ਰਾਜਾ ਵੜਿੰਗ ਵਲੋਂ ਮੁੱਖ ਸਕੱਤਰ 'ਤੇ ਲਾਏ ਦੋਸ਼ਾਂ ਦੀ ਜਾਂਚ ਹੋਵੇ : ਬਾਜਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ

File Photo

ਚੰਡੀਗੜ੍ਹ, 12 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਕਾਗਰਸ ਵਿਧਾਇਕ ਰਾਜਾ ਵੜਿੰਗ ਵਲੋਂ ਸ਼ਰਾਬ ਦੇ ਕਾਰੋਬਾਰ ਦੇ ਮਾਮਲੇ 'ਚ ਮੁੱਖ ਸਕੱਤਰ 'ਤੇ ਲਾਏ ਦੋਸ਼ਾਂ ਦੀ ਨਿਰਪੱਖ ਜਾਂਚ ਹੋਵੇ। ਉਸ ਨੇ ਮੁੱਖ ਸਕੱਤਰ ਉਪਰ ਕਰਫ਼ਲੈਕਟ ਆਫ਼ ਇੰਟਰਸਟ ਭਾਵ ਅਹੁਦੇ ਦਾ ਇਸਤੇਮਾਲ ਵਪਾਰ ਲਈ ਕਰਨ ਦੇ ਦੋਸ਼ ਲਾਏ ਹਨ। ਬਾਜਵਾ ਨੇ ਟਵੀਟ ਕਰ ਕੇ ਇਹ ਮੰਗ ਵੀ ਕੀਤੀ ਹੈ ਕਿ ਪਿਛਲੇ ਕੁੱਝ ਸਾਲਾਂ ਦੌਰਾਨ ਆਬਕਾਰੀ ਦੇ ਮਾਲੀਏ 'ਚ ਪਏ ਹਜ਼ਾਰਾਂ ਕਰੜ ਰੁਪਏ ਦੇ ਘਾਟੇ ਦੀ ਵੀ ਜਾਂਚ ਕਰਵਾ ਕੇ ਸਬੰਧਤ ਅਧਿਕਾਰੀਆਂ ਅਤੇ ਲੋਕਾਂ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਸੂਬੇ ਦੀਆਂ ਡਿਸਟਲਰੀਆਂ ਵੀ ਸ਼ਰਾਬ ਕਾਰੋਬਾਰ 'ਚ ਸਰਕਾਰ ਲਈ ਘਾਟੇ ਦਾ ਕਾਰਨ ਬਣ ਰਹੀਆਂ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਤ ਹੁੰਦਿਆਂ ਕਿਹਾ ਕਿ ਇਹ ਐਕਸਾਈਜ਼ ਅਤੇ ਟੈਕਸੇਸ਼ਨ ਮਹਿਕਮਾ ਤੁਹਾਡੇ ਅਧੀਨ ਹੀ ਆਉਂਦਾ ਹੈ ਅਤੇ ਸ਼ਰਾਬ ਦੇ ਕਾਰੋਬਾਰ 'ਚ ਸੂਬੇ ਨੂੰ ਵੱਡੀ ਆਮਦਨ ਹੁੰਦੀ ਹੈ ਜਿਸ ਕਰ ਕੇ ਵਿਭਾਗ 'ਚ ਲੁੱਟ-ਖਸੁੱਟ ਰੋਕਣ ਲਈ ਦੋਸ਼ਾਂ ਦੀ ਗਹਿਰਾਈ 'ਚ ਜਾਂਚ ਜ਼ਰੂਰੀ ਹੈ। ਸਰਕਾਰ ਅਤੇ ਠੇਕੇਦਾਰਾਂ ਦੇ ਗਠਜੋੜ ਦੀ ਸ਼ੰਕਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਕਿ ਇਸ ਨੂੰ ਵੀ ਖ਼ਤਮ ਕਰਨਾ ਜ਼ਰੂਰੀ ਹੈ। ਮੁੱਖ ਮੰਤਰੀ ਤੋਂ ਉਨ੍ਹਾਂ ਵਿਭਾਗ ਦੇ ਕੰਮਕਾਰ ਦੇ ਤਰੀਕਿਆਂ ਦੀ ਜਾਂਚ ਕਰਵਾਉਣ 'ਤੇ ਵੀ ਜ਼ੋਰ ਦਿਤਾ ਹੈ।