ਡਾ. ਗਾਂਧੀ ਵੱਲੋਂ ਅਗਲੇ 5 ਸਾਲਾਂ ਦੇ ਵਿਕਾਸ ਕਾਰਜਾਂ ਦਾ ਐਲਾਨਨਾਮਾ ਜਾਰੀ
ਬੱਚਿਆਂ ਅਤੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਕਰਵਾਉਣ ਦਾ ਵਾਅਦਾ ਕੀਤਾ
ਪਟਿਆਲਾ : ਪਟਿਆਲਾ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਆਪਣੇ ਅਗਲੇ 5 ਸਾਲਾਂ ਦੌਰਾਨ ਪਟਿਆਲਾ ਸੰਸਦੀ ਖੇਤਰ 'ਚ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਸਬੰਧੀ ਐਲਾਨਨਾਮਾ ਜਾਰੀ ਕੀਤਾ ਗਿਆ। ਇਸ ਐਲਾਨਨਾਮੇ 'ਚ ਉਨ੍ਹਾਂ ਨੇ ਰੁਜ਼ਗਾਰ, ਕਿਸਾਨੀ, ਵਪਾਰ ਜਿਹੇ ਮੁੱਦਿਆਂ ਨੂੰ ਗੰਭੀਰਤਾ ਨਾਲ ਸ਼ਾਮਲ ਕੀਤਾ ਹੈ।
ਡਾ. ਗਾਂਧੀ ਨੇ ਦੱਸਿਆ ਕਿ ਚੋਣਾਂ 'ਚ ਜਿੱਤਣ ਤੋਂ ਬਾਅਦ ਪਹਿਲ ਦੇ ਆਧਾਰ ਤੇ ਸਭ ਬੱਚਿਆਂ ਲਈ ਉੱਤਮ ਦਰਜੇ ਦੀ ਸਿੱਖਿਆ ਦਾ ਪ੍ਰਬੰਧ ਕਰਨ ਲਈ ਸਰਕਾਰੀ ਸਕੂਲਾਂ ਦੀ ਹਾਲਤ 'ਚ ਅਜੋਕੇ ਸਮੇਂ ਅਨੁਸਾਰ ਸੁਧਾਰ ਕੀਤੇ ਜਾਣਗੇ। ਜਿਹੜੇ ਵੀ ਪ੍ਰਾਈਵੇਟ ਸਕੂਲ ਵਿੱਚ ਬੱਚਿਆਂ ਅਤੇ ਮਾਪਿਆਂ ਦਾ ਆਰਥਿਕ ਸ਼ੋਸ਼ਣ ਹੁੰਦਾ ਹੈ, ਉਹ ਬੰਦ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਦਗੀ ਜਿਉਣ ਦੇ ਮੁੱਢਲੇ ਅਧਿਕਾਰ ਨੂੰ ਬਚਾਉਣ ਲਈ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿਚ ਸਿਹਤ ਸਹੂਲਤਾਂ ਉਪਲੱਬਧ ਕਰਵਾਉਣ ਲਈ ਅਨੇਕਾਂ ਕਦਮ ਚੁੱਕੇ ਜਾਣਗੇ।
