ਗੁਰਦਵਾਰਾ ਸਾਹਿਬ ਦੀ ਆਰੰਭਤਾ ਮੌਕੇ ਭੂਮੀ ਪੂਜਨ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ : ਜਾਚਕ
ਗੁਰਦਵਾਰਾ ਸਾਹਿਬ ਦੀ ਆਰੰਭਤਾ ਮੌਕੇ ਭੂਮੀ ਪੂਜਨ ਗੁਰਮਤਿ ਸਿਧਾਂਤਾਂ ਦੀ ਘੋਰ ਉਲੰਘਣਾ : ਜਾਚਕ
ਕਿਹਾ, ਗੁਰਸਿੱਖ ਭੂਮੀ-ਪੂਜਨ ਨਹੀਂ ਕਰਦੇ ਅਤੇ ਨਾ ਹੀ ਭੰਨਦੇ ਹਨ ਨਾਰੀਅਲ
ਕੋਟਕਪੂਰਾ, 12 ਮਈ (ਗੁਰਿੰਦਰ ਸਿੰਘ) : ਸੰਸਾਰ ’ਚ ਸਿੱਖ ਜਗਤ ਵਲੋਂ ਪਹਿਲ ਦੇ ਆਧਾਰ ’ਤੇ ਸੱਭ ਤੋਂ ਵਧੇਰੇ ਪੜ੍ਹੀ ਜਾਣ ਵਾਲੀ 11 ਮਈ ਦੀ ‘ਰੋਜ਼ਾਨਾ ਸਪੋਕਸਮੈਨ’ ਚੰਡੀਗੜ੍ਹ ਸਮੇਤ ਬਾਕੀ ਦੇ ਪਿ੍ਰੰਟ ਤੇ ਇਲੈਕਟ੍ਰੋਨਿਕ ਮੀਡੀਏ ਰਾਹੀਂ ਛਾਈ ਹੋਈ ਖ਼ਬਰ ਕਿ ‘ਗੁਰੂ ਤੇਗ ਬਹਾਦੁਰ ਬਿ੍ਰਗੇਡ’ ਵਲੋਂ ਪ੍ਰਧਾਨ ਬੀਬੀ ਅਨੁਰਾਧਾ ਭਾਰਗਵ ਐਡਵੋਕੇਟ ਦੀ ਅਗਵਾਈ ਹੇਠ ਹਰਿਆਣੇ ਵਿਖੇ ਜ਼ਿਲ੍ਹਾ ਕੁਰਕਸ਼ੇਤਰ ਦੇ ਪਿੰਡ ਸੁਜਰਾ ਵਿਚ ‘ਗੁਰਦੁਆਰਾ ਯਾਦਗਾਰ ਸ਼ਹੀਦ ਗੰਜ ਪਾਤਸ਼ਾਹੀ 9ਵੀਂ’ ਅਤੇ ਗੁਰਮਤਿ ਵਿਦਿਆਲੇ ਦੀ ਆਰੰਭਤਾ ਲਈ ਅਰਦਾਸ ਹੋਈ ਹੈ। ਸ਼ਲਾਘਾਯੋਗ ਹੈ ਪਰ ‘ਗੁਰੂ ਤੇਗ ਬਹਾਦੁਰ ਬਿ੍ਰਗੇਡ ਓ.ਆਰ.ਜੀ.’ ਨਾਂਅ ਦੀ ਵੈੱਬਸਾਈਟ ਅਤੇ ਯੂ-ਟਿਊਬ ਰਾਹੀਂ ਉਪਰੋਕਤ ਮੌਕੇ ਦਾ ਪਰਦੇ ਪਿਛਲਾ ਸੱਚ ਵੀ ਪ੍ਰਗਟ ਹੋਇਆ ਹੈ ਕਿ ਉੁਥੇ ਅਰਦਾਸ ਉਪਰੰਤ ਪੰਜ ਨਾਰੀਅਲ ਭੰਨ ਕੇ ਭੂਮੀ-ਪੂਜਨ ਵੀ ਹੋਇਆ ਤੇ ਲੱਡੂ ਵੀ ਵੰਡੇ ਗਏ। ਇਹ ਇਕ ਬਿਪਰਵਾਦੀ ਕਰਮਕਾਂਡ ਹੈ ਅਤੇ ਅਜਿਹੀ ਕਾਰਵਾਈ ਨੇ ਬਿ੍ਰਗੇਡ ਦੇ ਮਨੋਰਥ ਨੂੰ ਸ਼ੰਕਾਤਰ ਕਰ ਦਿਤਾ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਮਾਣਤ ਕੌਮਾਂਤਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਨਿਊਯਾਰਕ ਤੋਂ ‘ਰੋਜ਼ਾਨਾ ਸਪੋਕਸਮੈਨ’ ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਲਿਖਤੀ ਪੱੈ੍ਰਸ ਨੋਟ ਰਾਹੀਂ ਸਾਂਝੇ ਕਰਦਿਆਂ ਆਖਿਆ ਕਿ ਸਿੱਖ ਕੌਮ ਉਦੋਂ ਸ਼ਰਮਸਾਰ ਹੁੰਦੀ ਹੈ, ਜਦੋਂ ਸੰਸਾਰ ਦੇ ਲੋਕ ਬਿ੍ਰਗੇਡ ਦੀ ਸਨਾਤਨ-ਮਤੀ ਪ੍ਰਧਾਨ ਬੀਬੀ ਨਾਲ ਕੌਮਾਂਤਰੀ ਸਿੱਖ ਕਥਾਵਾਚਕ ਅਖਵਾਉਣ ਵਾਲੇ ਗਿਆਨੀ ਤੇਜਪਾਲ ਸਿੰਘ ਅਤੇ ਗੁਰਦੁਆਰਾ ਖੜਗ ਖੰਡਾ ਦੇ ਮੁੱਖ ਸੇਵਾਦਾਰ ਭਾਈ ਸੱਜਣ ਸਿੰਘ ਆਦਿਕ ਦੁਮਾਲਾਧਾਰੀ ਨਿਹੰਗ ਦਿਸਦੇ ਗੁਰਸਿੱਖਾਂ ਨੂੰ ਨਾਰੀਅਲ ਭੰਨਣ ਵਾਲਿਆਂ ’ਚ ਸ਼ਾਮਲ ਵੇਖਦੇ ਹਨ। ਅਜਿਹਾ ਹੋਣ ’ਤੇ ਸਿੱਖ ਜਗਤ ਸਾਹਮਣੇ ਸਵਾਲ ਖੜਾ ਹੋ ਗਿਆ ਹੈ ਕਿ ਕੀ ਉਸ ਗੁਰਦੁਆਰੇ ਤੇ ਗੁਰਮਤਿ ਵਿਦਿਆਲੇ ’ਚੋਂ ਸਿਖਿਆਰਥੀਆਂ ਨੂੰ ਉਪਰੋਕਤ ਕਿਸਮ ਦੀ ਬਿਪਰਵਾਦੀ ਸਿਖਿਆ ਦਿਤੀ ਜਾਵੇਗੀ? ਗਿਆਨੀ ਜੀ ਨੂੰ ਬਿ੍ਰਗੇਡ ਵੱਲੋਂ ਗੁਰਮਤਿ ਵਿਦਿਆਲੇ ਦਾ ਇੰਚਾਰਜ ਵੀ ਥਾਪਿਆ ਗਿਆ ਹੈ। ਇਸ ਲਈ ਆਸ ਕੀਤੀ ਜਾਂਦੀ ਹੈ ਕਿ ਉਹ ਸਿੱਖ ਜਗਤ ਦੀ ਸੰਸਾ-ਨਿਵ੍ਰਿਤੀ ਲਈ ਸਪੱਸ਼ਟੀਕਰਨ ਦੇਣ ਦੀ ਖੇਚਲ ਜ਼ਰੂਰ ਕਰਨਗੇ।
ਤਖ਼ਤ ਸਾਹਿਬਾਨ ਦੇ ‘ਜਥੇਦਾਰ’ ਵੀ ਉਪਰੋਕਤ ਪੱਖੋਂ ਸਿੱਖ ਜਗਤ ਨੂੰ ਕੋਈ ਸੰਦੇਸ਼ ਜ਼ਰੂਰ ਦੇਣਗੇ। ਕਾਰਨ ਹੈ ਕਿ ਇਕ ਤਾਂ ਅਕਾਲ ਪੁਰਖ ਦੇ ਉਪਾਸਕ ਗੁਰਸਿੱਖ ਭੂਮੀ-ਪੂਜਨ ਨਹੀਂ ਕਰਦੇ ਅਤੇ ਨਾ ਹੀ ਅਜਿਹੇ ਮੌਕੇ ਬਲੀ ਵਜੋਂ ਨਾਰੀਅਲ ਭੰਨ ਕੇ ਪੌਰਾਣਿਕ-ਮਤੀਆਂ ਵਾਂਗ ਦੇਵੀ-ਦੇਵਤਿਆਂ ਦੀ ਪ੍ਰਸੰਨਤਾ ਲੈਣ ਦਾ ਯਤਨ ਕਰਦੇ ਹਨ ਕਿਉਂਕਿ ਗੁਰਬਾਣੀ ਅਜਿਹੇ ਲੋਕਾਂ ਨੂੰ ਗਵਾਰਾਂ ਦੀ ਗਿਣਤੀ ’ਚ ਸ਼ੁਮਾਰ ਕਰਦੀ ਹੈ।