ਭਗਵੰਤ ਮਾਨ ਵਲੋਂ ਡੀ.ਸੀ. ਤੇ ਪੁਲਿਸ ਅਫ਼ਸਰਾਂ ਨਾਲ ਮੀਟਿੰਗ 'ਚ ਡਰੱਗ ਮਾਫ਼ੀਏ ਦੀਆਂ ਵੱਡੀਆਂ ਮੱਛੀਆਂ ਕਾਬੂ ਕਰਨ ਦੇ ਹੁਕਮ

ਏਜੰਸੀ

ਖ਼ਬਰਾਂ, ਪੰਜਾਬ

ਭਗਵੰਤ ਮਾਨ ਵਲੋਂ ਡੀ.ਸੀ. ਤੇ ਪੁਲਿਸ ਅਫ਼ਸਰਾਂ ਨਾਲ ਮੀਟਿੰਗ 'ਚ ਡਰੱਗ ਮਾਫ਼ੀਏ ਦੀਆਂ ਵੱਡੀਆਂ ਮੱਛੀਆਂ ਕਾਬੂ ਕਰਨ ਦੇ ਹੁਕਮ

image

 

ਆਪੋ-ਅਪਣੇ ਅਧਿਕਾਰ ਖੇਤਰ 'ਚ ਪੁਲਿਸ ਅਧਿਕਾਰੀ ਢਿੱਲਮਠ ਲਈ ਜ਼ਿੰਮੇਵਾਰ ਹੋਣਗੇ

ਚੰਡੀਗੜ੍ਹ, 12 ਮਈ (ਭੁੱਲਰ) : ਪੰਜਾਬ ਵਿਚ ਨਸ਼ਿਆਂ ਦੀ ਅਲਾਮਤ ਨੂੰ  ਨੱਥ ਪਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਦੇ ਸਮੂਹ ਐਸ.ਐਸ.ਪੀਜ਼ /ਪੁਲਿਸ ਕਮਿਸ਼ਨਰਾਂ ਨੂੰ  ਡਰੱਗ ਮਾਫੀਆ ਚਲਾ ਰਹੀਆਂ ਵੱਡੀਆਂ ਮੱਛੀਆਂ ਨੂੰ  ਕਾਬੂ ਕਰਨ ਵਾਸਤੇ ਸਾਂਝੀ ਕਾਰਵਾਈ ਵਿੱਢਣ ਲਈ ਨਸ਼ਾ ਵਿਰੋਧੀ ਟਾਸਕ ਫੋਰਸ (ਐਸ.ਟੀ.ਐਫ.) ਨਾਲ ਤਾਲਮੇਲ ਕਰ ਕੇ ਕੰਮ ਕਰਨ ਦੇ ਹੁਕਮ ਦਿੱਤੇ |
ਅੱਜ ਸਵੇਰੇ ਇੱਥੇ ਪੰਜਾਬ ਭਵਨ ਵਿਖੇ ਡਿਪਟੀ ਕਮਿਸਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਦੀ ਉੱਚ ਪਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ ਜੇਕਰ ਸੂਬੇ ਦੇ ਕਿਸੇ ਵੀ ਹਿੱਸੇ ਤੋਂ ਨਸ਼ੇ ਦੀ ਸਪਲਾਈ ਦੀ ਕੋਈ ਵੀ ਘਟਨਾ ਉਨ੍ਹਾਂ ਦੇ ਧਿਆਨ ਵਿਚ ਆਉਂਦੀ ਹੈ ਤਾਂ ਇਸ ਲਈ ਸਿੱਧੇ ਤੌਰ 'ਤੇ ਸਬੰਧਤ ਐਸ.ਐਸ.ਪੀ. ਜਾਂ ਪੁਲਿਸ ਕਮਿਸ਼ਨਰ ਦੀ ਜਵਾਬਦੇਹੀ ਤੈਅ ਹੋਵੇਗੀ | ਮੁੱਖ ਮੰਤਰੀ ਨੇ ਪੁਲਿਸ ਅਧਿਕਾਰੀਆਂ ਨੂੰ  ਇਹ ਵੀ ਕਿਹਾ ਕਿ ਜੇਕਰ ਕਿਸੇ ਵਿਅਕਤੀ ਵਲੋਂ ਨਸ਼ਿਆਂ ਦੀ ਤਸਕਰੀ ਬਾਰੇ ਕੋਈ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤਾਂ ਉਸ ਉਪਰ ਤੁਰੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਕਿਸੇ ਵੀ ਕੀਮਤ 'ਤੇ ਕੋਈ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਕਿਉਂਕਿ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਨੌਜਵਾਨਾਂ ਨੂੰ  ਬਚਾਉਣ ਲਈ ਇਸ ਦੀ ਸਪਲਾਈ ਲਾਈਨ ਨੂੰ  ਤੋੜਨਾ ਪਵੇਗਾ |
ਸੂਬੇ ਭਰ ਵਿਚ ਨਸ਼ਾ ਤਸਕਰਾਂ ਵਿਰੁਧ ਸ਼ਿਕੰਜਾ ਕੱਸਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਿਰਧਾਰਤ ਸਮੇਂ ਦੌਰਾਨ ਖਾਸ ਕਰ ਕੇ ਵਪਾਰਕ ਵਸੂਲੀ ਦੇ ਮਾਮਲਿਆਂ ਵਿਚ ਚਲਾਨ ਪੇਸ਼ ਨਾ ਹੋਣ ਕਾਰਨ ਜ਼ਮਾਨਤ ਹੋ ਜਾਣ ਦੀ ਸੂਰਤ ਵਿਚ ਸਖਤ ਕਾਰਵਾਈ ਕੀਤੀ ਜਾਵੇਗੀ |
ਭਗਵੰਤ ਮਾਨ ਨੇ ਸਿਹਤ ਅਤੇ ਪੁਲਿਸ ਵਿਭਾਗਾਂ ਨੂੰ  ਮਾਮੂਲੀ ਅਪਰਾਧੀਆਂ ਪ੍ਰਤੀ ਸੁਧਾਰਵਾਦੀ ਪਹੁੰਚ ਅਪਣਾਉਣ ਉਤੇ ਧਿਆਨ ਕੇਂਦਰਿਤ ਕਰਨ ਲਈ ਨੇੜਿਓਾ ਤਾਲਮੇਲ ਨਾਲ ਕੰਮ ਕਰਨ ਲਈ ਕਿਹਾ | ਉਨ੍ਹਾਂ ਦਸਿਆ ਕਿ ਨਸੇ ਵਿਚ ਗ੍ਰਸਤ ਲੋਕਾਂ ਨੂੰ  ਉਨ੍ਹਾਂ ਦੀ ਰਿਹਾਇਸ ਤੋਂ 5 ਤੋਂ 6 ਕਿਲੋਮੀਟਰ ਦੇ ਦਾਇਰੇ ਵਿੱਚ ਇਲਾਜ ਲਈ ਸੁਖਾਲੀ ਪਹੁੰਚ ਪ੍ਰਾਪਤ ਕਰਨ ਲਈ ਓ.ਓ.ਏ.ਟੀ. ਕਲੀਨਿਕਾਂ ਦੀ ਗਿਣਤੀ ਮੌਜੂਦਾ 208 ਤੋਂ ਵਧਾ ਕੇ ਤੁਰੰਤ 500 ਕੀਤੀ ਜਾ ਰਹੀ ਹੈ | ਉਨ੍ਹਾਂ ਨੇ ਨਸ਼ੇ ਦੀ ਅਲਾਮਤ ਨੂੰ  ਤਿਆਗ ਚੁੱਕੇ ਨੌਜਵਾਨਾਂ ਦੀਆਂ ਸੇਵਾਵਾਂ ਲੈਣ ਦੀ ਲੋੜ 'ਤੇ ਵੀ ਜੋਰ ਦਿੱਤਾ, ਜਿਸ ਤਹਿਤ ਉਹ ਨਸੇ ਦੇ ਆਦੀ ਲੋਕਾਂ ਨਾਲ ਨਸੇ ਛੱਡਣ ਬਾਰੇ ਆਪਣੇ ਜੀਵਨ ਦੇ ਤਜਰਬਿਆਂ ਨੂੰ  ਸਾਂਝਾ ਕਰਨਗੇ ਜੋ ਉਨ੍ਹਾਂ ਨੂੰ  ਨਸ਼ਿਆਂ ਤੋਂ ਦੂਰ ਰਹਿਣ ਲਈ ਮਦਦਗਾਰ ਸਾਬਤ ਹੋਵੇਗਾ |
