CM ਮਾਨ ਨੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਕੀਤਾ ਪ੍ਰਣਾਮ
'ਸਾਰੀ ਜ਼ਿੰਦਗੀ ਸ਼ਹੀਦ ਹੋਏ ਇਹਨਾਂ ਸ਼ਹੀਦਾਂ ਦੇ ਰਿਣੀ ਰਹਾਂਗੇ ਜਿਨ੍ਹਾਂ ਸਦਕਾ ਸਾਨੂੰ ਇਹ ਆਜ਼ਾਦੀ ਮਿਲੀ'
ਚੰਡੀਗੜ੍ਹ - ਜਲ੍ਹਿਆਂਵਾਲਾ ਬਾਗ ਵਿਖੇ 13 ਅਪ੍ਰੈਲ 1919 ਨੂੰ (ਵਿਸਾਖੀ ਦੇ ਦਿਨ) ਹੋਏ ਖੂਨੀ ਸਾਕੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦੀ ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ ਹੈ। ਭਗਵੰਤ ਮਾਨ ਨੇ ਜਲ੍ਹਿਆਂਵਾਲਾ ਬਾਗ ਦੇ ਸਾਕੇ ਨੂੰ ਲੈ ਕੇ ਆਪਣੀ ਫੇਸਬੁੱਕ ’ਤੇ ਇਸ ਪੋਸਟ ਸਾਂਝੀ ਕੀਤੀ ਹੈ।
ਪੋਸਟ ਸ਼ੇਅਰ ਕਰਦਿਆਂ ਉਹਨਾਂ ਲਿਖਿਆ ਕਿ ਭਾਰਤ ਦੇ ਇਤਿਹਾਸ ਵਿੱਚ ਜਲ੍ਹਿਆਂਵਾਲਾ ਬਾਗ਼ ਅਜਿਹਾ ਖ਼ੂਨੀ ਸਾਕਾ ਹੈ ਜਿਸਨੂੰ ਸੁਣ ਕੇ ਅੱਜ ਵੀ ਸਾਡੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਸਾਡੇ ਮਹਾਨ ਸ਼ਹੀਦਾਂ ਨੇ ਜੋ ਕੁਰਬਾਨੀਆਂ ਦਿੱਤੀਆਂ, ਅਸੀਂ ਕਦੇ ਨਹੀਂ ਭੁੱਲ ਸਕਦੇ। ਸਾਰੀ ਜ਼ਿੰਦਗੀ ਸ਼ਹੀਦ ਹੋਏ ਇਹਨਾਂ ਸ਼ਹੀਦਾਂ ਦੇ ਰਿਣੀ ਰਹਾਂਗੇ ਜਿਨ੍ਹਾਂ ਸਦਕਾ ਸਾਨੂੰ ਇਹ ਆਜ਼ਾਦੀ ਮਿਲੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਬਹਾਦਰ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੱਤੀ। ਉਹਨਾਂ ਟਵੀਟ ਕਰਦਿਆਂ ਲਿਖਿਆ ਕਿ ਜਲ੍ਹਿਆਂਵਾਲਾ ਬਾਗ਼ ਦੇ ਅਮਰ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1919 ਦੇ ਜਲ੍ਹਿਆਂਵਾਲਾ ਬਾਗ਼ ਕਤਲੇਆਮ 'ਚ ਜਾਨ ਗੁਆਉਣ ਵਾਲੇ ਲੋਕਾਂ ਨੂੰ ਬੁੱਧਵਾਰ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦਾ ਸਾਹਸ ਅਤੇ ਬਲੀਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਪੀ.ਐੱਮ. ਮੋਦੀ ਨੇ ਟਵਿੱਟਰ 'ਤੇ ਲਿਖਿਆ, ''1919 'ਚ ਅੱਜ ਹੀ ਦੇ ਦਿਨ ਜਲ੍ਹਿਆਂਵਾਲਾ ਬਾਗ਼ 'ਚ ਸ਼ਹੀਦ ਹੋਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ। ਉਨ੍ਹਾਂ ਦਾ ਸਾਹਸ ਅਤੇ ਬਲੀਦਾਨ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ।
ਰਾਹੁਲ ਗਾਂਧੀ ਨੇ ਵੀ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਕਿਹਾ ਕਿ 103 ਸਾਲ ਪਹਿਲਾਂ ਜਲ੍ਹਿਆਂਵਾਲਾ ਬਾਗ ਦੇ ਕਤਲੇਆਮ ਨੇ ਦੁਨੀਆ ਨੂੰ ਤਾਨਾਸ਼ਾਹ ਹਕੂਮਤ ਦੀ ਬੇਰਹਿਮੀ ਦਾ ਸਬੂਤ ਦਿੱਤਾ ਸੀ। ਬਹਾਦਰ ਸ਼ਹੀਦਾਂ ਨੂੰ ਨਿਮਰ ਸ਼ਰਧਾਂਜਲੀ। ਉਨ੍ਹਾਂ ਦੀ ਮਹਾਨ ਕੁਰਬਾਨੀ ਪੀੜ੍ਹੀ ਦਰ ਪੀੜ੍ਹੀ ਅਨਿਆਂ ਵਿਰੁੱਧ ਲੜਨ ਲਈ ਪ੍ਰੇਰਿਤ ਕਰਦੀ ਰਹੀ ਹੈ।