ਚੀਨ 'ਚ ਆਵੇਗੀ ਕੋਰੋਨਾ ਦੀ 'ਸੁਨਾਮੀ', ਜੁਲਾਈ ਤਕ 16 ਲੱਖ ਮੌਤਾਂ ਦਾ ਖ਼ਦਸ਼ਾ : ਅਧਿਐਨ
ਚੀਨ 'ਚ ਆਵੇਗੀ ਕੋਰੋਨਾ ਦੀ 'ਸੁਨਾਮੀ', ਜੁਲਾਈ ਤਕ 16 ਲੱਖ ਮੌਤਾਂ ਦਾ ਖ਼ਦਸ਼ਾ : ਅਧਿਐਨ
ਬੀਜਿੰਗ, 12 ਮਈ : ਚੀਨ ਵਿਚ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ ਤਬਾਹੀ ਮਚਾ ਰਿਹਾ ਹੈ | ਹੁਣ ਇਥੇ ਕੇਸਾਂ ਦੀ 'ਸੁਨਾਮੀ' ਆਉਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ | ਚੀਨ ਦੀ ਫੂਡਾਨ ਯੂਨੀਵਰਸਿਟੀ ਦੇ ਅਨੁਮਾਨ ਮੁਤਾਬਕ ਜੇਕਰ ਚੀਨ ਨੇ ਅਪਣੀ ਜ਼ੀਰੋ ਕੋਵਿਡ ਪਾਲਿਸੀ ਵਿਚ ਢਿੱਲ ਦਿਤੀ ਤਾਂ ਜੁਲਾਈ ਤਕ 16 ਲੱਖ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ | ਫੂਡਾਨ ਯੂਨੀਵਰਸਿਟੀ ਦਾ ਅਧਿਐਨ ਅਜਿਹੇ ਸਮੇਂ ਵਿਚ ਸਾਹਮਣੇ ਆਇਆ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਨੇ ਚੀਨ ਤੋਂ ਜ਼ੀਰੋ ਕੋਵਿਡ ਪਾਲਿਸੀ ਦੀ ਬਜਾਏ ਲਾਗ ਰੋਕਣ ਲਈ ਕੋਈ ਦੂਜਾ ਤਰੀਕਾ ਅਪਨਾਉਣ ਦੀ ਗੱਲ ਕਹੀ ਹੈ |
ਦਸੰਬਰ 2019 ਵਿਚ ਚੀਨ ਦੇ ਵੁਹਾਨ ਵਿਚ ਕੋਰੋਨਾ ਲਾਗ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ | 2020 ਵਿਚ ਜਦੋਂ ਦੁਨੀਆਂ ਭਰ ਵਿਚ ਕੋਰੋਨਾ ਫੈਲਣਾ ਸ਼ੁਰੂ ਹੋਇਆ, ਉਦੋਂ ਚੀਨ ਨੇ ਇਸ ਨੂੰ ਅਪਣੇ ਇਥੇ ਕਾਬੂ ਕਰਨ ਦਾ ਦਾਅਵਾ ਕੀਤਾ ਸੀ | 2021 ਵਿਚ ਵੀ ਜਦੋਂ ਡੈਲਟਾ ਵੇਰੀਐਂਟ ਸਾਹਮਣੇ ਆਇਆ ਸੀ ਤਾਂ ਚੀਨ ਨੇ 14 ਦਿਨ ਵਿਚ ਹੀ ਇਸ 'ਤੇ ਕਾਬੂ ਕਰਨ ਦਾ ਦਾਅਵਾ ਕੀਤਾ ਸੀ ਪਰ ਹੁਣ ਓਮੀਕ੍ਰੋਨ ਵੇਰੀਐਂਟ ਨੇ ਉਸ ਦੇ ਹਾਲਾਤ ਖ਼ਰਾਬ ਕਰ ਦਿਤੇ ਹਨ | ਡੈਲਟਾ ਦੀ ਤੁਲਨਾ ਵਿਚ ਓਮੀਕ੍ਰੋਨ ਕਈ ਗੁਣਾ ਜ਼ਿਆਦਾ ਛੂਤਕਾਰੀ ਹੈ ਅਤੇ ਇਹੀ ਕਾਰਨ ਹੈ ਕਿ ਇਸ ਨੂੰ ਕਾਬੂ ਕਰਨ ਵਿਚ ਸਿਹਤ ਅਧਿਕਾਰੀਆਂ ਦੇ ਪਸੀਨੇ ਛੁੱਟ ਰਹੇ ਹਨ | ਚੀਨ ਵਿਚ ਸੱਭ ਤੋਂ ਖ਼ਰਾਬ ਹਾਲਾਤ ਸ਼ੰਘਾਈ ਵਿਚ ਹਨ | ਇਥੇ 6 ਹਫ਼ਤੇ ਤੋਂ ਸਖ਼ਤ ਤਾਲਾਬੰਦੀ ਲਾਗੂ ਹੈ | 25 ਕਰੋੜ ਤੋਂ ਵਧ ਲੋਕ ਤਾਲਾਬੰਦੀ ਵਿਚ ਰਹਿਣ ਲਈ ਮਜਬੂਰ ਹਨ | ਉਥੇ ਪੂਰੇ ਚੀਨ ਵਿਚ 40 ਕਰੋੜ ਤੋਂ ਵੱਧ ਲੋਕ ਅਜਿਹੇ ਹਨ ਜੋ ਕਿਸੇ ਨਾ ਕਿਸੇ ਪਾਬੰਦੀ ਵਿਚ ਗੁਜ਼ਾਰਾ ਕਰ ਰਹੇ ਹਨ |
