ਵਿਧਾਇਕਾ ਮਾਣੂਕੇ ਵੱਲੋਂ ਹਲਕੇ ਦੀਆਂ ਸਮੱਸਿਆਵਾਂ ਬਾਰੇ ਮੁੱਖ ਮੰਤਰੀ ਨਾਲ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਅੱਤਿਆਚਾਰ ਦੀ ਸ਼ਿਕਾਰ ਮ੍ਰਿਤਕ ਕੁਲਵੰਤ ਕੌਰ ਦਾ ਮਾਮਲਾ ਵੀ ਉਠਾਇਆ

Saravjit Kaur Manuke Meets CM Punjab

 

ਜਗਰਾਉਂ: ਹਲਕਾ ਜਗਰਾਉਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਕੇ ਹਲਕੇ ਦੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵਜੀਤ ਕੌਰ ਮਾਣੂਕੇ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਕੋਲ ਜਗਰਾਉਂ ਹਲਕੇ ਦੀਆਂ ਮੰਡੀਆਂ ਵਿੱਚ ਕਣਕ ਦੀ ਖ੍ਰੀਦ ਸਬੰਧੀ, ਮੂੰਗੀ ਸਬੰਧੀ, ਮਾਈਨਿੰਗ ਸਬੰਧੀ, ਸੜਕਾਂ ਦੀ ਖਸਤਾ ਹਾਲਤ, ਜਗਰਾਉਂ ਸ਼ਹਿਰ ਦੇ ਸੀਵਰੇਜ ਅਤੇ ਪਾਣੀ ਦੀ ਨਿਕਾਸੀ ਆਦਿ ਤੋਜ਼ ਇਲਾਵਾ ਹਲਕੇ ਦੀਆਂ ਹੋਰ ਸਮੱਸਿਆਵਾਂ ਬਾਰੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਅਤੇ ਉਹਨਾਂ ਦੇ ਹੱਲ ਲਈ ਗਰਾਂਟਾਂ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ, ਤਾਂ ਜੋ ਜਗਰਾਉਂ ਹਲਕੇ ਦੀ ਰੂਪ ਰੇਖਾ ਬਦਲ ਕੇ ਨਵੀਂ ਦਿੱਖ ਪ੍ਰਦਾਨ ਕੀਤੀ ਜਾ ਸਕੇ।

Saravjit Kaur Manuke Meets CM Punjab

ਉਹਨਾਂ ਦੱਸਿਆ ਹਲਕੇ ਦੇ ਸਰਕਾਰੀ ਕਰਮਚਾਰੀਆਂ ਵੱਲੋਂ ਦਿੱਤੇ ਗਏ ਮੰਗ ਪੱਤਰ ਵੀ ਸਰਕਾਰ ਕੋਲ ਪਹੁੰਚਦੇ ਕੀਤੇ ਗਏ ਹਨ ਤਾਂ ਜੋ ਸਰਕਾਰੀ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਵੀ ਪਹਿਲ ਪੱਧਰ ਤੇ ਨਿਪਟਾਰਾ ਕਰਵਾਇਆ ਜਾ ਸਕੇ। ਵਿਧਾਇਕਾ ਮਾਣੂਕੇ ਨੇ ਹੋਰ ਦੱਸਿਆ ਕਿ ਜਗਰਾਉਂ ਹਲਕੇ ਦੇ ਪਿੰਡ ਰਸੂਲਪੁਰ ਦੀ ਲੜਕੀ ਕੁਲਵੰਤ ਕੌਰ, ਜੋ ਪਿਛਲੇ ਸਮੇਂ ਦੌਰਾਨ ਪੁਲਿਸ ਅੱਤਿਆਚਾਰ ਦਾ ਸਿ਼ਕਾਰ ਹੋ ਗਈ ਸੀ ਅਤੇ ਜਿ਼ੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਮੌਤ ਦੇ ਮੂੰਹ ਜਾ ਪਈ ਸੀ। ਹੁਣ ਉਸ ਦੇ ਪਰਿਵਾਰ ਅਤੇ ਬਿਰਧ ਮਾਤਾ ਸੁਰਿੰਦਰ ਕੌਰ ਵੱਲੋਂ ਵੱਖ ਵੱਖ ਸਮਾਜਿੱਕ ਜੱਥੇਬੰਦੀਆਂ ਰਾਹੀਂ ਧਰਨਾਂ ਲਗਾ ਕੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

Sarvjit Kaur Manuke

ਬਿਰਧ ਮਾਤਾ ਵੱਲੋਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਖੂਨ ਨਾਲ ਖ਼ਤ ਲਿਖ ਕੇ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਨੂੰ ਸੌਂਪਿਆ ਗਿਆ ਸੀ। ਉਹ ਖ਼ਤ ਵਿਧਾਇਕਾ ਮਾਣੂਕੇ ਵੱਲੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਸੌਂਪਿਆ ਗਿਆ ਹੈ ਅਤੇ ਦੁਖੀ ਪਰਿਵਾਰ ਨੂੰ ਇਨਸਾਫ਼਼ ਦੇਣ ਲਈ ਵੀ ਮਾਮਲਾ ਉਠਾਇਆ ਹੈ। ਵਿਧਾਇਕਾ ਨੇ ਕਿਹਾ ਕਿ ਜਗਰਾਉਂ ਹਲਕੇ ਦੇ ਲੋਕਾਂ ਨੇ ਉਹਨਾਂ ਨੂੰ 40 ਹਜ਼ਾਰ ਦੇ ਲਗਭਗ ਵੱਡੀ ਲੀਡ ਦਿਵਾਕੇ ਦੂਜੀ ਵਾਰ ਵਿਧਾਨ ਸਭਾ ਵਿੱਚ ਭੇਜਿਆ ਹੈ ਅਤੇ ਉਹ ਹਲਕੇ ਦੇ ਲੋਕਾਂ ਦੀ ਧੀ ਬਣਕੇ ਸੇਵਾ ਕਰੇਗੀ ਅਤੇ ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋ ਕੇ ਵਿਚਰੇਗੀ। ਉਹਨਾਂ ਆਖਿਆ ਕਿ ਹਲਕੇ ਦੇ ਵਿਕਾਸ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ ਜਾਣਗੇ ਅਤੇ ਲੋਕਾਂ ਦੀਆਂ ਪ੍ਰਮੁੱਖ ਲੋੜਾਂ ਪੂਰੀਆਂ ਕਰਨ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ।