ਕੋਰੋਨਾ ਵਿਰੁਧ ਲੜਾਈ ਦੀ ਥਾਂ ਸ਼ਰਾਬ ਵਾਸਤੇ ਅੜੇ ਮੰਤਰੀ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਮਲਾ ਮੰਤਰੀਆਂ ਤੇ ਮੁੱਖ ਸਕੱਤਰ 'ਚ ਜੰਗ ਦਾ

File Photo

ਚੰਡੀਗੜ੍ਹ, 12 ਮਈ (ਜੀ.ਸੀ. ਭਾਰਦਵਾਜ) : ਪੰਜਾਬ ਵਿਚ ਸ਼ਰਾਬ ਦੇ ਠੇਕੇਦਾਰਾਂ ਨੂੰ ਕਰੋੜਾਂ ਰੁਪਏ ਦੀ ਰਿਆਇਤ ਦੇਣ ਅਤੇ ਕੋਰੋਨਾ ਲਾਕਡਾਊਨ ਦੌਰਾਨ ਖਪਤਕਾਰਾਂ ਦੇ ਘਰ ਡਿਲੀਵਰੀ ਕਰਨ ਦੇ ਮੁੱਦੇ 'ਤੇ ਸੂਬੇ ਦੇ ਵਿੱਤ ਮੰਤਰੀ ਅਤੇ ਹੋਰ ਸਾਥੀਆਂ ਵਲੋਂ ਮੁੱਖ ਸਕੱਤਰ ਵਿਰੁਧ ਛੇਤੀ ਜੰਗ 'ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੁਰਜ਼ੋਰ ਮੰਗ ਕੀਤੀ ਹੈ ਕਿ ਜੇ ਕਾਂਗਰਸੀ ਮੁੱਖ ਮੰਤਰੀ ਤੋਂ ਲੋਕਾਂ ਦੀ ਮਦਦ ਨਹੀਂ ਕੀਤੀ ਜਾਂਦੀ ਅਤੇ ਪੀੜਤ ਜਨਤਾ ਨੂੰ ਰਿਆਇਤ ਨਹੀਂ ਦਿਤੀ ਜਾ ਰਹੀ ਅਤੇ ਸ਼ਰਾਬ ਦੀ ਲੁੱਟ ਨਹੀਂ ਰੋਕੀ ਜਾ ਰਹੀ ਤਾਂ ਅਸਤੀਫ਼ਾ ਦੇ ਕੇ ਲਾਂਭੇ ਹੋਣ।

ਸੁਖਬੀਰ ਬਾਦਲ ਨੇ ਇਹ ਵੀ ਮੰਗ ਕੀਤੀ ਕਿ ਸਾਰੇ ਮੁਲਕ ਵਿਚ ਪੰਜਾਬ ਹੀ ਇਕ ਐਸਾ ਸੂਬਾ ਹੈ ਜਿਥੇ ਸਰਕਾਰ ਦੇ ਮੰਤਰੀ ਕੋਰੋਨਾ ਵਾਇਰਸ ਵਿਰੁਧ ਲੜਾਈ ਲੜਨ ਦੀ ਥਾਂ ਮੰਤਰੀ ਮੰਡਲ ਦੇ ਮੰਤਰੀ ਕੇਵਲ ਮੁੱਖ ਸਕੱਤਰ ਨੂੰ ਹਟਾਉਣਾ ਚਾਹੁੰਦੇ ਹਨ ਅਤੇ ਇਸ ਗੰਭੀਰ ਮੁੱਦੇ ਦੀ ਹਾਈ ਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ।

ਅੱਜ ਇਥੇ ਅਪਣੇ ਫ਼ਲੈਟ 'ਤੇ ਮੀਡੀਆ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕੇਂਦਰੀ ਸਾਬਕਾ ਮੰਤਰੀ ਅਤੇ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਐਮ.ਪੀ. ਸੁਖਬੀਰ ਸਿੰਘ ਬਾਦਲ  ਨੇ 2002-07 ਦੌਰਾਨ ਅੰਕੜੇ ਦੇ ਕੇ ਦਸਿਆ ਉਸ ਵੇਲੇ ਕਾਂਗਰਸ ਸਰਕਾਰ ਵੇਲੇ ਸ਼ਰਾਬ ਦੀ ਵਿਕਰੀ ਯਾਨੀ ਆਬਕਾਰੀ ਟੈਕਸ ਤੋਂ ਸਾਲਾਨਾ ਅਮਦਨੀ ਕੇਵਲ 1360 ਕਰੋੜ ਰੁਪਏ ਸੀ ਜੋ 1997-2002 ਵੇਲੇ ਬਾਦਲ ਸਰਕਾਰ ਦੀ 1428 ਕਰੋੜ ਰੁਪਏ ਆਮਦਨ ਤੋਂ ਘਟ ਗਿਆ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਅਕਾਲੀ-ਬੀਜੇਪੀ ਸਰਕਾਰ 2007-12 ਅਤੇ 2012-17 ਵੇਲੇ ਇਹ ਆਮਦਨ 5000 ਕਰੋੜ ਸੀ ਜੋ ਹੁਣ ਪਿਛਲੇ 3 ਸਾਲਾਂ ਦੌਰਾਨ ਫਿਰ ਘੱਟ ਗਈ ਹੈ ਕਿਉਂਕਿ ਉਨ੍ਹਾਂ ਵਲੋਂ ਲਾਏ ਦੋਸ਼ ਮੁਤਾਬਕ ਬਹੁਤੇ ਕਾਂਗਰਸੀ ਨੇਤਾਵਾਂ ਤੇ ਉਨ੍ਹਾਂ ਦੇ ਚਹੇਤਿਆਂ ਵਲੋਂ ਐਕਸਾਈਜ਼ ਦੀ ਸ਼ਰ੍ਹੇਆਮ ਚੋਰੀ ਕੀਤੀ ਜਾ ਰਹੀ ਹੈ ਅਤੇ ਲਾਕਡਾਊਨ ਦੌਰਾਨ ਵੀ ਲੀਡਰਾਂ ਦੀਆਂ ਗ਼ੈਰ ਕਾਨੂੰਨੀ ਸ਼ਰਾਬ ਫ਼ੈਕਟਰੀਆਂ ਚਲ ਰਹੀਆਂ ਹਨ ਅਤੇ ਬੰਦਸ਼ ਦੇ ਬਾਵਜੂਦ ਵੀ ਘਰਾਂ ਵਿਚ ਡਿਲੀਵਰੀ ਹੋ ਰਹੀ ਹੈ।

ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੋਸ਼ ਲਾਇਆ ਕਿ ਸੱਤਾਧਾਰੀ ਕਾਂਗਰਸੀ ਨੇਤਾਵਾਂ ਦੀ ਸ਼ਰਾਬ ਦੇ ਠੇਕੇਦਾਰਾਂ ਨੂੰ ਪੂਰੀ ਸਰਪ੍ਰਸਤੀ ਹੈ ਅਤੇ ਸਮਾਨੰਤਰ ਕਰੋੜਾਂ ਦਾ ਧੰਦਾ ਚਲਾਇਆ ਜਾ ਰਿਹਾ ਹੈ ਜਿਸ ਨਾਲ ਪੰਜਾਬ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਮੁੱਖ ਸਕੱਤਰ ਵਿਚ ਕੋਈ ਕਮੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਮਿੰਟਾਂ ਵਿਚ ਹਟਾ ਦੇਣ ਅਤੇ ਉਸ ਵਿਰੁਧ ਪਰਚਾ ਦਰਜ ਕਰਨ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਸ ਗੰਭੀਰ ਮੁੱਦੇ ਅਤੇ ਪੰਜਾਬ ਵਿਚ ਸੰਵਿਧਾਨਕ ਸੰਕਟ ਖੜ੍ਹਾ ਹੋਣ 'ਤੇ ਇਕ ਉੱਚ ਪੱਧਰੀ ਵਫ਼ਦ ਛੇਤੀ ਹੀ ਰਾਜਪਾਲ, ਵੀ.ਪੀ. ਸਿੰਘ ਬਦਨੌਰ ਨੂੰ ਮਿਲੇਗਾ ਤੇ ਮੰਗ ਕਰੇਗਾ ਕਿ ਕਾਂਗਰਸ ਸਰਕਾਰ ਨੂੰ ਸਰਖ਼ਾਸਤ ਕੀਤਾ ਜਾਵੇ। ਮੀਡੀਆ ਵਲੋਂ ਕੋਰੋਨਾ ਮੁੱਦੇ ਅਤੇ ਵਿੱਤੀ ਸੰਕਟ ਬਾਰੇ ਕੀਤੇ ਸੁਆਲਾਂ ਦਾ ਜੁਆਬ ਦਿੰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ

ਕਿ ਇਸ ਦੁਖਦਾਈ ਸਮੇਂ ਰੀਮੋਟ ਕੰਟਰੋਲ ਨਾਲ ਸਰਕਾਰ ਚਲਾਉਣ ਦੀ ਥਾਂ ਮੁੱਖ ਮੰਤਰੀ ਤੇ ਬਾਕੀ ਮੰਤਰੀ ਫ਼ੀਲਡ ਵਿਚ ਜਾ ਕੇ ਲੋਕਾਂ ਦੀ ਮਦਦ ਕਰਦੇ, ਟੈਕਸਾਂ ਵਿਚ ਜਨਤਾ ਨੂੰ ਰਿਆਇਤ ਦਿੰਦੇ, ਰਾਸ਼ਨ ਵੰਡਦੇ, ਬਿਜਲੀ ਬਿਲ ਮੁਆਫ਼ ਕਰਦੇ, ਹਸਪਤਾਲਾਂ ਵਿਚ ਪੀੜਤਾਂ ਦਾ ਹਾਲ ਪੁੱਛਦੇ, ਪਰਵਾਸੀ ਮਜ਼ਦੂਰਾਂ ਨੂੰ ਬਾਹਰ ਨਾ ਜਾਣ ਦਿੰਦੇ ਪਰ ਦੁੱਖ ਅਤੇ ਅਫਸੋਸ ਤਾਂ ਇਹ ਹੈ ਕਿ ਕਾਂਗਰਸੀ ਮੰਤਰੀ, ਸ਼ਰਾਬ ਦੇ ਠੇਕੇਦਾਰਾਂ ਤੋਂ ਉਗਰਾਹੀ ਕਰਨ ਲਈ ਸਾਰਾ ਦੋਸ਼ ਮੁੱਖ ਸਕੱਤਰ ਅਤੇ ਹੋਰ ਅਫ਼ਸਰਸ਼ਾਹੀ ਦਾ ਹੀ ਕੱਢ ਰਹੇ ਹਨ।