ਚੀਨ ਵਿਚ ਓਮੀਕ੍ਰੋਨ ਨਾਲ ਜਾਰੀ ਤਬਾਹੀ ਦੇ ਵਿਚਕਾਰ ਫੂਡਾਨ ਯੂਨੀਵਰਸਿਟੀ ਦੇ ਅਧਿਐਨ ਨੇ ਚਿੰਤਾ ਹੋਰ ਵਧਾ ਦਿਤੀ ਹੈ | ਯੂਨੀਵਰਸਿਟੀ ਦਾ ਕਹਿਣਾ ਹੈ ਕਿ ਜੇਕਰ ਜ਼ੀਰੋ ਕੋਵਿਡ ਪਾਲਿਸੀ ਵਿਚ ਢਿੱਲ ਦਿੱਤੀ ਗਈ ਤਾਂ ਜੁਲਾਈ ਤਕ 16 ਲੱਖ ਤੋਂ ਵੱਧ ਮੌਤਾਂ ਹੋ ਸਕਦੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਅੰਤਮ ਸਸਕਾਰ ਲਈ ਜਗ੍ਹਾ ਘੱਟ ਪੈ ਸਕਦੀ ਹੈ | ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਮਾਰਚ ਵਿਚ ਚਲਾਈ ਗਈ ਟੀਕਾਕਰਨ ਮੁਹਿੰਮ ਓਮੀਕ੍ਰੋਨ ਲਹਿਰ ਨੂੰ ਰੋਕਣ ਲਈ ਜ਼ਰੂਰੀ ਇਮਿਊਨਿਟੀ ਬਣਾਉਣ ਲਈ ਕਾਫ਼ੀ ਨਹੀਂ | ਹਾਲਾਂਕਿ ਖੋਜੀਆਂ ਦਾ ਇਹ ਵੀ ਕਹਿਣਾ ਹੈ ਕਿ ਟੀਕਾਕਰਨ ਦੀ ਗਤੀ ਵਧਾ ਕੇ ਮੌਤਾਂ ਦੀ ਗਿਣਤੀ ਘਟਾਈ ਜਾ ਸਕਦੀ ਹੈ | ਖੋਜੀਆਂ ਦਾ ਇਹ ਵੀ ਕਹਿਣਾ ਹੈ ਕਿ ਓਮੀਕ੍ਰੋਨ ਦੀ ਲਹਿਰ ਵਿਚ ਇਕ ਤਿਹਾਈ ਮੌਤਾਂ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਟੀਕਾਕਰਨ ਨਾ ਕਰਾਉਣ ਵਾਲੇ ਲੋਕਾਂ ਦੀਆਂ ਹੋ ਸਕਦੀਆਂ ਹਨ | ਚੀਨ ਵਿਚ ਹਾਲੇ ਵੀ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ 5 ਕਰੋੜ ਬਜ਼ੁਰਗ ਨੇ ਵੈਕਸੀਨ ਨਹੀਂ ਲਗਵਾਈ ਹੈ |
ਫੂਡਾਨ ਯੂਨੀਵਰਸਿਟੀ ਨੇ ਕੰਪਿਊਟਰ ਮਾਡਲ ਤੋਂ ਅਨੁਮਾਨ ਲਗਾਇਆ ਹੈ ਕਿ ਜੇਕਰ ਕੋਵਿਡ ਪਾਬੰਦੀਆਂ ਵਿਚ ਢਿੱਲ ਦਿਤੀ ਗਈ ਤਾਂ ਇਸ ਨਾਲ ਕੋਰੋਨਾ ਦੀ ਸੁਨਾਮੀ ਆ ਸਕਦੀ ਹੈ | ਅਧਿਐਨ ਮੁਤਾਬਕ ਕੋਵਿਡ ਪਾਬੰਦੀਆਂ ਵਿਚ ਢਿੱਲ ਦੇਣ 'ਤੇ ਮਈ ਤੋਂ ਜੁਲਾਈ ਦੇ ਵਿਚਕਾਰ ਓਮੀਕ੍ਰੋਨ ਦੀ ਲਹਿਰ ਤੇਜ਼ ਹੋ ਜਾਵੇਗੀ | ਅਜਿਹਾ ਹੋਇਆ ਤਾਂ ਇਸ ਦੌਰਾਨ 11.22 ਕਰੋੜ ਤੋਂ ਵੱਧ ਮਾਮਲੇ ਸਾਹਮਣੇ ਆਉਣਗੇ ਅਤੇ 51 ਲੱਖ ਤੋਂ ਵੱਧ ਮਰੀਜ਼ ਹਸਪਤਾਲ ਵਿਚ ਦਾਖ਼ਲ ਹੋਣਗੇ | ਯੂਨੀਵਰਸਿਟੀ ਮੁਤਾਬਕ ਓਮੀਕ੍ਰੋਨ ਦੀ ਲਹਿਰ ਨਾਲ ਚੀਨ ਦੀ ਸਿਹਤ ਵਿਵਸਥਾਵਾਂ 'ਤੇ 16 ਗੁਣਾ ਭਾਰ ਵੱਧ ਜਾਵੇਗਾ | (ਏਜੰਸੀ)