ਕਈ ਨਾਰਾਜ਼ ਵਿਧਾਇਕਾਂ ਨੂੰ  ਮਨਾਉਣ 'ਚ ਸਫ਼ਲ ਹੋਏ ਕੈਪਟਨ

ਏਜੰਸੀ

ਖ਼ਬਰਾਂ, ਪੰਜਾਬ

ਕਈ ਨਾਰਾਜ਼ ਵਿਧਾਇਕਾਂ ਨੂੰ  ਮਨਾਉਣ 'ਚ ਸਫ਼ਲ ਹੋਏ ਕੈਪਟਨ

image


ਚਾਰ ਹੋਰ ਕੈਬਨਿਟ ਮੰਤਰੀ ਬਲਬੀਰ ਸਿੱਧੂ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਗੁਰਪ੍ਰੀਤ ਕਾਂਗੜ ਵੀ ਕੈਪਟਨ ਨਾਲ ਡਟੇ, ਨਵਜੋਤ ਸਿੱਧੂ ਵਿਰੁਧ ਕੀਤੀ ਤੁਰਤ ਅਨੁਸ਼ਾਸਨੀ ਕਾਰਵਾਈ ਦੀ ਮੰਗ

ਚੰਡੀਗੜ੍ਹ, 12 ਮਈ (ਗੁਰਉਪਦੇਸ਼ ਭੁੱਲਰ) : ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀਕਾਂਡ ਬਾਰੇ ਦਿਤੇ ਫ਼ੈਸਲੇ ਤੋਂ ਬਾਅਦ ਪੰਜਾਬ ਕਾਂਗਰਸ ਤੇ ਸਰਕਾਰ 'ਚ ਮੰਤਰੀਆਂ, ਵਿਧਾਇਕਾਂ ਤੇ ਆਗੂਆਂ 'ਚ ਪੈਦਾ ਹੋਈ ਹਿਲਜੁਲ ਤੇ ਨਿਆਂ ਦੇ ਮੁੱਦੇ 'ਤੇ ਨਾਰਾਜ਼ਗੀਆਂ ਦੀ ਬਣੀ ਸਥਿਤੀ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਿੱਧੇ ਤੌਰ 'ਤੇ ਮੰਤਰੀਆਂ ਤੇ ਵਿਧਾਇਕਾਂ ਨਾਲ ਗੱਲਬਾਤ ਕੀਤੇ ਜਾਣ ਦੇ ਚੰਗੇ ਨਤੀਜੇ ਸਾਹਮਣੇ ਆਉਣ ਲੱਗੇ ਹਨ | 
ਕਈ ਵਿਧਾਇਕਾਂ ਨੂੰ  ਕੈਪਟਨ ਨੇ ਮਨਾ ਲਿਆ ਹੈ ਅਤੇ ਇਸ ਸਮੇਂ ਬਹੁਤੇ ਮੰਤਰੀਆਂ ਤੇ ਵਿਧਾਇਕਾਂ ਦੀ ਸੁਰ ਨਰਮ ਹੋਣ ਲੱਗੀ ਹੈ | ਭਾਵੇਂ ਕਿ ਲਾਬਿੰਗ ਅਤੇ ਗਰੁਪਾਂ 'ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ |
ਡਾ. ਰਾਜ ਕੁਮਾਰ ਵੇਰਕਾ ਤੇ ਕੁੱਝ ਹੋਰ ਵਿਧਾਇਕ ਵੀ ਨਾਰਾਜ਼ ਮੈਂਬਰਾਂ ਨੂੰ  ਮਨਾਉਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਹੁਣ ਤਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੀ ਸੱਭ ਅਟਕਲਾਂ ਨੂੰ  ਦਰਕਿਨਾਰ ਕਰ ਕੇ ਮੁੱਖ ਮੰਤਰੀ ਦੇ ਪੱਖ 'ਚ ਖੜ ਗਏ ਹਨ | ਬੀਤੇ ਦਿਨੀਂ ਦਲਿਤ ਵਿਧਾਇਕਾਂ ਦੀ ਮੀਟਿੰਗ ਨੂੰ  ਵੀ ਨਾਰਾਜ਼ਗੀ ਦੂਰ ਕਰਨ ਦੀ ਕੋਸ਼ਿਸ਼ ਦੀ ਇਕ ਕੜੀ ਦਸਿਆ ਜਾ ਰਿਹਾ ਹੈ | ਸੂਤਰਾਂ ਦੀ ਮੰਨੀਏ ਤਾਂ ਡਾ. ਵੇਰਕਾ ਨੇ ਅੱਜ ਵੀ ਅੰਮਿ੍ਤਸਰ ਖੇਤਰ ਦੇ ਕੁੱਝ ਵਿਧਾਇਕਾਂ ਨਾਲ ਮੀਟਿੰਗ ਕੀਤੀ ਹੈ | ਤਿੰਨ ਮੰਤਰੀ ਬਹ੍ਰਮ ਮਹਿੰਦਰਾ, ਸਾਧੂ ਸਿੰਘ ਧਰਮਸੋਤ ਅਤੇ ਸੁੰਦਰ ਸ਼ਾਮ ਅਰੋੜਾ ਤਾਂ ਪਹਿਲਾਂ ਹੀ ਮੁੱਖ ਮੰਤਰੀ ਨਾਲ ਖੜਦਿਆਂ ਨਵਜੋਤ ਸਿੱਧੂ ਨੂੰ  ਪਾਰਟੀ 'ਚੋਂ ਕੱਢਣ ਦੀ ਮੰਗ ਕਰ ਚੁੱਕੇ ਹਨ ਅਤੇ ਚਾਰ ਹੋਰ ਮੰਤਰੀਆਂ ਨੇ ਵੀ ਨਵਜੋਤ ਸਿੱਧੂ ਨੂੰ  ਪਾਰਟੀ 'ਚੋਂ ਤੁਰਤ ਕੱਢਣ ਦੀ ਮੰਗ ਕਰ ਦਿਤੀ ਹੈ | ਕੁੱਝ ਮੰਤਰੀ ਹਾਲੇ ਵਿਚ-ਵਿਚਾਲੇ ਹਨ ਤੇ ਹਾਈਕਮਾਨ ਦੇ ਰੁਖ਼ ਵਲ ਵੇਖ ਰਹੇ ਹਨ |
ਅੱਜ ਚਾਰ ਹੋਰ ਮੰਤਰੀਆਂ ਬਲਬੀਰ ਸਿੰਘ ਸਿੱਧੂ, ਵਿਜੈਇੰਦਰ ਸਿੰਗਲਾ, ਭਾਰਤ ਭੂਸ਼ਨ ਆਸ਼ੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੇਲੋੜਾ ਟਕਰਾਅ ਪੈਦਾ ਕਰਨ ਵਾਲੇ ਪਾਰਟੀ ਦੇ ਹੀ ਵਿਧਾਇਕ ਵਿਰੁਧ ਸਖ਼ਤ ਰੁਖ਼ ਅਪਣਾਉਂਦਿਆਂ ਪਾਰਟੀ ਹਾਈ ਕਮਾਂਡ ਕੋਲ ਨਵਜੋਤ ਸਿੱਧੂ ਵਿਰੁਧ ਸਖ਼ਤ ਅਨੁਸ਼ਾਸਨੀ ਕਾਰਵਾਈ ਕਰਨ ਦੀ ਮੰਗ ਰੱਖੀ |
ਉਨ੍ਹਾਂ ਸਿੱਧੂ ਵਲੋਂ ਉਤੇਜਕ ਹੋ ਕੇ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਉਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲਿਆਂ ਨੂੰ  ਕਾਂਗਰਸ ਲਈ ਤਬਾਹੀ ਦਾ ਸੱਦਾ ਦਸਦਿਆਂ ਕਿਹਾ ਕਿ ਸਿੱਧੂ ਅਤੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਵਿਚਾਲੇ ਆਪਸੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ |
ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਉਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲੇ ਸੂਬੇ ਵਿਚ ਅਪਣੇ ਚੁਣਾਵੀ ਏਜੰਡੇ ਨੂੰ  ਅੱਗੇ ਵਧਾਉਣ ਲਈ ਪੰਜਾਬ ਕਾਂਗਰਸ ਵਿੱਚ ਸਮੱਸਿਆ ਪੈਦਾ ਕਰਨ ਲਈ ਆਪ ਜਾਂ ਭਾਜਪਾ ਆਗੂਆਂ ਵਲੋਂ ਉਕਸਾਅ ਕੇ ਕਰਵਾਏ ਜਾ ਰਹੇ ਹੋਣ | 