ਡਾ. ਗਾਂਧੀ ਨੇ ਕਿਹਾ ਕਿ ਪਟਿਆਲੇ 'ਚ ਰਾਜਪੁਰੇ ਤੋਂ ਬਠਿੰਡਾ ਡਬਲ ਰੇਲ ਲਾਈਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਉਦਯੋਗਿਕ ਨੀਤੀ ਬਣਵਾਉਣ ਲਈ ਯਤਨ ਤੇਜ਼ ਕੀਤਾ ਜਾਵੇਗਾ ਤਾਂ ਜੋ ਇਸ ਸਮੁੱਚੇ ਖੇਤਰ 'ਚ ਵਪਾਰਕ, ਰੁਜ਼ਗਾਰ ਤੇ ਬਹੁਮੁੱਖੀ ਵਿਕਾਸ ਦੇ ਮੌਕੇ ਉਪਲੱਬਧ ਹੋ ਸਕਣ। ਠੇਕੇਦਾਰੀ ਅਤੇ ਆਊਟ ਸੋਰਸਿੰਗ ਸਿਸਟਮ ਅਧੀਨ ਸਰਕਾਰੀ ਅਤੇ ਨਿੱਜੀ ਸੰਸਥਾਵਾਂ 'ਚ ਕੰਮ ਕਰਨ ਵਾਲੇ ਨੌਜਵਾਨਾਂ ਦਾ ਸ਼ੋਸ਼ਣ ਰੋਕਣ ਲਈ ਉਪਰਾਲੇ ਕੀਤੇ ਜਾਣਗੇ।
ਇਸ ਸਬੰਧੀ ਸੰਸਦ 'ਚ ਬਿੱਲ ਵੀ ਪੇਸ਼ ਕੀਤਾ ਜਾਵੇਗਾ ਅਤੇ ਪਟਿਆਲਾ 'ਚ ਡੋਮੈਸਟਿਕ ਏਅਰਪੋਰਟ ਦੇ ਨਿਰਮਾਣ ਲਈ ਦਬਾਅ ਬਣਾਇਆ ਜਾਵੇਗਾ ਤਾਂ ਕਿ ਦੂਰ ਦੁਰਾਡੇ ਦੇ ਸ਼ਹਿਰਾਂ ਅਤੇ ਕਾਰਪੋਰੇਟ ਸ਼ਹਿਰਾਂ 'ਚ ਨੌਕਰੀ ਕਰਨ ਵਾਲੇ ਨੌਜਵਾਨਾਂ ਨੂੰ ਹਵਾਈ ਯਾਤਰਾ ਉਪਲਬਧ ਕਰਵਾਈ ਜਾ ਸਕੇ। ਡਾ. ਗਾਂਧੀ ਨੇ ਦੱਸਿਆ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੇ ਮੁਲਾਜਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਪੁਰਜੋਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਸਬੰਧੀ ਸੰਸਦ ਵਿਚ ਬਿੱਲ ਵੀ ਪੇਸ਼ ਕੀਤਾ ਜਾਵੇਗਾ ਅਤੇ ਪਾਰਲੀਮੈਂਟ ਮੈਂਬਰਾਂ ਅਤੇ ਐਮ.ਐਲ.ਏਜ਼ ਨੂੰ ਇਕ ਵੰਗਾਰ ਦਿੱਤੀ ਜਾਵੇਗੀ ਜਾਂ ਤਾਂ ਆਪਣੇ ਮੁਲਾਜ਼ਮਾਂ ਨੂੰ ਵੀ ਪੈਨਸ਼ਨ ਦੇਣ ਨਹੀਂ ਤਾਂ ਆਪਣੀਆਂ ਪੈਨਸ਼ਨਾਂ ਵੀ ਛੱਡ ਦੇਣ, ਜਿਹੜੀਆਂ ਕਿ ਉਹ ਹਰ ਟਰਮ ਵਿਚ ਇਕ ਨਵੀਂ ਪੈਨਸ਼ਨ ਲੈਣ ਦੇ ਹੱਕਦਾਰ ਹੋ ਜਾਂਦੇ ਹਨ ਅਤੇ ਕਈ-ਕਈ ਲੱਖ ਰੁਪਏ ਪੈਨਸ਼ਨਾਂ ਦੇ ਰੂਪ 'ਚ ਲੈ ਰਹੇ ਹਨ। ਉਨ੍ਹਾਂ ਨੇ ਇਸ ਤੋਂ ਇਲਾਵਾ ਕਈ ਮੁੱਦੇ ਸ਼ਾਮਲ ਕੀਤੇ ਹਨ।