ਦੀਵੇ ਥੱਲੇ ਹਨ੍ਹੇਰਾ,ਸੂਬਾ ਸਰਕਾਰ ਦੇ ਹੈੱਡਕੁਆਟਰ ਪੰਜਾਬ ਸਕੱਤਰੇਤ 'ਚ ਕੋਰੋਨਾ ਸਾਵਧਾਨੀਆਂ ਦੀ ਅਣਦੇਖੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੱਤਰੇਤ ਦੇ ਮੁੱਖ ਦਾਖ਼ਲਾ ਦਰਵਾਜ਼ਿਆਂ 'ਤੇ ਨਹੀਂ ਸੈਨੇਟਾਈਜੇਸ਼ਨ ਤੇ ਸਕਰੀਨਿੰਗ ਦੇ ਪ੍ਰਬੰਧ

Photo

ਚੰਡੀਗੜ੍ਹ, 12 ਮਈ (ਗੁਰਉਪਦੇਸ਼ ਭੁੱਲਰ) : ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਚਲਦੇ ਸੂਬਾ ਸਰਕਾਰ ਦੇ ਹੈੱਡਕੁਆਟਰ ਪੰਜਾਬ ਸਿਵਲ ਸਕੱਤਰੇਤ ਵਿਚ ਬੀਮਾਰੀ ਤੋਂ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦਾ ਕੋਈ ਖ਼ਿਆਲ ਨਹੀਂ ਰਖਿਆ ਜਾ ਰਿਹਾ। ਸਕੱਤਰੇਤ ਦਾ ਇਨ੍ਹੀਂ ਦਿਨੀਂ ਚੱਕਰ ਮਾਰਿਆਂ 'ਦੀਵੇ ਥੱਲੇ ਹਨੇਰਾ' ਵਾਲੀ ਕਹਾਵਤ ਸਹੀ ਹੋਣ ਦਾ ਅਹਿਸਾਸ ਹੁੰਦਾ ਹੈ। ਇਸ ਸਕੱਤਰੇਤ 'ਚੋਂ ਸੂਬਾ ਸਰਕਾਰ ਦੇ ਜਾਰੀ ਹੁਕਮਾਂ ਤਹਿਤ ਰਾਜ ਚਲਦਾ ਹੈ ਤੇ ਕਰਫ਼ਿਊ ਤੇ ਲਾਕਡਾਊਨ ਦੀਆਂ ਪਾਬੰਦੀਆਂ ਤੇ ਕੋਰੋਨਾ ਤੋਂ ਬਚਣ ਦੀਆਂ ਸਾਵਧਾਨੀਆਂ 'ਤੇ ਅਮਲ ਕਰਵਾਇਆ ਜਾਂਦਾ ਹੈ ਪਰ ਇਥੇ ਖ਼ੁਦ ਹੀ ਸਾਵਧਾਨੀ ਨਹੀਂ ਵਰਤੀ ਜਾ ਰਹੀ।

ਲਾਕ ਡਾਊਨ ਦੀਆਂ ਛੋਟਾਂ ਦਾ ਸਿਲਸਿਲਾ ਸ਼ੁਰੂ ਹੋਣ ਬਾਅਦ ਇਥੇ ਮੁਲਾਜ਼ਮਾਂ ਦੀ ਗਿਣਤੀ ਵ ਹੌਲੀ ਹੌਲੀ ਵਧ ਰਹੀ ਹੈ ਭਾਵੇਂ ਕਿ ਐਮਰਜੈਂਸੀ ਡਿਊਟੀ ਵਾਲੇ ਸਕੱਤਰੇਤ ਦੀਆਂ ਵੱਖ ਵੱਖ ਬਰਾਂਚਾਂ ਦੇ ਕਰਮਚਾਰੀ ਤਾਂ ਪਹਿਲਾਂ ਹੀ ਲਾਕਡਾਊਨ ਸ਼ੁਰੂ ਹੋਣ ਵਾਲੇ ਦਿਨ ਤੋਂ ਹੀ ਡਿਊਟੀਆਂ ਦੇ ਰਹੇ ਹਨ। ਸਕੱਤਰੇਤ ਵਿਚ ਕੇਂਦਰੀ ਸੁਰੱਖਿਆ ਬਲਾਂ ਤੇ ਪੰਜਾਬ ਪੁਲਿਸ ਦੇ ਸੈਂਕੜੇ ਮੁਲਾਜ਼ਮ ਵੀ ਤੈਨਾਤ ਹਨ, ਜਿਥੇ ਵਧੇਰੇ ਸਾਵਧਾਨੀ ਦੀ ਲੋੜ ਹੈ।

ਸਕੱਤਰੇਤ 'ਚ ਅਧਿਕਾਰੀਆਂ, ਮੁਲਾਜ਼ਮਾਂ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਐਂਟਰੀ ਬਿਨਾ ਕਿਸੇ ਸਾਵਧਾਨੀ ਤੋਂ ਹੋ ਰਹੀ ਹੈ। ਵੀ.ਆਈ.ਪੀ. ਤੇ ਹੋਰ ਮੁੱਖ ਦਾਖ਼ਲਾ ਗੇਟਾਂ 'ਤੇ ਵੀ ਸੈਨੇਟਾਈਜੇਸ਼ਨ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਕੋਈ ਮਸ਼ੀਨ ਨਾਲ ਮੈਡੀਕਲ ਸਕਰੀਨਿੰਗ ਕੀਤੀ ਜਾ ਰਹੀ ਹੈ। ਸਕੱਤਰੇਤ ਦੇ ਅੰਦਰ ਵੀ ਵੱਖ ਵੱਖ ਮੰਜਲਾਂ 'ਤੇ ਬਣੇ ਪਾਖ਼ਾਨਿਆਂ 'ਚ ਬਹੁਤੇ ਥਾਈਂ ਠੀਕ ਸਫ਼ਾਈ ਵੀ ਨਹੀਂ ਹੈ ਅਤੇ ਮੱਛਰ ਆਦਿ ਜ਼ਰੂਰ ਦਿਖਾਈ ਪੈ ਜਾਂਦੇ ਹਨ।

