ਕੋਰੋਨਾ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇ: ਚੀਮਾ
ਸਿਹਤ ਸੇਵਾਵਾਂ ਲਈ ਰੱਖੇ ਸਾਲਾਨਾ ਬਜਟ ਵਿੱਚ ਵਾਧਾ ਕਰਕੇ ਇਸ ਨੂੰ 25 ਫ਼ੀਸਦੀ ਕੀਤਾ ਜਾਵੇ
ਚੰਡੀਗੜ੍ਹ - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਸਿਹਤ ਸੇਵਾਵਾਂ ਲਈ ਰੱਖੇ ਸਾਲਾਨਾ ਬਜਟ ਵਿੱਚ ਵਾਧਾ ਕਰਕੇ ਇਸ ਨੂੰ 25 ਫ਼ੀਸਦੀ ਕੀਤਾ ਜਾਵੇ, ਤਾਂ ਜੋ ਕੋਰੋਨਾ ਮਹਾਮਾਰੀ ਕਾਰਨ ਸੂਬੇ 'ਚ ਬਣੇ ਮਾੜੇ ਹਾਲਾਤ ਨਾਲ ਸੁਚੱਜੇ ਢੰਗ ਨਾਲ ਨਜਿੱਠਿਆ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਇਸ ਮਹਾਮਾਰੀ ਨਾਲ ਨਜਿੱਠਣ ਲਈ ਰਣਨੀਤੀ ਬਣਾਉਣ ਦੇ ਮਨਸੂਬੇ ਨਾਲ ਜਲਦ ਤੋਂ ਜਲਦ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਇਸ ਉਪਰ ਚਰਚਾ ਕਰਨੀ ਚਾਹੀਦੀ ਹੈ। ਵੀਰਵਾਰ ਨੂੰ ਜਾਰੀ ਇੱਕ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੋਰੋਨਾ ਵਾਇਰਸ ਨੇ ਭਾਰਤ ਦੇ ਹੋਰਨਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਸਮੇਤ ਪੰਜਾਬ ਨੂੰ ਵੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਪੰਜਾਬ ਭਾਰਤ ਦਾ ਧਨੀ ਅਤੇ ਮਹੱਤਵਪੂਰਨ ਸੂਬਾ ਹੋਣ ਦੇ ਬਾਵਜੂਦ ਵੀ ਇੱਥੇ ਸਿਹਤ ਸੇਵਾਵਾਂ ਦਾ ਬਹੁਤ ਮਾੜਾ ਹਾਲ ਹੈ।
ਉਨ੍ਹਾਂ ਕਿਹਾ ਕਿ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਕਾਰਨ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਿੱਚ ਹਰ ਰੋਜ ਵਾਧਾ ਹੋ ਰਿਹਾ ਹੈ। ਸੂਬੇ 'ਚ 4. 50 ਲੱਖ ਤੋਂ ਜ਼ਿਆਦਾ ਕੋਰੋਨਾ ਪੀੜਤ ਮਰੀਜ਼ ਹੋ ਗਏ ਹਨ ਅਤੇ ਮੌਤ ਦਾ ਅੰਕੜਾ 11 ਹਜ਼ਾਰ ਦੇ ਤੱਕ ਪਹੁੰਚ ਗਿਆ ਹੈ ਅਤੇ ਕੋਰੋਨਾ ਪੀੜਤਾਂ ਦੀ ਮੌਤ ਦਰ ਦੇਸ਼ ਦੀ ਔਸਤ ਨਾਲੋਂ ਬਹੁਤ ਜ਼ਿਆਦਾ ਹੈ, ਜੋ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਚੀਮਾ ਨੇ ਕਿਹਾ ਕੋਰੋਨਾ ਮਹਾਮਾਰੀ ਕਾਰਨ ਭਾਵੇਂ ਸਰਕਾਰ ਨੇ ਵਿਦਿਆਰਥੀਆਂ ਦਾ ਸਕੂਲ ਆਉਣਾ ਬੰਦ ਕੀਤਾ ਹੋਇਆ ਹੈ, ਪਰ ਅਧਿਆਪਕਾਂ ਨੂੰ ਸਕੂਲ ਆਉਣ ਲਈ ਮਜਬੂਰ ਕਰਨਾ ਨਾਇਨਸਾਫ਼ੀ ਹੈ।
ਇਸ ਲਈ ਸਮੂਹ ਅਧਿਆਪਕਾਂ ਨੂੰ ਸਕੂਲ ਬੁਲਾਉਣਾ ਬੰਦ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਆਨਲਾਇਨ ਪ੍ਰਣਾਲੀ ਨਾਲ ਪੜ੍ਹਾਉਣ ਦੇ ਆਦੇਸ਼ ਦਿੱਤੇ ਜਾਣ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਕੋਰੋਨਾ ਮਹਾਮਾਰੀ ਕਾਰਨ ਹਾਲਤ ਬਦ ਤੋਂ ਬਦਤਰ ਹੋ ਰਹੇ ਹਨ, ਜਿਸ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਜ਼ਿੰਮੇਵਾਰ ਹੈ। ਅੱਜ ਸੂਬੇ 'ਚ ਆਲਮ ਇਹ ਹੈ ਕਿ ਸਰਕਾਰੀ ਹਸਪਤਾਲਾਂ ਦੀਆਂ ਇਮਾਰਤਾਂ ਤਾਂ ਦਿਖਾਈ ਦਿੰਦੀਆਂ ਹਨ
ਪਰ ਇਨ੍ਹਾਂ ਇਮਾਰਤਾਂ ਵਿੱਚ ਇਲਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਦੀ ਕਮੀ ਦੇ ਨਾਲ ਨਾਲ ਜੀਵਨ ਰੱਖਿਅਕ ਉਪਕਰਨਾਂ, ਆਕਸੀਜਨ ਗੈਸ ਅਤੇ ਦਵਾਈਆਂ ਦੀ ਵੀ ਘਾਟ ਬਣੀ ਹੋਈ ਹੈ। ਜਦੋਂ ਕਿ ਪਿਛਲੇ ਸਾਲ ਦੀ ਕੋਰੋਨਾ ਲਹਿਰ ਤੋਂ ਸਰਕਾਰ ਨੂੰ ਸਬਕ ਲੈਣਾ ਚਾਹੀਦਾ ਸੀ ਅਤੇ ਇਸ ਮਹਾਮਾਰੀ ਦੇ ਟਾਕਰੇ ਲਈ ਪਹਿਲਾਂ ਹੀ ਸੁਚੱਜੇ ਪ੍ਰਬੰਧ ਕਰਨੇ ਚਾਹੀਦੇ ਸਨ। ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸਹੂਲਤਾਂ ਲਈ ਰੱਖਿਆ ਬਜਟ ਬਹੁਤ ਹੀ ਘੱਟ ਹੈ ਅਤੇ ਕੋਰੋਨਾ ਦੇ ਪ੍ਰਭਾਵ ਨੂੰ ਦੇਖਦਿਆਂ ਇਸ ਬਜਟ ਨੂੰ ਵਧਾ ਸੂਬੇ ਦੇ ਕੁੱਲ ਬਜਟ ਦਾ 25 ਫੀਸਦੀ ਕੀਤਾ ਜਾਵੇ, ਤਾਂ ਜੋ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਨੂੰ ਵਧਾ ਕੇ ਲੋਕਾਂ ਦੀ ਜਾਨ ਬਚਾਈ ਜਾ ਸਕੇ।