Sangrur News : ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Sangrur News : ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵ ਨਿਯੁਕਤ ਚੇਅਰਪਰਸਨ ਨੂੰ ਨਿੱਘੀ ਮੁਬਾਰਕਬਾਦ ਦਿੱਤੀ

ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋ ਅਹੁਦਾ ਸੰਭਾਲਿਆ

Sangrur News in Punjabi : ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਸ਼੍ਰੀ ਅਮਨ ਅਰੋੜਾ ਅਤੇ ਸ਼੍ਰੀ ਬਰਿੰਦਰ ਕੁਮਾਰ ਗੋਇਲ ਦੀ ਮੌਜੂਦਗੀ ਵਿੱਚ ਅੱਜ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਮਾਰਕੀਟ ਕਮੇਟੀ ਦਿੜ੍ਹਬਾ ਦੇ ਚੇਅਰਪਰਸਨ ਵਜੋਂ ਆਪਣਾ ਅਹੁਦਾ ਸੰਭਾਲਿਆ।

ਇਸ ਮੌਕੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਵ ਨਿਯੁਕਤ ਚੇਅਰਪਰਸਨ ਨੂੰ ਨਿੱਘੀ ਮੁਬਾਰਕਬਾਦ ਭੇਟ ਕਰਦਿਆਂ ਕਿਹਾ ਕਿ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰ ਵਜੋਂ  ਪੂਰੀ ਤਨਦੇਹੀ ਨਾਲ ਹਲਕਾ ਦਿੜਬਾ ਵਿੱਚ ਸਰਗਰਮ ਹਨ ਅਤੇ ਉਹਨਾਂ ਦੀ ਸਾਫ ਸੁਥਰੀ ਕਾਰਜਸ਼ੈਲੀ ਅਤੇ ਮਿਲਣਸਾਰ ਸ਼ਖਸ਼ੀਅਤ ਨੂੰ ਦੇਖਦੇ ਹੋਏ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਹਨਾਂ ਨੂੰ ਇਹ ਅਹਿਮ ਜਿੰਮੇਵਾਰੀ ਦਿੱਤੀ ਗਈ ਹੈ ਜਿਸ ਦਾ ਸਿੱਧਾ ਸਬੰਧ ਕਿਸਾਨਾਂ, ਆੜਤੀਆਂ, ਮਜ਼ਦੂਰਾਂ, ਟ੍ਰਾਂਸਪੋਰਟਰਾਂ ਸਮੇਤ ਹੋਰ ਵਰਗਾਂ ਦੇ ਹਿੱਤਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪੂਰੇ ਆਸਵੰਦ ਹਨ ਕਿ ਪ੍ਰੋ ਸ਼ੇਰਗਿੱਲ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਦੇ ਪ੍ਰਬੰਧ ਪਹਿਲਾਂ ਨਾਲੋ ਵਧੇਰੇ ਮਜ਼ਬੂਤ ਹੋਣਗੇ।

ਇਸ ਮੌਕੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਪ੍ਰੋ. ਸ਼ੇਰਗਿੱਲ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਵਰਕਰਾਂ ਦੀ ਮਿਹਨਤ ਦਾ ਮੁੱਲ ਪੈਂਦਾ ਹੈ। ਉਹਨਾਂ ਕਿਹਾ ਕਿ ਚੇਅਰਪਰਸਨ ਵਜੋਂ ਮਿਲੀ ਇਹ ਜਿੰਮੇਵਾਰੀ ਹੋਰ ਵੀ ਇਮਾਨਦਾਰੀ ਅਤੇ ਲੋਕ ਸੇਵਾ ਲਈ ਸਰਗਰਮ ਉਪਰਾਲਿਆਂ ਦੀ ਮੰਗ ਕਰਦੀ ਹੈ ਅਤੇ ਉਹਨਾਂ ਨੂੰ ਪੂਰਨ ਯਕੀਨ ਹੈ ਕਿ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਆਪਣੀ ਇਸ ਨਵੀਂ ਡਿਊਟੀ ਨੂੰ ਹੋਰ ਵੀ ਜਿੰਮੇਵਾਰੀ ਨਾਲ ਨਿਭਾਉਣ ਵਿੱਚ ਸਫ਼ਲ ਸਾਬਤ ਹੋਣਗੇ।

ਉਹਨਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਮਾਰਕੀਟ ਕਮੇਟੀ ਵਿੱਚ ਲਗਭਗ ਹਰੇਕ ਵਰਗ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਹਿੱਤ ਜੁੜਿਆ ਹੋਇਆ ਹੁੰਦਾ ਹੈ ਅਤੇ ਇਨ੍ਹੀਂ ਦਿਨ੍ਹੀਂ ਕਣਕ ਦੀ ਖਰੀਦ ਦਾ ਸੀਜ਼ਨ ਚੱਲ ਰਿਹਾ ਹੋਣ ਕਾਰਨ ਇਸ ਕਾਰਜ ਨੂੰ ਹੋਰ ਵੀ ਤਨਦੇਹੀ ਨਾਲ ਨਿਭਾਉਣ ਵਿੱਚ ਨਵ ਨਿਯੁਕਤ ਚੇਅਰਪਰਸਨ ਮਿਸਾਲ ਕਾਇਮ ਕਰਨਗੇ।

ਇਸੇ ਦੌਰਾਨ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਵੀ ਚੇਅਰਪਰਸਨ ਪ੍ਰੋ ਸ਼ੇਰਗਿੱਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਿਛਲੇ ਦਹਾਕੇ ਤੋਂ ਵੀ ਵੱਧ ਸਮੇਂ ਵਿੱਚ ਆਪਣੀ ਕਾਬਲੀਅਤ, ਸਿਰੜ ਅਤੇ ਵਫਾਦਾਰੀ ਲਈ ਇਲਾਕੇ ਵਿੱਚ ਜਾਣੇ ਜਾਂਦੇ ਹਨ ਅਤੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਨੂੰ ਜ਼ਮੀਨੀ ਪੱਧਰ ਉੱਤੇ ਲਾਗੂ ਕਰਵਾਉਣ ਵਿੱਚ ਵਡਮੁੱਲਾ ਯੋਗਦਾਨ ਪਾਉਣਗੇ।

ਇਸ ਮੌਕੇ ਚੇਅਰਪਰਸਨ ਪ੍ਰੋ. ਜਸਵੀਰ ਕੌਰ ਸ਼ੇਰਗਿੱਲ ਨੇ ਸਾਰੀਆਂ ਹੀ ਸਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਇਸ ਜਿੰਮੇਵਾਰੀ ਨੂੰ ਸਮਰਪਿਤ ਭਾਵਨਾ ਨਾਲ ਨਿਭਾਉਣਗੇ ਅਤੇ ਸਰਕਾਰ ਤੇ ਪਾਰਟੀ ਦੀ ਸ਼ਾਖ ਨੂੰ ਹੋਰ ਵੀ ਮਜ਼ਬੂਤ ਕਰਨਗੇ।

(For more news apart from  Prof. Jasvir Kaur Shergill takes over as Chairperson of Market Committee Dirba News in Punjabi, stay tuned to Rozana Spokesman)