ਵਾਹਨਾਂ ਦੀ ਸੈਨੀਟੇਸ਼ਨ ਦਾ ਵੀ ਪੱਕਾ ਪ੍ਰਬੰਧ ਨਹੀਂ ਹੈ ਅਤੇ ਅਫ਼ਤੇ ਵਿਚ ਇਕ ਅੱਧੀ ਵਾਰ ਖ਼ਾਨਾਪੂਰਤੀ ਕੀਤੀ ਜਾਂਦੀ ਹੈ। ਸਕੱਤਰੇਤ ਵਿਚ ਮੌਜੂਦ ਕਈ ਮੁਲਾਜ਼ਮਾਂ ਤੇ ਸੁਰੱਖਿਆ ਕਰਮੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਰਕਾਰੀ ਤੌਰ 'ਤੇ ਸੈਨੇਟਾਈਜ਼ਰ ਵਗ਼ੈਰਾ ਮੁਹੱਈਆ ਹੀ ਨਹੀਂ ਕੀਤੇ ਜਾ ਰਹੇ। ਸਕੱਤਰੇਤ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਸ਼ੁਰੂ 'ਚ ਮੁਲਾਜ਼ਮਾਂ ਨੂੰ ਸੈਨੇਟਾਈਜ਼ਰ ਮੁਹੱਈਆ ਕਰਵਾਏ ਗਏ ਸਨ ਪਰ ਬਾਅਦ ਵਿਚ ਮੁੜ ਉਹੀ ਹਾਲ ਹੋ ਗਿਆ।

ਬਹੁਤੇ ਮੁਲਾਜ਼ਮ ਨਿੱਜੀ ਤੌਰ 'ਤੇ ਅਪਣੇ ਬਚਾਅ ਲਈ ਜ਼ਰੂਰ ਸੈਨੇਟਾਈਜ਼ਰ ਰੱਖ ਰਹੇ ਹਨ ਪਰ ਸਕੱਤਰੇਤ ਦੇ ਮੁੱਖ ਦਾਖ਼ਲਾ ਦੁਆਰਾਂ 'ਤੇ ਬਿਨਾ ਸੈਨੇਟਾਈਜ਼ਰ ਤੇ ਸਕਰੀਨਿੰਗ ਦਾਖ਼ਲਾ ਕੋਰੋਨਾ ਵਾਇਰਸ ਦੀ ਦਸਤਕ ਦਾ ਕਾਰਨ ਬਣ ਸਕਦਾ ਹੈ। ਇਕ ਵੀ ਕੋਈ ਪੀੜਤ ਵਿਅਕਤੀ ਸਕੱਤਰੇਤ ਕੰਪਲੈਕਸ 'ਚ ਦਾਖ਼ਲ ਹੋ ਗਿਆ ਤਾਂ ਵੱਡੀ ਮੁਸ਼ਕਲ ਬਣ ਸਕਦੀ ਹੈ। ਸਕੱਤਰੇਤ 'ਚ ਤੈਨਾਤ ਸੈਂਕੜੇ ਸੁਰੱਖਿਆ ਮੁਲਾਜ਼ਮਾਂ ਅਤੇ ਹੋਰ ਐਮਰਜੈਂਸੀ ਡਿਊਟੀ ਵਾਲੇ ਸਟਾਫ਼ ਲਈ ਖ਼ਤਰਾ ਹੈ।

ਪੰਜਾਬ ਸਕੱਤਰੇਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਵੀ ਪੰਜਾਬ ਸਕੱਤਰੇਤ ਵਿਚ ਕੋਰੋਨਾ ਸੰਕਟ ਸਮੇਂ ਕੇਂਦਰੀ ਦਿਸ਼ਾ ਨਿਰਦੇਸ਼ਾਂ ਦੀ ਅਣਦੇਖੀ ਕਰ ਕੇ ਉੱਚ ਪ੍ਰਸ਼ਾਸਨ ਵਲੋਂ ਸਾਵਧਾਨੀ 'ਚ ਵਰਤੀ ਜਾ ਰਹੀ ਲਾਪਰਵਾਹੀ 'ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਸਕੱਤਰੇਤ ਵਿਚ ਤੈਨਾਤ ਕੇਂਦਰੀ ਸੁਰੱਖਿਆ ਬਲਾਂ ਦੇ ਕਾਫ਼ੀ ਮੁਲਾਜ਼ਮ ਨਾਲ ਲਗਦੇ ਨਵਾਂ ਗਰਾਉਂ ਅਤੇ ਕਾਂਸਲ ਆਦਿ ਖੇਤਰਾਂ ਵਿਚ ਰਹਿੰਦੇ ਹਨ, ਜਿਥੇ ਕੋਰੋਨਾ ਦਸਤਕ ਦੇ ਚੁੱਕਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਸਕੱਤਰੇਤ ਵਿਚ ਕੋਰੋਨਾ ਤੋਂ ਬਚਾਅ ਲਈ ਸਾਵਧਾਨੀ ਦੇ ਸਾਰੇ ਪ੍ਰਬੰਧ ਕਰਨ ਅਤੇ ਸੈਨੇਟਾਈਜ਼ਰ ਹਰੇਕ ਪੱਧਰ 'ਤੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।