ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਮੌਤ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1900 ਤੋਂ ਪਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਅੱਜ ਸ਼ਾਮ ਤਕ 1900 ਤੋਂ ਪਾਰ ਹੋ ਗਿਆ ਹੈ।

File Photo

ਚੰਡੀਗੜ੍ਹ, 12 ਮਈ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਅੱਜ ਸ਼ਾਮ ਤਕ 1900 ਤੋਂ ਪਾਰ ਹੋ ਗਿਆ ਹੈ। ਅੱਜ ਅੰਮ੍ਰਿਤਸਰ ਵਿਚ ਇਕ ਹੋਰ ਕੋਰੋਨਾ ਪੀੜਤ ਦੀ ਮੌਤ ਹੋਈ ਹੈ। ਸਰਕਾਰੀ ਤੌਰ 'ਤੇ ਤਸਦੀਕ ਗਿਣਤੀ ਮੁਤਾਬਕ ਇਹ 32ਵੀਂ ਮੌਤ ਹੈ। ਪਾਜ਼ੇਟਿਵ ਮਰੀਜ਼ਾਂ ਦੀ ਅੰਕੜਾ 1914 ਹੋ ਚੁੱਕਾ ਹੈ। ਸੂਬੇ ਵਿਚ 24 ਘੰਟਿਆਂ ਦੌਰਾਨ 50  ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਦੀ ਗਿਣਤੀ ਦੇਰ ਰਾਤ ਤਕ ਵਧ ਜਾਣ ਦਾ ਅਨੁਮਾਨ ਹੈ। ਹੁਣ ਤਕ ਸੂਬੇ ਵਿਚ ਲਏ ਕੁੱਲ 43999 ਸੈਂਪਲਾਂ 'ਚੋਂ 39060 ਦੀ ਰੀਪੋਰਟ ਨੈਗੇਟਿਵ ਆਈ ਹੈ ਅਤੇ 171 ਮਰੀਜ਼ ਹੁਣ ਤਕ ਠੀਕ ਵੀ ਹੋਏ ਹਨ। ਹਾਲੇ 3025 ਸੈਂਪਲਾਂ ਦੀ ਰੀਪੋਰਟ ਦੀ ਉਡੀਕ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦੋ ਦਿਨਾਂ ਵਿਚ ਪਾਜ਼ੇਟਿਵ ਰੀਪੋਰਟਾਂ ਦੀ ਗਿਣਤੀ ਵਿਚ ਕਮੀ ਆਈ ਹੈ ਅਤੇ ਜ਼ਿਆਦਾ ਰੀਪੋਰਟਾਂ ਨੈਟੇਟਿਵ ਆ ਰਹੀਆਂ ਹਨ। ਹੁਣ ਅੰਮ੍ਰਿਤਸਰ ਵਿਚ ਸੱਭ ਤੋਂ ਵੱਧ ਪਾਜ਼ੇਟਿਵ ਕੇਸ ਹਨ ਜਦਕਿ ਉਸ ਤੋਂ ਬਾਅਦ ਜਲੰਧਰ ਹੈ। ਤਰਨਤਾਰਨ, ਲੁਧਿਆਣਾ, ਗੁਰਦਾਸਪੁਰ, ਨਵਾਂ ਸ਼ਹਿਰ ਅਤੇ ਮੋਹਾਲੀ ਜ਼ਿਲ੍ਹੇ ਵਿਚ ਵੀ ਪਾਜ਼ੇਟਿਵ ਕੇਸਾਂ ਦੀ ਗਿਣਤੀ 100 ਤੋਂ ਉਪਰ ਹੈ।

ਜਲੰਧਰ 'ਚ 5 ਮਹੀਨੇ ਦੇ ਬੱਚੇ ਸਣੇ 9 ਨਵੇਂ ਕੋਰੋਨਾ  ਕੇਸ ਆਏ ਸਾਹਮਣੇ
ਜਲੰਧਰ, 12 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ) : ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਮੰਗਲਵਾਰ ਨੂੰ ਜਲੰਧਰ 'ਚੋਂ ਕੁੱਲ 9 ਕੇਸ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚ 5 ਮਹੀਨਿਆਂ ਦਾ ਬੱਚਾ ਵੀ ਸ਼ਾਮਲ ਹੈ। ਇਸ ਦੇ ਨਾਲ ਹੀ ਹੁਣ ਜਲੰਧਰ 'ਚ ਕੋਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 197 ਤਕ ਪਹੁੰਚ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ 9 ਕੇਸਾਂ 'ਚੋਂ 8 ਕੇਸ ਗੁੱਜਾਪੀਰ ਰੋਡ ਦੇ ਦੱਸੇ ਜਾ ਰਹੇ ਹਨ, ਜੋ ਕਿ ਇਕ ਕੋਰੋਨਾ ਪਾਜ਼ੇਟਿਵ ਮਹਿਲਾ ਦੇ ਸੰਪਰਕ ਵਾਲੇ ਹਨ।