ਬੱਬੂ ਮਾਨ ਦੇ ਪਿੰਡ ਵਿੱਚ ਇਕੋ ਰਾਤ ਨੂੰ ਚੋਰਾਂ ਵੱਲੋ ਪੰਜ ਘਰਾਂ 'ਚ ਚੋਰੀ
ਮੋਰਿੰਡਾ ਨੋੜੇ ਪਿੰਡ ਖੰਟ ਵਿਖੇ ਬੀਤੀ ਰਾਤ ਚੋਰਾਂ ਵੱਲੋ ਪੰਜ ਘਰਾਂ ਦੇ ਜਿੰਦਰੇ ਤੋੜੇ ਗਏ।
ਮੋਰਿੰਡਾ,13 ਮਈ (ਮੋਹਨ ਸਿੰਘ ਅਰੋੜਾ ) : ਮੋਰਿੰਡਾ ਨੋੜੇ ਪਿੰਡ ਖੰਟ ਵਿਖੇ ਬੀਤੀ ਰਾਤ ਚੋਰਾਂ ਵੱਲੋ ਪੰਜ ਘਰਾਂ ਦੇ ਜਿੰਦਰੇ ਤੋੜੇ ਗਏ। ਚੋਰਾਂ ਵੱਲੋਂ 2 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 28 ਹਜ਼ਾਰ ਦੇ ਕਰੀਬ ਨਗਦੀ ਚੋਰੀ ਕਰ ਲਈ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਬਲਵੀਰ ਸਿੰਘ ਵਾਸੀ ਪਿੰਡ ਖੰਟ ਨੇ ਦੱਸਿਆ ਕਿ ਚੋਰਾਂ ਵੱਲੋਂ ਪਿੰਡ ਦੇ ਵਿਚਕਾਰ ਸਥਿਤ ਪੰਜਾਬੀ ਲੋਕ ਗਾਇਕ ਤੇ ਫਿਲਮੀ ਅਦਾਕਾਰ ਬੱਬੂ ਮਾਨ ਦੇ ਜੱਦੀ ਘਰ ਤਾਲੇ ਟੁੱਟੇ ਪਰ ਨੁਕਾਸਨ ਤੋ ਬਚਾਅ ਹੋ ਗਿਆ | ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ , ਡਾ. ਜੈਦੀਪ ਅਗਨੀਹੋਤਰੀ ਦੇ ਕਲੀਨਿਕ ਅਤੇ ਮੇਵਾ ਸਿੰਘ ਦੀ ਕਰਿਆਨੇ ਦੀ ਦੁਕਾਨ ਦੇ ਜਿੰਦਰੇ ਤੋੜੇ ਗਏ। ਜਦਕਿ ਗਰੀਬ ਪਰਿਵਾਰ ਨਾਲ ਸਬੰਧਤ ਮਨਪ੍ਰੀਤ ਸਿੰਘ ਪੁੱਤਰ ਗੁਲਾਬ ਸਿੰਘ ਦੇ ਘਰ ਦੇ ਜਿੰਦਰੇ ਤੋੜ ਕੇ ਚੋਰਾਂ ਵੱਲੋਂ 2 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਤੇ 28 ਹਜ਼ਾਰ ਦੇ ਕਰੀਬ ਨਗਦੀ ਚੋਰੀ ਕਰ ਲਈ ਗਈ । ਇਸ ਸਬੰਧੀ ਪੀੜਤ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਅਪਣੇ ਘਰ ਨੂੰ ਜਿੰਦਰਾ ਲਗਾ ਕੇ ਪਤਨੀ ਸਮੇਤ ਕਿਸੇ ਰਿਸ਼ਤੇਦਾਰੀ 'ਚ ਗਏ ਹੋਏ ਸਨ । ਸਵੇਰ ਉਨ੍ਹਾਂ ਘਰ ਆ ਕੇ ਵੇਖਿਆ ਤਾਂ ਘਰ ਦੇ ਸਾਰੇ ਜਿੰਦਰੇ, ਅਲਮਾਰੀ ਆਦਿ ਦੇ ਲਾਕਰ ਵੀ ਟੁੱਟੇ ਹੋਏ ਸਨ ਤੇ ਸਾਰਾ ਸਮਾਨ ਖਿੱਲਰਿਆਂ ਪਿਆ ਸੀ। ਮਜਦੂਰੀ ਕਰ ਕੇ ਆਪਣੇ ਪਰਿਵਾਰ ਨੂੰ ਪਾਲ ਰਹੇ ਮਨਪ੍ਰੀਤ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਕਮਰਾ ਪਾਉਣ ਲਈ 30 ਹਜ਼ਾਰ ਦੇ ਕਰੀਬ ਲੋਨ ਲਿਆ ਸੀ , ਜਿਸ 'ਚੋ ਕਿ 28 ਹਜ਼ਾਰ ਦੇ ਕਰੀਬ ਨਗਦੀ ਤੇ ਉਸਦੀ ਪਤਨੀ ਦੇ ਗਹਿਣੇ ਜੋ ਕਿ 2 ਤੋਲੇ ਦੇ ਕਰੀਬ ਸਨ ਉਹ ਵੀ ਚੋਰਾਂ ਵੱਲੋਂ ਚੋਰੀ ਕਰ ਲਏ ਗਏ । ਘਟਨਾ ਦੀ ਜਾਣਕਾਰੀ ਮਿਲਣ 'ਤੇ ਮੋਕੇ 'ਤੇ ਪਹੁੰਚੇ ਚੌਕੀ ਇੰਚਾਰਜ਼ ਕੁਲਵਿੰਦਰ ਸਿੰਘ ਨੇ ਕਿਹਾ ਕਿ ਇਸ ਘਟਨਾ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਫ਼ਿੰਗਰ ਪ੍ਰਿੰਟ ਮਾਹਿਰਾਂ ਵੱਲੋਂ ਨਮੂਨੇ ਵੀ ਲਏ ਗਏ ਹਨ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।