਭਾਰਤ ਦੇ ਹਿਰਦੇ ਪਸੀਜ਼ ਦਿੱਤੇ ਸਨ। ਉਹਨਾਂ ਨੇ ਇਕ ਡਿਮਾਂਡ ਰੱਖੀ ਕਿ ਜਿਸ ਤਰ੍ਹਾਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਨਤਕ ਕੀਤੀ ਗਈ ਸੀ ਉਸ ਤਰ੍ਹਾਂ ਹੀ ਡਰੱਗਜ਼ ਵਾਲੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਅਤੇ ਬੇਅਦਬੀ ਕਾਂਡ ਕੁੰਵਰ ਵਿਜੈ ਪ੍ਰਤਾਪ ਦੀ ਵੀ ਰਿਪੋਰਟ ਨੂੰ ਜਨਤਕ ਕੀਤਾ ਜਾਵੇ।
ਜਿਸ ਤਰ੍ਹਾਂ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ ਵਿਚ ਰੱਖ ਕੇ ਪਬਲਿਕ ਕੀਤੀ ਗਈ ਸੀ। ਉਹਨਾਂ ਕਿਹਾ ਕਿ ਕਾਨੂੰਨ ਹਮੇਸ਼ਾਂ ਤੱਥਾਂ ਦੇ ਅਧਾਰ 'ਤੇ ਹੀ ਫੈਸਲਾ ਕਰਦਾ ਹੈ ਪਰ ਜੇ ਤੱਥ ਹੀ ਕਮਜ਼ੋਰ ਹੋਣ ਅਤੇ ਤੱਥਾਂ ਨੂੰ ਪੇਸ਼ ਕਰਨ ਵਾਲੇ ਵੀ ਕਮਜ਼ੋਰ ਹੋਣ ਤਾਂ ਫੈਸਲਾ ਵੀ ਅਜਿਹਾ ਹੀ ਆਉਂਦਾ ਹੈ ਜਿਵੇਂ ਦੇ ਤੱਥ ਹੁੰਦੇ ਹਨ। ਉਹਨਾਂ ਕਿਹਾ ਕਿ ਅੱਜ ਸਾਰਾ ਪੰਜਾਬ ਪੁੱਛਦਾ ਹੈ ਕਿ ਤੱਥ ਪੇਸ਼ ਕਰਨ ਵਾਲੇ ਵਕੀਲ ਕਮਜ਼ੋਰ ਕਿਉਂ ਹਨ ਤੇ ਦੁਨੀਆਂ ਦੇ ਸਭ ਤੋਂ ਵੱਡੇ ਵਕੀਲ ਉੱਥੇ ਕਿਉਂ ਨਹੀਂ ਖੜ੍ਹੇ ਕੀਤੇ
ਉਹਨਾਂ ਕਿਹਾ ਕਿ ਜਾਂਚ ਵਿਚ ਐਨੀ ਅਣਗਹਿਲੀ ਕਿਉਂ ਪੰਜਾਬ ਵਰ੍ਹਿਆਂ ਤੋਂ ਇਹ ਇਨਸਾਫ਼ ਉਡੀਕ ਰਿਹਾ ਹੈ। ਉਹਨਾਂ ਕਿਹਾ ਕਿ ਦੋ ਮਹੀਨੇ ਤੱਕ ਪੂਰੇ 6 ਸਾਲ ਹੋਣ ਜਾਣਗੇ ਇਨਸਾਫ਼ ਦੀ ਮੰਗ ਕਰਦਿਆਂ ਨੂੰ, ਉਡੀਕ ਕਰਦਿਆਂ ਨੂੰ। ਨਵਜੋਤ ਸਿੱਧੂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਲਈ ਸ਼ਹੀਦ ਹੋਏ ਦੋ ਸਿੰਘਾਂ ਦੇ ਰੁਤਬਾ ਉੱਚਾ ਤੇ ਸੁੱਚਾ ਦੱਸਿਆ।