ਉਨ੍ਹਾਂ ਕਿਹਾ, ''ਜਿਸ ਤਰੀਕੇ ਨਾਲ ਸਿੱਧੂ ਵੱਲੋਂ ਸੂਬਾ ਸਰਕਾਰ ਖਾਸ ਕਰਕੇ ਕੈਪਟਨ ਅਮਰਿੰਦਰ ਵਿਰੁਧ ਹਮਲਾਵਰ ਢੰਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਤੋਂ ਤਾਂ ਮੁੱਖ ਮੰਤਰੀ ਵਿਰੁਧ ਸਾਜਸ਼ ਦਾ ਹੀ ਅਨੁਮਾਨ ਲਗਦਾ ਹੈ |''
ਸਿੱਧੂ ਦੇ ਵਿਵਾਦਪੂਰਨ ਬਿਆਨਾਂ ਦੇ ਰਿਕਾਰਡ ਵਲ ਇਸ਼ਾਰਾ ਕਰਦਿਆਂ ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਸਾਬਕਾ ਕਿ੍ਕਟਰ ਸਪੱਸ਼ਟ ਤੌਰ 'ਤੇ ਅਪਣੇ ਲਈ ਬੱਲੇਬਾਜ਼ੀ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਅਤੇ ਉਸ ਵਿਚ ਟੀਮ ਭਾਵਨਾ ਦੀ ਘਾਟ ਹੈ | ਇਹ ਉਹ ਗੁਣ ਹੈ ਜਿਸ ਨੂੰ  ਉਨ੍ਹਾਂ ਨੇ ਰਾਜਨੀਤਕ ਖੇਤਰ ਵਿਚ ਇਕ ਤੋਂ ਵੱਧ ਵਾਰ ਉਜਾਗਰ ਕੀਤਾ | ਵਿਧਾਇਕ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਜਿਸ ਥਾਲੀ ਵਿਚ ਖਾਣਾ, ਉਸੇ ਵਿਚ ਛੇਕ ਕਰਨ ਦੀ ਉਸ ਦੀ ਆਦਤ ਕਾਰਨ ਉਸ ਨੇ ਅਪਣੀ ਸਾਬਕਾ ਪਾਰਟੀ ਵਿਚ ਅਪਣੀ ਅਹਿਮੀਅਤ ਗੁਆ ਲਈ ਹੈ |