ਸੂਬਾ ਸਰਕਾਰ ਦੀਆਂ ਗ਼ਲਤ ਨੀਤੀਆਂ ਦਾ ਖ਼ਮਿਆਜ਼ਾ ਭੁਗਤ ਰਹੇ ਹਨ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਪਣੇ ਰਾਜਨੀਤਕ ਨਫ਼ੇ ਨੁਕਸਾਨ ਦੇ ਗਣਿਤ ਵਿਚ ਉਲਝਣ ਕਾਰਨ

File Photo

ਬਠਿੰਡਾ/ਦਿਹਾਤੀ, 12 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਪਣੇ ਰਾਜਨੀਤਕ ਨਫ਼ੇ ਨੁਕਸਾਨ ਦੇ ਗਣਿਤ ਵਿਚ ਉਲਝਣ ਕਾਰਨ ਆਮ ਲੋਕ ਖ਼ਮਿਆਜ਼ਾ ਭੁਗਤ ਰਹੇ ਹਨ ਜਦਕਿ ਸੂਬੇ ਵਿਚ ਕੋਰੋਨਾ ਦੀ ਗੰਭੀਰ ਸਮੱਸਿਆ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਆਰੰਭ ਵਿਚ ਹੀ ਸਪੱਸ਼ਟ ਕੀਤਾ ਸੀ ਕਿ ਪਾਰਟੀ ਇਸ ਮੌਕੇ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀ ਕਰੇਗੀ ਤੇ ਹਰ ਫ਼ਰੰਟ 'ਤੇ ਸੂਬਾ ਸਰਕਾਰ ਦੀ ਸਹਾਇਤਾ ਕਰੇਗੀ,

ਇਸ ਲਈ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਜਿਥੇ ਪੂਰੇ ਸੂਬੇ ਵਿਚ ਲੰਗਰ ਦੀ ਸੇਵਾ ਨਿਭਾਈ ਗਈ ਤੇ ਨਾਲ ਹੀ ਸ਼੍ਰੋਮਣੀ ਕਮੇਟੀ ਵਲੋਂ ਸਰਕਾਰ ਨੂੰ ਆਈਸੋਲੇਸ਼ਨ ਸੈਂਟਰ ਬਣਾਉਣ ਲਈ ਗੁਰੂ ਘਰ ਦੀਆਂ ਸਰਾਵਾਂ ਖੋਲ੍ਹਣ ਅਤੇ ਪੂਰਾ ਇੰਤਜਾਮ ਕਰਨ ਦੀ ਪੇਸ਼ਕਸ਼ ਵੀ ਕੀਤੀ। ਪਰ ਅਫਸੋਸ ਦੀ ਗੱਲ ਹੈ ਕਿ ਸੂਬਾ ਸਰਕਾਰ ਰਾਜਨੀਤਕ ਨਫੇ ਨੁਕਸਾਨ ਦੇ ਹਿਸਾਬ ਲਗਾਉਣ ਵਿਚ ਉਲਝ ਗਈ ਜਿਸ ਕਾਰਨ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮਲੂਕਾ ਵਲੋਂ ਰਾਸ਼ਨ ਦੀ ਵੰਡ 'ਤੇ ਸਵਾਲ ਚੁੱਕੇ ਗਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਣਕ, ਚੌਲ ਤੇ ਦਾਲਾਂ ਦਾ ਖੁਲ੍ਹਾ ਭੰਡਾਰ ਪੰਜਾਬ ਲਈ ਭੇਜਿਆ ਗਿਆ

ਪਰ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸਰਕਾਰ ਲੋੜਵੰਦਾਂ ਤਕ ਕੇਂਦਰੀ ਰਾਸ਼ਨ ਦੇਣ ਵਿਚ ਫੇਲ ਸਾਬਤ ਹੋਈ। ਮਲੂਕਾ ਨੇ ਕਿਹਾ ਕਿ ਕੇਂਦਰੀ ਮੰਤਰੀ ਪਾਸਵਨ ਵਲੋਂ ਵੀ ਰਾਸ਼ਨ ਵੰਡਣ ਵਿਚ ਦੇਰੀ ਲਈ ਪੰਜਾਬ ਸਰਕਾਰ ਦਾ ਵਿਸ਼ੇਸ਼ ਨੋਟਿਸ ਲਿਆ ਪਰ ਜੋ ਰਾਸ਼ਨ ਵੰਡਿਆ, ਉਹ ਵੀ ਰਾਜਨੀਤਕ ਲਾਹਾ ਲੈਣ ਲਈ ਕਾਂਗਰਸੀ ਆਗੂਆਂ ਦੇ ਘਰ ਭੇਜ ਦਿਤਾ ਤੇ ਉਨ੍ਹਾਂ ਵਲੋਂ ਅਪਣੇ ਚਹੇਤਿਆਂ ਨੂੰ ਦੋ ਦੋ ਵਾਰ ਰਾਸ਼ਨ ਵੰਡ ਦਿਤਾ ਜਦਕਿ ਹੱਕਦਾਰ ਲੋੜਵੰਦਾਂ ਤਕ ਇਕ ਵਾਰ ਵੀ ਨਹੀਂ ਪਹੁੰਚਿਆ।

ਮਲੂਕਾ ਨੇ ਇਹ ਵੀ ਕਿਹਾ ਕਿ ਸੂਬੇ ਵਿਚ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਸੂਬੇ ਵਿਚ ਲੱਖਾਂ ਦੀ ਗਿਣਤੀ ਵਿਚ ਨੀਲੇ ਕਾਰਡ ਕੱਟ ਦਿਤੇ ਸਨ ਜਿਸ ਕਾਰਨ ਹੁਣ ਲੋੜਵੰਦ ਲੋਕਾਂ ਤਕ ਰਾਸ਼ਨ ਨਹੀ ਪਹੁੰਚ ਰਿਹਾ। ਮਲੂਕਾ ਨੇ ਕਿਹਾ ਕਿ ਪੂਰੇ ਸੂਬੇ ਵਿਚ ਨੀਲੇ ਕਾਰਡ ਕੱਟੇ ਜਾਣ ਦਾ ਗੰਭੀਰ ਮੁੱਦਾ ਹੈ ਜਦਕਿ ਇਕ ਪਾਸੇ ਲੋਕ ਫਾਕੇ ਕੱਟਣ ਨੂੰ ਮਜਬੂਰ ਹਨ। ਦੂਜੇ ਪਾਸੇ ਸਰਕਾਰ ਦੀ ਅਫ਼ਸਰਸ਼ਾਹੀ ਤੇ ਮੰਤਰੀ ਮੰਡਲ ਸ਼ਰਾਬ ਵੇਚਣ ਦੀ ਪਾਲਿਸੀ ਵਿਚ ਉਲਝਿਆ ਪਿਆ ਹੈ।

ਮਲੂਕਾ ਨੇ ਕਿਹਾ ਕਿ ਮੁੱਖ ਮੰਤਰੀ ਸ਼ਰਾਬ ਪਾਲਿਸੀ ਦੀ ਚਿੰਤਾ ਛੱਡ ਕੇ ਲੋਕਾਂ ਤਕ ਰਾਸ਼ਨ ਪਹੁੰਚਾਉਣ ਦੀ ਕੋਈ ਠੋਸ ਨੀਤੀ ਬਣਾਉਣ ਵਲ ਧਿਆਨ ਦੇਣ। ਪ੍ਰੈਸ ਨੂੰ ਇਹ ਜਾਣਕਾਰੀ ਰਤਨ ਸ਼ਰਮਾ ਮਲੂਕਾ ਵਲੋਂ ਦਿਤੀ ਗਈ। ਇਸ ਮੌਕੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ, ਪ੍ਰਧਾਨ ਹਰਿੰਦਰ ਹਿੰਦਾ ਮਹਿਰਾਜ, ਗਗਨਦੀਪ ਗਰੇਵਾਲ, ਨਿਰਮਲ ਗਿੱਲ ਮਹਿਰਾਜ ਆਦਿ ਹਾਜ਼ਰ ਸਨ।