ਸੰਤ ਬਾਬਾ ਗੁਰਦਿਆਲ ਸਿੰਘ ਨੇ ਕੀਤੀ ਕੋਰੋਨਾ ਮਰੀਜਾਂ ਲਈ ਫ੍ਰੀ ਐਂਬੂਲੈਂਸ ਤੇ ਆਕਸੀਜਨ ਦੀ ਸੇਵਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਲਾਕੇ ਦੇ ਹਸਪਤਾਲ ਅਤੇ ਘਰਾਂ ਆਦਿ ‘ਚੋਂ ਜਲੰਧਰ-ਹੁਸ਼ਿਆਰਪੁਰ ‘ਚ ਬਣੇ ਕੋਵਿਡ ਸੈਂਟਰਾਂ ਤੱਕ ਪਹੁੰਚਾਉਣ ਸਮੇਂ ਆਕਸੀਜਨ ਦੀ ਸੇਵਾ ਵੀ ਮੁਫ਼ਤ ਦੇਵੇਗੀ ਐਂਬੂਲੈਂਸ 

Sant Baba Gurdial Singh provided free ambulance and oxygen service to Corona patients

ਟਾਂਡਾ ਉੜਮੁੜ (ਅੰਮ੍ਰਿਤਪਾਲ ਬਾਜਵਾ)-  ਕੋਰੋਨਾ ਮਰੀਜ਼ਾਂ ਦੀ ਸੇਵਾ ਅਤੇ ਮਨੁੱਖਤਾ ਦੇ ਭਲੇ ਲਈ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਬਾਬਾ ਬਲਵੰਤ ਸਿੰਘ ਮੈਮੋਰੀਅਲ ਹਸਪਤਾਲ ਨੇ ਇੱਕ ਨਵੇਕਲੀ ਪਹਿਲ ਕਰਦੇ ਹੋਏ ਫ੍ਰੀ ਆਕਸੀਜਨ ਔਨ ਵੀਲਸ ਦੀ ਮੁਹਿੰਮ ਦੀ ਆਰੰਭਤਾ ਕੀਤੀ ਹੈ। ਇਸ ਮੁਹਿੰਮ ਤਹਿਤ ਕੋਰੋਨਾ ਮਰੀਜਾਂ ਲਈ ਐਂਬੂਲੈਂਸ ਰਵਾਨਾ ਕਰਦਿਆਂ ਸੰਤ ਬਾਬਾ ਗੁਰਦਿਆਲ ਸਿੰਘ ਜੀ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਇਹ ਐਂਬੂਲੈਂਸ ਰਾਹੀਂ ਕੋਰੋਨਾ ਦੇ ਮਰੀਜ਼ਾਂ ਨੂੰ ਬਚਾਉਣ ਲਈ ਇਕ ਵੱਡਾ ਮੀਲ ਦਾ ਪੱਥਰ ਸਾਬਿਤ ਹੋਵੇਗੀ।

ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਭਰ ਅੰਦਰੋਂ ਕਰੋਨਾ ਦੇ ਮਰੀਜ਼ਾਂ ਨੂੰ ਕੋਵਿਡ ਸੈਂਟਰਾਂ ਤੱਕ ਪਹੁੰਚਾਉਣ ਲਈ ਐਂਬੂਲੈਂਸਾ ਵੱਲੋਂ ਲੱਖਾਂ ਰੁਪਏ ਕਿਰਾਏ ਵਜੋਂ ਹਾਸਲ ਕਰਕੇ ਕਥਿਤ ਤੌਰ ਉੱਤੇ ਮਰੀਜ਼ਾਂ ਦੀ ਲੁੱਟ ਕੀਤੀ ਜਾਂਦੀ ਸੀ, ਜਿਸ ਮਗਰੋਂ ਇਸ ਮੁਹਿੰਮ ਤਹਿਤ ਕੋਰੋਨਾ ਦੇ ਮਰੀਜ਼ਾਂ ਲਈ ਸੁਵਿਧਾ ਪ੍ਰਦਾਨ ਕਰਦੇ ਹੋਏ ਕਿਹਾ ਕਿ ਇਹ ਐਂਬੂਲੈਂਸ ਕੋਰੋਨਾ ਮਰੀਜ਼ਾਂ ਦੀ ਨਾ ਸਿਰਫ਼ ਮੁਫ਼ਤ ਸੇਵਾ ਕਰੇਗੀ ਸਗੋਂ ਆਪੋ-ਆਪਣੇ ਇਲਾਕੇ ਦੇ ਹਸਪਤਾਲ ਅਤੇ ਘਰਾਂ ਆਦਿ ‘ਚੋਂ ਜਲੰਧਰ-ਹੁਸ਼ਿਆਰਪੁਰ ‘ਚ ਬਣੇ ਕੋਵਿਡ ਸੈਂਟਰਾਂ ਤੱਕ ਪਹੁੰਚਾਉਣ ਸਮੇਂ ਆਕਸੀਜਨ ਦੀ ਸੇਵਾ ਵੀ ਮੁਫ਼ਤ ਦੇਵੇਗੀ। 

ਆਕਸੀਜਨ ਅਤੇ ਐਂਬੂਲੈਂਸ ਦੀ ਫ੍ਰੀ ਸੇਵਾ ਦੀ ਆਰੰਭਤਾ ਮੌਕੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਨੇ ਹੋਰ ਡਾਕਟਰਾਂ ਦੀ ਹਾਜ਼ਰੀ ਵਿਚ ਕਿਹਾ ਕਿ ਸੰਤ ਬਾਬਾ ਗੁਰਦਿਆਲ ਸਿੰਘ ਜੀ ਦਾ ਇਹ ਕਦਮ ਮਨੁੱਖਤਾ ਨੂੰ ਸਮਰਪਿਤ ਹੈ ਅਤੇ ਕੋਰੋਨਾ ਦੇ ਮਰੀਜ਼ਾਂ ਨੂੰ ਕੋਵਿਡ ਸੈਂਟਰਾਂ ਵਿਚ ਪਹੁੰਚਾਉਣ ਲਈ ਆਕਸੀਜਨ ਸਮੇਤ ਐਂਬੂਲੈਂਸ ਦੀ ਫ੍ਰੀ ਸੇਵਾ ਕੋਰੋਨਾ ਦੇ ਮਰੀਜ਼ਾਂ ਲਈ ਵਰਦਾਨ ਸਾਬਿਤ ਹੋਵੇਗੀ। ਇਸ ਮੌਕੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਸਿਵਲ ਸਰਜਨ ਡਾ. ਰਣਜੀਤ ਸਿੰਘ, ਐੱਸ.ਐੱਮ.ਓ ਡਾ. ਪ੍ਰੀਤ ਮਹਿੰਦਰ ਸਿੰਘ, ਡਾ. ਦਵਿੰਦਰ ਸਿੰਘ, ਡਾ. ਬਲਰਾਜ ਤੋਂ ਇਲਾਵਾ ਹੋਰ ਡਾਕਟਰਾਂ ਅਤੇ ਸਟਾਫ਼ ਦਾ ਸਨਮਾਨ ਕੀਤਾ।