ਖੇਤ ਮਜ਼ਦੂਰ ਯੂਨੀਅਨ ਨੇ ਪਿੰਡਾਂ 'ਚ ਕੀਤੇ ਸਰਕਾਰ ਵਿਰੁਧ ਰੋਸ ਮੁਜ਼ਾਹਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤ ਮਜ਼ਦੂਰ ਯੂਨੀਅਨ ਨੇ ਪਿੰਡਾਂ 'ਚ ਕੀਤੇ ਸਰਕਾਰ ਵਿਰੁਧ ਰੋਸ ਮੁਜ਼ਾਹਰੇ

1

ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ/ਗੁਰਦੇਵ ਸਿੰਘ): ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਅੱਜ ਪਿੰਡ ਸੀਰਵਾਲਾ, ਫੱਤਣਵਾਲਾ ਅਤੇ ਰੁਪਾਣਾ ਵਿਖੇ ਕੇਂਦਰ ਅਤੇ ਸੂਬਾ ਸਰਕਾਰ ਵਿਰੁਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਤਾਲਾਬੰਦੀ ਦੌਰਾਨ ਦੇ 7500 ਰੁਪਏ ਹਰ ਮਜ਼ਦੂਰ ਦੇ ਖਾਤੇ ਵਿਚ ਜਮ੍ਹਾਂ ਕਰਵਾਏ ਜਾਣ, ਬਿਨਾਂ ਕਿਸੇ ਪੱਖਪਾਤ ਦੇ ਲੋੜਵੰਦ ਪਰਵਾਰਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਜਾਵੇ, ਕੇਂਦਰ ਤੇ ਪੰਜਾਬ ਸਰਕਾਰ ਵਲੋਂ ਮਜ਼ਦੂਰਾਂ ਤੋਂ ਅੱਠ ਘੰਟੇ ਦੀ ਥਾਂ 12 ਘੰਟੇ ਕੰਮ ਲੈਣ ਦਾ ਨੋਟੀਫ਼ੀਕੇਸ਼ਨ ਰੱਦ ਕੀਤਾ ਜਾਵੇ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਲਈ ਕਾਨੂੰਨ ਪਾਸ ਕੀਤੇ ਜਾਣ, ਲੋੜਵੰਦ ਪਰਵਾਰਾਂ ਦੇ ਕੱਟੇ ਰਾਸ਼ਨ ਕਾਰਡ ਬਹਾਲ ਕੀਤੇ ਜਾਣ ਅਤੇ ਮਨਰੇਗਾ ਦਾ ਕੰਮ ਦਿਤਾ ਜਾਵੇ ਤਾਂ ਜੋ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ।


ਇਸ ਮੌਕੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਮੇਜਰ ਸਿੰਘ ਸੀਰਵਾਲੀ, ਧਰਮ ਸਿੰਘ, ਸੁਖਦੇਵ ਸਿੰਘ, ਹਾਕਮ ਸਿੰਘ, ਕੁਲਦੀਪ ਕੌਰ, ਲਖਵਿੰਦਰ ਕੌਰ, ਜੰਗੀਰ ਸਿੰਘ ਰੁਪਾਣਾ, ਸੁਖਦੇਵ ਸਿੰਘ, ਧਾਰਾ ਸਿੰਘ, ਮਲਕੀਤ ਸਿੰਘ ਫੱਤਣਵਾਲਾ, ਇੰਦਰਜੀਤ ਸਿੰਘ, ਜੰਗੀਰ ਸਿੰਘ, ਕਪੂਰ ਸਿੰਘ, ਮਿੱਠੂ ਸਿੰਘ, ਹਰਦੀਪ ਕੌਰ, ਕੁਲਵਿੰਦਰ ਕੌਰ ਅਤੇ ਹਰਮੀਤ ਕੌਰ ਆਦਿ ਨੇ ਕਿਹਾ ਕਿ ਤਾਲਾਬੰਦੀ ਦੌਰਾਨ ਖੇਤ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਅਤੇ ਮਨਰੇਗਾ ਦੇ ਕੰਮ ਬੰਦ ਹੋਣ ਕਾਰਨ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ।


ਜਦ ਕਿ ਸਰਕਾਰ ਵਲੋਂ ਇਸ ਸਮੇਂ ਦੌਰਾਨ ਭੇਜੇ ਗਏ ਰਾਸ਼ਨ ਨੂੰ ਵੰਡਣ ਸਮੇਂ ਵੀ ਕਾਣੀ ਵੰਡ ਕੀਤੀ ਜਾ ਰਹੀ ਹੈ ਜਿਸ ਕਾਰਨ ਲੋੜਵੰਦ ਪਰਵਾਰਾਂ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲ ਰਿਹਾ ਹੈ।