ਪੰਜਾਬ ਤੋਂ ਕਿਸਾਨਾਂ ਦੇ ਸੈਂਕੜੇ ਕਾਫ਼ਲੇ ਸਿੰਘੂ ਅਤੇ ਟਿਕਰੀ ਬਾਰਡਰ ਪਹੁੰਚੇ
ਪੰਜਾਬ ਤੋਂ ਕਿਸਾਨਾਂ ਦੇ ਸੈਂਕੜੇ ਕਾਫ਼ਲੇ ਸਿੰਘੂ ਅਤੇ ਟਿਕਰੀ ਬਾਰਡਰ ਪਹੁੰਚੇ
ਕਿਸਾਨ ਆਗੂਆਂ ਨੇ ‘ਸਰਹਿੰਦ ਫ਼ਤਹਿ ਦਿਵਸ’ ਮਨਾਇਆ
ਲੁਧਿਆਣਾ, 12 ਮਈ (ਪ੍ਰਮੋਦ ਕੌਸ਼ਲ): ਪੰਜਾਬ ਤੋਂ ਸੈਂਕੜੇ ਕਿਸਾਨਾਂ ਦੇ ਕਾਫ਼ਲੇ ਅੱਜ ਸਿੰਘੂ ਅਤੇ ਟਿਕਰੀ ਬਾਰਡਰ ਪਹੁੰਚੇ। ਕਿਸਾਨਾਂ ਨੇ ‘ਸਰਹਿੰਦ ਫ਼ਤਿਹ ਦਿਵਸ’ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਦਿਆਂ ਖੇਤੀ-ਕਾਨੂੰਨ ਰੱਦ ਕਰਵਾਉਣ ਤਕ ਡਟੇ ਰਹਿਣ ਦਾ ਪ੍ਰਣ ਕੀਤਾ। ਕਿਸਾਨ-ਆਗੂਆਂ ਨੇ ਕਿਹਾ ਕਿ ਅੱਜ ਕਿਸਾਨੀ-ਧਰਨਿਆਂ ’ਚ ਸਰਹਿੰਦ ਫ਼ਤਿਹ ਦਿਵਸ ਮਨਾਇਆ ਗਿਆ।
ਕਿਸਾਨੀ-ਧਰਨਿਆਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਇਤਿਹਾਸਕ ਕਾਰਨਾਮਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ 12 ਮਈ 1710 ਈਸਵੀਂ ਨੂੰ ਮੁਗ਼ਲ ਫ਼ੌਜਾਂ ਨਾਲ ਟੱਕਰ ਲਈ ਸੀ ਇਸੇ ਕਰ ਕੇ ਚੱਪੜਚਿੜੀ ਦੇ ਮੈਦਾਨ ’ਚੋਂ ਨਵਾਂ ਸਮਾਜ ਸਿਰਜਣ ਲਈ ਸੰਘਰਸ਼ ਕੀਤਾ ਸੀ ਅਤੇ ਸੂਬਾ ਸਰਹਿੰਦ ਨੂੰ ਮੌਤ ਦੇ ਘਾਟ ਉਤਾਰ ਕੇ ਜਿਥੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦਾ ਬਦਲਾ ਲਿਆ, ਉੱਥੇ ਸੈਂਕੜੇ ਸਾਲਾਂ ਦੀ ਗੁਲਾਮੀ ਤੋਂ ਬਾਅਦ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰ ਕੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਦੀ ਮਾਲਕੀ ਦੇ ਅਧਿਕਾਰ ਦਿਤੇ ਗਏ ਸੀ। ਉਹ ਪੰਜਾਬ ਦੀ ਧਰਤੀ ’ਤੇ ‘ਜ਼ਮੀਨ ਹਲਵਾਹਕ’ ਦਾ ਨਾਹਰਾ ਬੁਲੰਦ ਕਰਨ ਵਾਲੇ ਅਤੇ ਹਜ਼ਾਰਾਂ ਏਕੜ ਜ਼ਮੀਨਾਂ ਦੇ ਮਾਲਕ ਜਗੀਰਦਾਰਾਂ ਕੋਲੋਂ ਜ਼ਮੀਨਾਂ ਖੋਹ ਕੇ ਕਾਸ਼ਤਕਾਰਾਂ ਵਿਚ ਵੰਡ ਪਹਿਲੇ ਬਰਾਬਰਤਾ ਵਾਲੇ ਸਮਾਜ ਦੀ ਨੀਂਹ ਰੱਖਣ ਵਾਲੇ ਸਿੱਖ ਜਰਨੈਲ ਸਨ। ਗਾਜ਼ੀਪੁਰ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚਾ ਨੇ 1857-ਵਿਦਰੋਹ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਹੀਦ ਮੰਗਲ ਪਾਂਡੇ ਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਬੁਲਾਰਿਆਂ ਨੇ ਕਿਹਾ ਕਿ ਉਹ ਤਿੰਨ ਕਾਨੂੰਨ ਜੋ ਸਰਕਾਰ ਲੈ ਕੇ ਆਈ ਹੈ ਅਤੇ ਜੋ ਸਰਕਾਰ ਐਮਐਸਪੀ ਦੀ ਗਰੰਟੀ ਨਹੀਂ ਦੇਣਾ ਚਾਹੁੰਦੀ, ਸਾਰੀ ਖੇਤੀ ਬਰਬਾਦ ਕਰ ਦੇਵੇਗੀ ਅਤੇ ਵੱਡੀਆਂ ਕਾਰਪੋਰੇਟ ਅਤੇ ਵਿਦੇਸ਼ੀ ਕੰਪਨੀਆਂ ਦੇ ਹੱਥ ਵਿਚ ਜਾਵੇਗੀ। ਬੁਲਾਰਿਆਂ ਵਿਚ ਡਾ: ਅਸੀਸ ਮਿੱਤਲ, ਡੀ.ਪੀ.ਸਿੰਘ, ਧਰਮਪਾਲ ਸਿੰਘ, ਬਲਜਿੰਦਰ ਸਿੰਘ ਮਾਨ, ਬਿੰਦੂ ਅਮੀਨੀ, ਮਹਾਦੇਵ ਚਤੁਰਵੇਦੀ ਆਦਿ ਗਾਜ਼ੀਪੁਰ ਸਰਹੱਦ ਦੇ ਆਗੂ ਸ਼ਾਮਲ ਸਨ। ਮੰਚ ਸੰਚਾਲਨ ਓਮਪਾਲ ਮਲਿਕ ਨੇ ਕੀਤਾ। ਪੰਜਾਬ ਹਰਿਆਣਾ ਦੇ ਕਿਸਾਨ ਲਗਾਤਾਰ ਮੋਰਚਿਆਂ ’ਚ ਪਹੁੰਚ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਕਿੰਨੀ ਵੀ ਬੇਰਹਿਮੀ ਕਿਉਂ ਨਾ ਹੋਵੇ, ਮੰਗਾਂ ਪੂਰੀਆਂ ਹੋਣ ’ਤੇ ਹੀ ਕਿਸਾਨ ਅਪਣਾ ਅੰਦੋਲਨ ਖ਼ਤਮ ਕਰਨਗੇ।