ਸਹਿਕਾਰੀ ਸਭਾਵਾਂ ਨੇ 53 ਲੱਖ 24 ਹਜ਼ਾਰ ਰੁਪਏ ਦੇ ਘਰੇਲੂ ਸਮਾਨਦੀਘਰਾਂਤਕਪਹੁੰਚਾਈ ਸਪਲਾਈ: ਸੁਭਦੀਪ ਕੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵੇਰਕਾ ਨੇ 11 ਲੱਖ 59 ਹਜ਼ਾਰ ਲੀਟਰ ਦੁੱਧ ਦੀ ਕਿਸਾਨਾਂ ਤੋਂ ਕੀਤੀ ਖ਼ਰੀਦ

1

ਫ਼ਾਜ਼ਿਲਕਾ, 13 ਮਈ (ਅਨੇਜਾ): ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾਂ-ਨਿਰਦੇਸ਼ਾਂ ਅਨੁਸਾਰ ਸਹਿਕਾਰੀ ਸਭਾਵਾਂ ਫ਼ਾਜ਼ਿਲਕਾ ਵਲੋਂ ਤਾਲਾਬੰਦੀ ਦੌਰਾਨ ਹੁਣ ਤਕ ਤਕਰੀਬਨ 17 ਲੱਖ 48 ਹਜ਼ਾਰ ਰੁਪਏ ਦਾ ਲੋੜੀਂਦਾ ਘਰੇਲੂ ਸਮਾਨ ਘਰ-ਘਰ ਪਹੁੰਚਾਇਆ ਗਿਆ। ਇਸ ਤੋਂ ਇਲਾਵਾ ਸਹਿਕਾਰਤਾ ਵਿਭਾਗ ਦੇ ਅਦਾਰੇ ਮਾਰਕਫ਼ੈੱਡ ਵਲੋਂ ਤਾਲਾਬੰਦੀ ਦੌਰਾਨ ਬਹੁਤਮੰਤਵੀ ਸਹਿਕਾਰੀ ਖੇਤੀਬਾੜੀ ਸਭਾਵਾਂ ਰਾਹੀ ਮੈਂਬਰਾਂ ਨੂੰ 53 ਲੱਖ 24 ਹਜ਼ਾਰ ਰੁਪਏ ਦੀ ਕੈਟਲ ਫ਼ੀਡ (ਪਸ਼ੂ ਚਾਰਾ) ਵੇਚਿਆ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਸੁਭਦੀਪ ਕੌਰ ਬਰਾੜ ਨੇ ਦਸਿਆ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਸਹਿਕਾਰੀ ਸਭਾਵਾਂ ਵਲੋਂ ਜ਼ਿਲ੍ਹੇ ਦੇ ਲੋਕਾਂ ਨੂੰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਘਰੇਲੂ ਸਮਾਨ ਜਿਵੇਂ ਕਿ ਘਿਉ, ਆਟਾ, ਨਮਕ, ਦਾਲਾਂ, ਤੇਲ, ਖੰਡ ਆਦਿ ਘਰ-ਘਰ ਪਹੁੰਚਾਇਆ ਜਾ ਰਿਹਾ ਹੈ।


ਇਸ ਤੋਂ ਇਲਾਵਾ ਸਭਾਵਾਂ ਨਾਲ ਜੁੜੇ ਹੋਏ ਮੈਂਬਰਾਂ ਨੂੰ ਖ਼ਾਦ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਵੇਰਕਾ ਵਲੋਂ ਸਹਿਕਾਰੀ ਦੁੱਧ ਉਦਪਾਦਕ ਸਭਾਵਾਂ ਜ਼ਿਲ੍ਹਾ ਫ਼ਾਜ਼ਿਲਕਾ ਰਾਹੀ ਤਾਲਾਬੰਦੀ ਦੌਰਾਨ 11,59,773 ਲੀਟਰ ਦੁੱਧ ਦੀ ਖਰੀਦ ਕਿਸਾਨਾਂ ਤੋਂ ਕੀਤੀ ਗਈ ਅਤੇ ਲੋਕਾਂ ਤਕ ਸੁਖਾਵੇਂ ਢੰਗ ਨਾਲ ਦੁੱਧ ਦੀ ਸਪਲਾਈ ਪਹੁੰਚਾਉਣ ਦੇ ਕੰਮ ਨੂੰ ਨੇਪਰੇ ਚੜਾਇਆ ਗਿਆ। ਉਨ੍ਹਾਂ ਦਸਿਆ ਮਾਰਕਫ਼ੈੱਡ ਵਲੋਂ ਸਹਿਕਾਰੀ ਸਭਾਵਾਂ ਦੇ ਮਾਧਿਅਮ ਨਾਲ ਉੱਦਮ ਕੁਆਲਟੀ ਦਾ ਸਮਾਨ ਕਿਸਾਨਾਂ ਦੇ ਘਰਾਂ ਤਕ ਪਹੁੰਚਾਇਆ ਗਿਆ।


ਉਨ੍ਹਾਂ ਦਸਿਆ ਕਿ ਮਾਰਕਫ਼ੈੱਡ ਵਲੋਂ ਘਰਾਂ ਤਕ ਸਪਲਾਈ ਪਹੁੰਚਾਉਣ ਲਈ 5 ਫ਼ੀ ਸਦੀ ਰੇਟਾਂ ਦੀ ਛੋਟ ਵੀ ਦਿਤੀ ਗਈ। ਉਨ੍ਹਾਂ ਦਸਿਆ ਕਿ ਤਾਲਾਬੰਦੀ ਦੌਰਾਨ ਰਾਜ ਸਰਕਾਰ ਦੀਆਂ ਹਦਾਇਤਾਂ 'ਤੇ  ਸਹਿਕਾਰੀ ਖੰਡ ਮਿੱਲ ਬੋਦੀਵਾਲਾ ਵਾਲਾ ਪਿੱਥਾ ਵਲੋਂ 2 ਕਿਲੋ ਗ੍ਰਾਮ ਦੀ ਪੈਕਿੰਗ ਦੇ 1 ਲੱਖ 98 ਹਜ਼ਾਰ 600 ਪੈਕਟ, ਇਕ ਕਿਲੋ ਦੀ ਪੈਕਿੰਗ ਦੇ 10 ਹਜ਼ਾਰ ਪੈਕਟਾਂ ਦੀ ਸਪਲਾਈ ਕੀਤੀ ਗਈ। ਉਨ੍ਹਾਂ ਦਸਿਆ ਕਿ ਸਮੇਂ-ਸਮੇਂ ਜ਼ਿਲ੍ਹਾ ਪ੍ਰਸ਼ਾਸਨ, ਮਾਰਕਫ਼ੈੱਡ ਆਦਿ ਦੇ ਆਰਡਰ ਮਿਲਣ ਮੁਤਾਬਕ 1 ਕਿਲੋ ਤੋਂ 5 ਕਿਲੋ ਤਕ ਦੀ ਪੈਕਿੰਗ ਪ੍ਰਕਿਰਿਆ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਸਹਿਕਾਰੀ ਸਭਾਵਾਂ ਵਲੋਂ ਮੰਡੀਆਂ ਅੰਦਰ ਪਹੁੰਚ ਕਰ ਕੇ ਕਿਸਾਨਾਂ ਅਤੇ ਹੋਰਨਾਂ ਲੋਕਾਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਦੀ ਵੰਡ ਵੀ ਕੀਤੀ ਗਈ।