ਮੰਤਰੀਆਂ ਦੇ ਮਤੇ ਦਾ ਅਸਰ , ਕੈਪਟਨ ਨੇ ਮੁੱਖ ਸਕੱਤਰ ਕਰਨ ਅਵਤਾਰ ਤੋਂ ਐਕਸਾਈਜ਼ ਵਿਭਾਗ ਵਾਪਸ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਮੰਤਰੀਆਂ ਨਾਲ ਐਕਸਾਈਜ਼ ਨੀਤੀ ਨੂੰ ਲੈ ਕੇ ਉਲਝੇ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ

File Photo

ਚੰਡੀਗੜ੍ਹ, 12 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੰਤਰੀਆਂ ਨਾਲ ਐਕਸਾਈਜ਼ ਨੀਤੀ ਨੂੰ ਲੈ ਕੇ ਉਲਝੇ ਸੂਬੇ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਮਾੜੇ ਦਿਨ ਸ਼ੁਰੂ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁੱਖ ਸਕੱਤਰ ਤੋਂ ਐਕਸਾਈਜ਼ ਮਹਿਕਮੇ ਦਾ ਚਾਰਜ ਵਾਪਸ ਲੈ ਲਿਆ ਹੈ। ਇਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਬੀਤੇ ਦਿਨੀਂ ਮੰਤਰੀ ਮੰਡਲ ਮੀਟਿੰਗ ਵਿਚ ਮੰਤਰੀਆਂ ਵਲੋਂ ਮੁੱਖ ਸਕੱਤਰ ਵਿਰੁਧ ਪਾਸ ਮਤੇ ਦਾ ਹੀ ਅਸਰ ਹੈ।

ਕਰਨ ਅਵਤਾਰ ਸਿੰਘ ਤੋਂ ਮਹਿਕਮਾ ਵਾਪਸ ਲੈਣ ਸਬੰਧੀ ਬਕਾਇਦਾ ਹੁਕਮ ਜਾਰੀ ਹੋਏ ਹਨ ਅਤੇ ਦਿਲਚਸਪ ਗੱਲ ਇਹ ਹੈ ਕਿ ਹੁਕਮ ਵੀ ਖ਼ੁਦ ਕਰਨ ਅਵਤਾਰ ਸਿੰਘ ਦੇ ਦਸਤਖ਼ਤਾਂ ਹੇਠ ਜਾਰੀ ਹੋਏ ਹਨ ਜਿਨ੍ਹਾਂ ਵਿਚ ਐਕਸਾਈਜ਼ ਵਿਭਾਗ ਦਾ ਕੰਮ ਕਾਰ ਸੀਨੀਅਰ ਆਈ.ਏ.ਐਸ. ਅਫ਼ਸਰ ਏ ਵੇਨੂੰ ਪ੍ਰਸ਼ਾਦ ਨੂੰ ਦਿਤਾ ਗਿਆ ਹੈ ਪਰ ਉਹ 20 ਮਈ ਤੱਕ ਛੁੱਟੀ 'ਤੇ ਹਨ ਜਿਸ ਕਰ ਕੇ ਫਿਲਹਾਲ ਐਕਸਾਈਜ਼ ਮਹਿਕਮਾ ਵਿੱਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੂੰ ਦਿਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਵੀ ਕਰਨ ਅਵਤਾਰ ਸਿੰਘ 'ਤੇ ਸ਼ਰਾਬ ਦੇ ਕਾਰੋਬਾਰ ਨਾਲ ਸਬੰਧ ਹੋਣ ਦੇ ਗੰਭੀਰ ਦੋਸ਼ ਲਾਏ ਸਨ।

ਇਸ ਤੋਂ ਬਾਅਦ ਪੰਜਾਬ ਕਾਂਗਰਸ ਅੰਦਰ ਹੀ ਮੁੱਖ ਸਕੱਤਰ ਵਿਰੁਧ ਜਾਂਚ ਦੀ ਮੰਗ ਉਠਣ ਲੱਗੀ ਸੀ ਅਤੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਮੁੱਖ ਸਕੱਤਰ ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਸਾਧੇ ਸਨ। ਮੰਤਰੀਆਂ ਵਲੋਂ ਮਤਾ ਪਾਸ ਕਰ ਕੇ ਸਾਫ਼ ਤੌਰ 'ਤੇ ਭਵਿੱਖ ਵਿਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਮੀਟਿੰਗ ਵਿਚ ਨਾ ਬੈਠਣ ਦਾ ਐਲਾਨ ਕਰ ਦਿਤਾ ਗਿਆ ਸੀ। ਮੁੱਖ ਸਕੱਤਰ ਐਕਸਾਈਜ਼ ਵਿਭਾਗ ਦੇਖਦੇ ਸਨ, ਦੀ ਅਗਵਾਈ ਵਿਚ ਹੀ ਅਧਿਕਾਰੀਆਂ ਨੇ ਸ਼ਰਾਬ ਸਬੰਧੀ ਨੀਤੀ ਦਾ ਪ੍ਰਸਤਾਵ ਤਿਆਰ ਕੀਤਾ ਸੀ।

ਇਸ 'ਤੇ ਕੁੱਝ ਇਤਰਾਜ਼ ਉਠਾਉਣ ਕਾਰਨ ਮੁੱਖ ਸਕੱਤਰ ਨੇ ਮੰਤਰੀਆਂ ਨਾਲ ਮੀਟਿੰਗ ਵਿਚ ਬਹਿਸਬਾਜ਼ੀ ਕੀਤੀ ਸੀ। ਇਹ ਵੀ ਪਤਾ ਲਗਾ ਹੈ ਕਿ ਹੁਣ ਪਾਰਟ ਅੰਦਰ ਹੀ ਵਿਰੋਧ ਕਾਰਨ ਸ਼ਰਾਬ ਦੀ ਹੋਮ ਡਿਲੀਵਰੀ ਦਾ ਇਰਾਦਾ ਵੀ ਸਰਕਾਰ ਨੇ ਛਡ ਦਿਤਾ ਹੈ। ਆਬਕਾਰੀ ਨੀਤੀ ਵਿਚ ਸੋਧ ਲਈ ਮੰਤਰੀਆਂ ਦੀ ਸਲਾਹ ਲੈਣ ਲਈ ਹੀ ਮੁੱਖ ਮੰਤਰੀ ਨੇ ਕਰਨ ਅਵਤਾਰ ਤੋਂ ਮਹਿਕਮਾ ਵਾਪਸ ਲੈ ਕੇ ਵਿਵਾਦ ਦੇ ਹਲ ਲਈ ਵਿਚਕਾਰਲਾ ਰਾਹ ਲੱਭਣ ਦਾ ਯਤਨ ਕੀਤਾ ਹੈ ਜਦ ਕਿ ਮੰਤਰੀ ਮੁੱਖ ਸਕੱਤਰ ਨੂੰ ਅਹੁਦੇ ਤੋਂ ਹਟਾਉਣ ਦੀ ਵੀ ਮੰਗ ਕਰ ਚੁੱਕੇ ਹਨ।