ਨਸ਼ਿਆਂ ਦੀ ਰੋਕਥਾਮ ਦੇ ਕਦਮਾਂ ਵਜੋਂ ਭਗਵੰਤ ਮਾਨ ਨੇ ਡਿਪਟੀ ਕਮਿਸ਼ਨਰਾਂ/ਜ਼ਿਲ੍ਹਾ ਪੁਲਿਸ ਮੁਖੀਆਂ ਤੋਂ ਇਲਾਵਾ ਐਸ.ਡੀ.ਐਮਜ ਤੇ ਡੀ.ਐਸ.ਪੀਜ. ਵਲੋਂ ਆਪੋ-ਅਪਣੇ ਅਧਿਕਾਰ ਖੇਤਰ ਵਿੱਚ ਖਾਸ ਕਰ ਕੇ ਵੱਧ ਪ੍ਰਭਾਵਤ ਪਿੰਡਾਂ ਦੇ ਨਿਰੰਤਰ ਦੌਰੇ ਕੀਤੇ ਜਾਣ ਦੀ ਲੋੜ 'ਤੇ ਜ਼ੋਰ ਦਿਤਾ |
ਇਸ ਉਪਰੰਤ ਮੁੱਖ ਮੰਤਰੀ ਨੇ ਡਿਪਟੀ ਕਮਿਸਨਰਾਂ ਨੂੰ  ਝੋਨੇ ਦੀ ਸਿੱਧੀ ਬਿਜਾਈ (ਡੀ.ਐਸ.ਆਰ.) ਦੀ ਤਕਨੀਕ ਨੂੰ  ਉਤਸਾਹਿਤ ਕਰਨ ਲਈ ਵਿਆਪਕ ਪੱਧਰ 'ਤੇ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਤਾਂ ਜੋ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਡਿਗਦੇ ਪੱਧਰ ਨੂੰ  ਬਚਾਇਆ ਜਾ ਸਕੇ |
ਮੀਟਿੰਗ ਵਿੱਚ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਣੂ ਪ੍ਰਸਾਦ, ਵਧੀਕ ਮੁੱਖ ਸਕੱਤਰ ਖੇਤੀਬਾੜੀ ਸਰਵਜੀਤ ਸਿੰਘ, ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ, ਪ੍ਰਮੁੱਖ ਸਕੱਤਰ ਬਿਜਲੀ ਤੇਜਵੀਰ ਸਿੰਘ, ਡੀ.ਜੀ.ਪੀ. ਵੀ.ਕੇ. ਭਾਵਰਾ, ਸਕੱਤਰ ਸਿਹਤ ਤੇ ਪਰਿਵਾਰ ਭਲਾਈ ਅਜੋਏ ਸਰਮਾ, ਨਸ਼ਿਆਂ ਬਾਰੇ ਵਿਸ਼ੇਸ਼ ਟਾਸਕ ਫੋਰਸ ਦੇ ਮੁਖੀ ਹਰਪ੍ਰੀਤ ਸਿੱਧੂ ਅਤੇ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਸਰਾਂ ਹਾਜਰ ਸਨ |