ਹਾਕੀ ਖਿਡਾਰੀ 'ਬਲਬੀਰ ਸੀਨੀਅਰ' ਨੂੰ ਪਿਆ ਦਿਲ ਦਾ ਦੌਰਾ, ਹਾਲਤ ਗੰਭੀਰ
ਅਪਣੇ ਜ਼ਮਾਨੇ ਦੇ ਧਾਕੜ ਹਾਕੀ ਖਿਡਾਰੀ ਤੇ ਉਲੰਪਿਕ 'ਚ ਤਿੰਨ ਵਾਰ ਦੇ ਸੋਨ ਤਮਗ਼ਾ ਜੇਤੂ ਬਲਬੀਰ ਸਿੰਘ ਸੀਨੀਅਰ ਨੂੰ ਮੰਗਲਵਾਰ ਨੂੰ ਦਿਲ ਦਾ ਦੌਰਾ ਪੈ ਗਿਆ,
ਐਸ.ਏ.ਐਸ. ਨਗਰ, 12 ਮਈ (ਸੋਈਂ): ਅਪਣੇ ਜ਼ਮਾਨੇ ਦੇ ਧਾਕੜ ਹਾਕੀ ਖਿਡਾਰੀ ਤੇ ਉਲੰਪਿਕ 'ਚ ਤਿੰਨ ਵਾਰ ਦੇ ਸੋਨ ਤਮਗ਼ਾ ਜੇਤੂ ਬਲਬੀਰ ਸਿੰਘ ਸੀਨੀਅਰ ਨੂੰ ਮੰਗਲਵਾਰ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਲਬੀਰ ਸਿੰਘ ਸੀਨੀਅਰ ਪਹਿਲਾਂ ਤੋਂ ਹੀ ਹਸਪਤਾਲ ਭਰਤੀ ਹਨ ਅਤੇ ਪਹਿਲਾਂ ਵੀ ਉਨ੍ਹਾਂ ਦੀ ਹਾਲਤ ਕਾਫ਼ੀ ਜ਼ਿਆਦਾ ਖ਼ਰਾਬ ਸੀ।
ਅੱਜ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ। ਬਲਬੀਰ ਸਿੰਘ ਨੂੰ ਨਿਮੋਨੀਆ ਦੀ ਸ਼ਿਕਾਇਤ ਤੋਂ ਬਾਅਦ ਸ਼ੁਕਰਵਾਰ ਨੂੰ ਮੋਹਾਲੀ ਦੇ ਫ਼ੋਰਟਿਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਸੀ। ਡਾਕਟਰਾਂ ਵਲੋਂ ਉਨ੍ਹਾਂ ਦੇ ਕੋਰੋਨਾ ਟੈਸਟ ਵੀ ਲਏ ਗਏ ਸਨ ਪਰ ਉਨ੍ਹਾਂ ਦੀ ਰੀਪੋਰਟ ਨੈਗੇਟਿਵ ਆਈ ਸੀ।
ਜ਼ਿਕਰਯੋਗ ਹੈ ਕਿ ਬਲਬੀਰ ਸਿੰਘ ਸੀਨੀਅਰ ਨੇ ਲੰਡਨ, ਹੇਲਸਿੰਕੀ ਅਤੇ ਮੈਲਬੋਰਨ ਉਲੰਪਿਕ 'ਚ ਭਾਰਤ ਨੂੰ ਸੋਨ ਤਮਗ਼ਾ ਜਿੱਤਣ 'ਚ ਅਹਿਮ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਹੇਲਸਿੰਕੀ ਉਲੰਪਿਕ 'ਚ ਨੀਦਰਲੈਂਡ ਵਿਰੁਧ ਜਿੱਤ 'ਚ 5 ਗੋਲ ਕੀਤੇ ਅਤੇ ਇਹ ਰੀਕਾਰਡ ਹਾਲੇ ਵੀ ਬਰਕਰਾਰ ਹੈ। ਬਲਬੀਰ ਸੀਨੀਅਰ 1975 ਦੀ ਵਿਸ਼ਵ ਕੱਪ ਜੇਤੂ ਭਾਰਤੀ ਹਾਕੀ ਟੀਮ ਦੇ ਮੈਨੇਜਰ ਵੀ ਰਹਿ ਚੁੱਕੇ ਹਨ।